ਜੇਐੱਨਐੱਨ, ਚੰਡੀਗੜ੍ਹ : ਸ਼ਹਿਰ ਦੇ ਬਹੁੁਚਰਚਿਤ ਆਟੋ 'ਚ ਸਮੂਹਿਕ ਜਬਰ ਜਨਾਹ ਦੇ ਮਾਮਲੇ 'ਚ ਪੀੜਤ ਧਿਰ ਨੇ ਅਦਾਲਤ 'ਚ ਦੋਸ਼ੀ ਮੁਹੰਮਦ ਇਰਫਾਨ ਲਈ ਮੌਤ ਦੀ ਸਜ਼ਾ ਜਾਂ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਸੀ, ਜਿਸ ਲਈ ਉਸ ਨੇ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ। ਵੀਰਵਾਰ ਨੂੰ ਅਦਾਲਤ ਨੇ ਮਾਮਲੇ 'ਚ ਦੋਸ਼ੀ 'ਤੇ ਧਾਰਾ 376-ਈ ਵੀ ਲਾ ਦਿੱਤੀ ਹੈ। ਯਾਨੀ ਕਿ ਹੁਣ ਦੋਸ਼ੀ ਇਰਫਾਨ ਨੂੰ ਮੌਤ ਦੀ ਸਜ਼ਾ ਜਾਂ ਫਾਂਸੀ ਦੀ ਸਜ਼ਾ ਮਿਲ ਸਕਦੀ ਹੈ। ਹੁਣ ਅਦਾਲਤ ਸਜ਼ਾ 'ਤੇ ਫ਼ੈਸਲਾ 13 ਅਗਸਤ ਨੂੰ ਸੁਣਾਵੇਗੀ। ਇਸ ਕੇਸ 'ਚ ਦੋ ਮੁਲਜ਼ਮ ਸਨ, ਜਿਨ੍ਹਾਂ ਦੀ ਪਛਾਣ ਮੁਹੰਮਦ ਇਰਫਾਨ ਤੇ ਕਮਲ ਹਸਨ ਵਜੋਂ ਹੋਈ ਸੀ। ਬੁੱਧਵਾਰ ਨੂੰ ਦੋਵਾਂ 'ਤੇ ਸਮੂਹਿਕ ਜਬਰ ਜਨਾਹ ਮਾਮਲੇ 'ਚ ਸਜ਼ਾ ਦਾ ਫ਼ੈਸਲਾ ਆਉਣਾ ਸੀ ਪਰ ਇਸ ਤੋਂ ਪਹਿਲਾਂ ਹੀ ਪੀੜਤ ਧਿਰ ਨੇ ਅਦਾਲਤ 'ਚ ਪਟੀਸ਼ਨ ਦਾਖ਼ਲ ਕਰ ਕੇ ਮੁਹੰਮਦ ਇਰਫਾਨ ਲਈ ਮੌਤ ਦੀ ਸਜ਼ਾ ਜਾਂ ਫਾਂਸੀ ਦੀ ਮੰਗ ਕੀਤੀ ਸੀ। ਪੀੜਤ ਧਿਰ ਨੇ ਆਈਪੀਸੀ ਦੀ ਧਾਰਾ-376 ਈ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਧਾਰਾ ਮੁਤਾਬਕ ਜੇ ਦੋਸ਼ੀ ਪਹਿਲਾਂ ਵੀ ਕਿਸੇ ਜਬਰ ਜਨਾਹ ਦੇ ਕੇਸ 'ਚ ਦੋਸ਼ੀ ਪਾਇਆ ਗਿਆ ਹੋਵੇ ਤਾਂ ਇਸ ਵਾਰ ਉਸ ਦੀ ਸਜ਼ਾ ਉਮਰ ਕੈਦ ਜਾਂ ਮੌਤ ਦੀ ਸਜ਼ਾ ਤੱਕ ਵਧਾਈ ਜਾ ਸਕਦੀ ਹੈ। ਦੋਸ਼ੀ ਨੇ ਪਹਿਲਾਂ ਵੀ 2017 'ਚ ਸਮੂਹਿਕ ਜਬਰ ਜਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਜਿਸ 'ਚ ਅਦਾਲਤ ਨੇ ਉਸ ਨੂੰ ਦੋਸ਼ੀ ਠਹਿਰਾਉਂਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਸੀ।

ਮਾਮਲੇ 'ਚ ਸੈਕਟਰ-49 ਥਾਣਾ ਪੁਲਿਸ ਨੇ ਜ਼ੀਰਕਪੁਰ ਵਾਸੀ ਮੁਹੰਮਦ ਇਰਫਾਨ ਨੂੰ ਚੰਡੀਗੜ੍ਹ ਤੋਂ ਹੀ ਗਿ੍ਫ਼ਤਾਰ ਕਰ ਲਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਉਸ ਦੀ ਨਿਸ਼ਾਨਦੇਹੀ 'ਤੇ ਮੁਹੰਮਦ ਗ਼ਰੀਬ ਤੇ ਕਿਸਮਤ ਅਲੀ ਨੂੰ ਗਿ੍ਫ਼ਤਾਰ ਕੀਤਾ ਸੀ। ਨਵੰਬਰ 2017 ਦੇ ਇਸ ਕੇਸ 'ਚ ਤਿੰਨੋਂ ਜਣਿਆਂ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਹੁਣ ਅਦਾਲਤ ਇਸ ਤੋਂ ਪਹਿਲਾਂ ਹੋਏ 2016 ਦੇ ਮਾਮਲੇ 'ਚ ਫ਼ੈਸਲਾ ਸੁਣਾਵੇਗੀ।

ਚਾਕੂ ਦੇ ਜ਼ੋਰ 'ਤੇ ਜੰਗਲ 'ਚ ਕੀਤਾ ਸੀ ਸ਼ਰਮਨਾਕ ਕਾਰਾ

3 ਦਸੰਬਰ 2016 ਨੂੰ ਸੈਕਟਰ-34 ਦੇੇ ਪਿਕਾਡਲੀ ਚੌਂਕ 'ਚ ਪੀੜਤਾ ਨੇ ਰਾਤ 8 ਵਜੇ ਆਪਣੇ ਘਰ ਜਾਣ ਲਈ ਆਟੋ ਕੀਤਾ ਸੀ। ਆਟੋ ਚਾਲਕ ਮੁਹੰਮਦ ਇਰਫਾਨ ਤੇ ਉਸ ਦੇ ਸਾਥੀ ਕਮਲ ਹਸਨ ਨੇ ਕੁੜੀ ਨਾਲ ਚਾਕੂ ਦੇ ਜ਼ੋਰ 'ਤੇ ਸੈਕਟਰ-29 ਨਜ਼ਦੀਕ ਜੰਗਲੀ ਇਲਾਕੇ 'ਚ ਜਬਰ ਜਨਾਹ ਕੀਤਾ ਸੀ, ਜਿਸ ਤੋਂ ਬਾਅਦ ਦੋਵੇਂ ਉੱਥੋਂ ਫ਼ਰਾਰ ਹੋ ਗਏ ਸਨ। ਇਸ ਤੋਂ ਬਾਅਦ ਮੁਹੰਮਦ ਇਰਫਾਨ ਨੇ 21 ਸਾਲਾ ਕੁੜੀ ਨਾਲ ਨਵੰਬਰ 2017 'ਚ ਸਮੂਹਿਕ ਜਬਰ ਜਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ।