ਪੰਜਾਬੀ ਜਾਗਰਣ ਬਿਊਰੋ,ਚੰਡੀਗਡ਼੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਖਰੀ ਪਾਰਟੀ ਬਣਾਉਣ ਦਾ ਐਲਾਲ ਕੀਤਾ ਹੈ। ਉਨ੍ਹਾਂ ਬੀਜੇਪੀ ਤੇ ਅਕਾਲੀ ਦਲ ਦੇ ਬਾਗੀਆਂ ਨਾਲ ਗਠਜੋਡ਼ ਕਰਨ ਦਾ ਵੀ ਸੰਕੇਤ ਦਿੱਤਾ ਹੈ। ਦਿੱਲੀ ’ਚ ਇਕ ਵੈੱਬ ਪੋਰਟਲ ਨੂੰ ਦਿੱਤੀ ਇੰਟਰਵਿਊ ’ਚ ਉਨ੍ਹਾਂ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਭਾਜਪਾ ਫਿਰਕੂ ਤੇ ਮੁਸਲਮਾਨ ਵਿਰੋਧੀ ਪਾਰਟੀ ਨਹੀਂ ਹੈ। ਪੰਜਾਬ ’ਚ ਕਦੇ ਹਿੰਦੂ, ਸਿੱਖ ਤੇ ਮੁਸਲਮਾਨਾਂ ’ਚ ਕੋਈ ਸਮੱਸਿਆ ਨਹੀਂ ਰਹੀ। ਇਸ ਦੇ ਨਾਲ ਹੀ ਉਨ੍ਹਾਂ ਨੇ 3 ਖੇਤੀ ਕਾਨੂੰਨਾਂ ਦੇ ਰੱਦ ਹੋਣ ਦਾ ਵੀ ਸੰਕੇਤ ਦਿੱਤਾ ਹੈ। ਕਿਆਸਅਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਕੈਪਟਨ ਅਮਰਿੰਦਰ ਸਿੰਘ ਦੀਵਾਲੀ ਤਕ ਆਪਣੀ ਨਵੀਂ ਪਾਰਟੀ ਦਾ ਐਲਾਨ ਕਰ ਦੇਣਗੇ।

ਕੁੰਡਲੀ ਬਾਰਡਰ ’ਤੇ ਨਿਹੰਗਾਂ ਵਲੋਂ ਕੀਤੀ ਗਈ ਹੱਤਿਆ ’ਤੇ ਕੈਪਟਨ ਨੇ ਕਿਹਾ, ‘ਇਹ ਘਟਨਾ ਇਕ ਭਿਆਨਕ ਤ੍ਰਾਸਦੀ ਹੈ। ਮੈਂ ਨਹੀਂ ਮੰਨਦਾ ਕਿ ਉੱਥੇ ਮਾਰਿਆ ਗਿਆ ਵਿਅਕਤੀ ਬੇਅਦਬੀ ਕਰ ਰਿਹਾ ਸੀ, ਕਿਉਂਕਿ ਉੱਥੇ ਬਹੁਤ ਸਾਰੇ ਲੋਕ ਸਨ। ਜਿਸ ਵਿਅਕਤੀ ਨੇ ਇਹ ਕੀਤਾ, ਉਹ ਦਿਮਾਗੀ ਤੌਰ ’ਤੇ ਅਜਿਹੀ ਸਥਿਤੀ ’ਚ ਸੀ, ਜਿਸਨੂੰ ਉਹ ਕੰਟਰੋਲ ਨਹੀਂ ਕਰ ਸਕਦਾ ਸੀ। ਉਹ ਨਸ਼ੇ ’ਚ ਲੱਗ ਰਿਹਾ ਸੀ। ਨਿਹੰਗਾਂ ਨੂੰ ‘ਸੁੱਖਾ’ (ਨਸ਼ੇ ਦਾ ਇਕ ਰੂਪ) ਲੈਣ ਲਈ ਜਾਣਿਆ ਜਾਂਦਾ ਹੈ।

ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ 18 ਸਤੰਬਰ ਨੂੰ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ। ਅਸਤੀਫ਼ਾ ਦੇਣ ਤੋਂ ਬਾਅਦ ਉਨ੍ਹਾਂ ਕਾਂਗਰਸ ’ਤੇ ਦੋਸ਼ ਲਗਾਏ ਸਨ ਕਿ ਮੈਨੂੰ ਅਪਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਦਿੱਲੀ ਜਾ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਮੁਲਾਕਾਤ ਕੀਤੀ ਸੀ। ਇਸ ਮੁਲਾਕਾਤ ਦੇ ਬਾਅਦ ਤੋਂ ਇਹ ਸੰਕੇਤ ਮਿਲਣ ਲੱਗੇ ਸਨ ਕਿ ਕੈਪਟਨ ਭਾਜਪਾ ’ਚ ਜਾ ਸਕਦੇ ਹਨ ਤੇ ਭਾਜਪਾ ਉਨ੍ਹਾਂ ਜ਼ਰੀਏ ਕਿਸਾਨ ਅੰਦੋਲਨ ਦਾ ਹੱਲ ਕੱਢ ਸਕਦੀ ਹੈ ਕਿਉਂਕਿ ਧਰਨੇ ’ਤੇ ਬੈਠੇ ਕਿਸਾਨ ਸੰਗਠਨਾਂ ਦੇ ਨੁਮਾਇੰਦਿਆਂ ਦੇ ਨਾਲ ਕੈਪਟਨ ਦੇ ਚੰਗੇ ਸਬੰਧ ਰਹੇ ਹਨ। ਕਿਸਾਨਾਂ ਦੇ ਧਰਨਿਆਂ ਨੂੰ ਮੁੱਖ ਮੰਤਰੀ ਰਹਿੰਦੇ ਹੋਏ ਕੈਪਟਨ ਦਾ ਵੱਡਾ ਸਹਿਯੋਗ ਰਿਹਾ ਹੈ।

ਹਾਲਾਂਕਿ, ਕੈਪਟਨ ਅਮਰਿੰਦਰ ਸਿੰਘ ਨੇ ਅਮਿਤ ਸ਼ਾਹ ਨੂੰ ਮਿਲਣ ਮਗਰੋਂ ਹੀ ਕਹਿ ਦਿੱਤਾ ਸੀ ਕਿ ਉਹ ਆਪਣੀ ਅਗਲੀ ਸਿਆਸੀ ਪਾਰੀ ਜ਼ਰੂਰ ਖੇਡਣਗੇ, ਪਰ ਭਾਜਪਾ ’ਚ ਜਾ ਕੇ ਨਹੀਂ। ਹੁਣ ਕੈਪਟਨ ਨੇ ਇਹ ਕਹਿ ਕੇ ਸਿਆਸਤ ਨੂੰ ਗਰਮਾ ਦਿੱਤਾ ਹੈ ਕਿ ਉਹ ਭਾਜਪਾ ਨਾਲ ਸਮਝੌਤਾ ਕਰ ਸਕਦੇ ਹਨ। ਇਹੀ ਕਾਰਨ ਹੈ ਕਿ ਕਾਂਗਰਸ ਪਿਛਲੇ ਕਈ ਦਿਨਾਂ ਤੋਂ ਇਸ ਗੱਲ ਤੋਂ ਡਰੀ ਹੋਈ ਹੈ ਕਿ ਕੈਪਟਨ ਆਪਣੇ ਨਾਲ ਦੋ ਦਰਜਨ ਦੇ ਕਰੀਬ ਵਿਧਾਇਕਾਂ ਨੂੰ ਜੋੜ ਸਕਦੇ ਹਨ। ਇਸੇ ਸ਼ੱਕ ਨਾਲ ਕਾਂਗਰਸ ਨੇ ਰਾਜਸਥਾਨ ਦੇ ਮਾਲ ਮੰਤਰੀ ਤੇ ਸੀਨੀਅਰ ਆਗੂ ਹਰੀਸ਼ ਚੌਧਰੀ ਨੂੰ ਇਕ ਮਹੀਨੇ ਤੋਂ ਪੰਜਾਬ ’ਚ ਬਿਠਾ ਕੇ ਰੱਖਿਆ ਹੈ। ਉਹ ਪਾਰਟੀ ਦੇ ਵਿਧਾਇਕਾਂ ਤੇ ਹੋਰ ਆਗੂਆਂ ਨਾਲ ਲਗਾਤਾਰ ਸੰਪਰਕ ਕਰ ਰਹੇ ਹਨ।

ਚੋਣਾਂ ਤੋਂ ਪਹਿਲਾਂ ਨਿਕਲ ਜਾਵੇਗਾ ਖੇਤੀ ਕਾਨੂੰਨਾਂ ਦਾ ਹੱਲ

ਕੈਪਟਨ ਨੇ ਕਿਹਾ ਕਿ ਤਿੰਨ ਖੇਤੀ ਕਾਨੂੰਨਾਂ ਦੇ ਮਸਲੇ ਤੋਂ ਪਹਿਲਾਂ ਪੰਜਾਬ ’ਚ ਕੇਂਦਰ ਸਰਕਾਰ ਦੇ ਖ਼ਿਲਾਫ਼ ਕੋਈ ਸਮੱਸਿਆ ਨਹੀਂ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਖੇਤੀ ਕਾਨੂੰਨਾਂ ਦੇ ਕਾਰਨ ਪੈਦਾ ਹੋਈ ਸਮੱਸਿਆ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਕੈਪਟਨ ਨੇ ਉਮੀਦ ਜਾਹਰ ਕੀਤੀ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤਿੰਨੋਂ ਖੇਤੀ ਕਾਨੂੰਨਾਂ ਦਾ ਹੱਲ ਕੱਢ ਲਿਆ ਜਾਵੇਗਾ।

Posted By: Tejinder Thind