ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਤੇ ਅਕਾਲੀ ਦਲ ਦੀ ਭਾਈਵਾਲ ਪਾਰਟੀ ਦੇ ਆਗੂ ਮਨੋਹਰ ਲਾਲ ਖੱਟਰ ਨੇ ਇਕ ਬਿਆਨ 'ਚ ਅਕਾਲੀਆਂ ਦੇ ਨਸ਼ਾ ਤਸਕਰਾਂ ਨਾਲ ਸਬੰਧਾਂ ਬਾਰੇ ਮੋਹਰ ਲਾ ਦਿੱਤੀ ਹੈ। ਰੰਧਾਵਾ ਨੇ ਕਿਹਾ ਜੇ ਅਕਾਲੀ ਦਲ ਭਾਵ ਬਾਦਲ ਪਰਿਵਾਰ ਵਿਚ ਥੋੜੀ ਬਹੁਤ ਨੈਤਿਕਤਾ ਬਚੀ ਹੋਵੇ ਤਾਂ ਉਹ ਭਾਜਪਾ ਨਾਲ ਆਪਣੇ ਸਬੰਧ ਤੋੜਨ ਵਿਚ ਸਮਾਂ ਨਾ ਲਗਾਉਂਦੇ।

ਰੰਧਾਵਾ ਨੇ ਕਿਹਾ ਕਿ ਖੱਟਰ ਵੱਲੋਂ ਹਾਲ ਹੀ ਵਿਚ ਕਾਲਾਂਵਾਲੀ 'ਚ ਇਕ ਰੈਲੀ ਦੌਰਾਨ ਖੁੱਲੇਆਮ ਨਸ਼ਾ ਤਸ਼ਕਰੀ ਦੇ ਦੋਸ਼ ਲਗਾਉਣ ਤੋਂ ਬਾਅਦ ਅਕਾਲੀ ਆਗੂ ਲੁੱਕਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਅਕਾਲੀ ਦਲ ਦੇ ਸੁਪਰੀਮੋ ਪਰਕਾਸ਼ ਸਿੰਘ ਬਾਦਲ ਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭਾਜਪਾ ਵੱਲੋਂ ਲਗਾਏ ਦੋਸ਼ਾਂ ਸਬੰਧੀ ਆਪਣਾ ਪੱਖ ਸਪੱਸ਼ਟ ਕਰਨ ਦੀ ਚੁਣੌਤੀ ਦਿੱਤੀ।

ਅਕਾਲੀ ਲੀਡਰਸ਼ਿਪ ਨੂੰ ਭਾਜਪਾ ਨਾਲ ਸਾਰੇ ਰਿਸ਼ਤੇ ਤੋੜਨ ਦੀ ਸਲਾਹ ਦਿੰਦਿਆਂ ਰੰਧਾਵਾ ਨੇ ਕਿਹਾ ਕਿ ਇਕ ਪਾਸੇ ਹਰਿਆਣਾ ਦੇ ਮੁੱਖ ਮੰਤਰੀ ਕਹਿ ਰਹੇ ਹਨ ਕਿ ਜੇ ਅਕਾਲੀ ਦਲ ਐਸ.ਵਾਈ.ਐਲ. ਮੁੱਦੇ 'ਤੇ ਹਰਿਆਣਾ ਦੇ ਪੱਖ ਵਿਚ ਸਹਿਮਤੀ ਪ੍ਰਗਟਾਉਂਦੇ ਤਾਂ ਭਾਜਪਾ ਨਾ ਸਿਰਫ ਹਰਿਆਣਾ ਵਿਚ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਬਣਾਈ ਰੱਖਦੀ ਅਤੇ ਨਾਲ ਹੀ ਬਾਅਦ ਵਿਚ 2-3 ਸੀਟਾਂ ਹੋਰ ਦੇ ਦਿੰਦੀ। ਦੂਜੇ ਪਾਸੇ ਇਸ ਹਰਸਿਮਰਤ ਕੌਰ ਬਾਦਲ ਅਜੇ ਵੀ ਭਾਜਪਾ ਦੀ ਸਰਕਾਰ ਵਿਚ ਕੇਂਦਰੀ ਮੰਤਰੀ ਵਜੋਂ ਸੇਵਾਵਾਂ ਨਿਭਾ ਰਹੇ ਹਨ। ਰੰਧਾਵਾ ਨੇ ਅਕਾਲੀ ਦਲ ਨੂੰ ਚੂਹੇ-ਬਿੱਲੀ ਦੇ ਖੇਡ 'ਚੋ ਬਾਹਰ ਆਉਣ ਅਤੇ ਭਾਜਪਾ ਨਾਲ ਸਾਰੇ ਸਿਆਸੀ ਗੱਠਜੋੜ ਖ਼ਤਮ ਕਰਨ ਦੀ ਹਿੰਮਤ ਦਿਖਾਉਣ ਲਈ ਕਿਹਾ।