* ਲੰਬੇ ਸਮੇਂ ਤੋਂ ਸਕੂਲਾਂ 'ਚ ਹੈ ਵੋਕੇਸ਼ਨਲ ਟੀਚਰਾਂ ਦੀ ਕਮੀ

* ਸਿੱਖਿਆ ਵਿਭਾਗ ਨਹੀਂ ਦੇ ਰਿਹਾ ਹੈ ਇਸ ਪਾਸੇ ਧਿਆਨ

ਵੈਭਵ ਸ਼ਰਮਾ, ਚੰਡੀਗੜ੍ਹ

ਸ਼ਹਿਰ ਦੇ ਸਰਕਾਰੀ ਸਕੂਲਾਂ 'ਚ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਵੋਕੇਸ਼ਨਲ ਕੋਰਸ ਵੀ ਕਰਵਾਏ ਜਾ ਰਹੇ ਹਨ। ਬੱਚਿਆਂ ਵਿਚ ਸਕਿੱਲ ਡਿਵੈਲਪਮੈਂਟ ਲਈ ਵੋਕੇਸ਼ਨਲ ਕੋਰਸ ਚਲਾਏ ਜਾ ਰਹੇ ਹਨ। ਇਸ ਸੈਸ਼ਨ 'ਚ ਦੇਖਿਆ ਗਿਆ ਸੀ ਕਿ ਬੱਚਿਆਂ 'ਚ ਵੋਕੇਸ਼ਨਲ ਕੋਰਸ ਲਈ ਬਹੁਤ ਜ਼ਿਆਦਾ ਦਿਲਚਸਪੀ ਸੀ। ਇਸ ਸਭ ਦੇ ਬਾਵਜੂਦ ਸ਼ਹਿਰ ਦੇ ਸਕੂਲਾਂ 'ਚ ਕਈ ਵੋਕੇਸ਼ਨਲ ਕੋਰਸ ਅਜਿਹੇ ਹਨ ਜਿਨ੍ਹਾਂ ਦੇ ਟੀਚਰ ਹੀ ਨਹੀਂ ਹਨ। ਬਿਨਾਂ ਟੀਚਰਾਂ ਦੇ ਇਹ ਕੋਰਸ ਸਿਰਫ ਕਾਗਜ਼ਾਂ 'ਚ ਹੀ ਚੱਲ ਰਹੇ ਹਨ ਜਿਨ੍ਹਾਂ ਦੀ ਜ਼ਮੀਨੀ ਹਕੀਕਤ ਕੁਝ ਹੋਰ ਹੈ। ਅੱਜ ਸ਼ਹਿਰ 'ਚ ਜਿੱਥੇ ਟੀਚਰਾਂ ਦੀ ਕਮੀ ਹੈ ਉਥੇ ਵੋਕੇਸ਼ਨਲ ਟੀਚਰਾਂ ਦੀ ਕਮੀ ਵੀ ਮੁੱਖ ਹਨ।

23 ਸਰਕਾਰੀ ਸਕੂਲਾਂ 'ਚ ਚੱਲ ਰਹੇ ਨੇ ਵੋਕੇਸ਼ਨਲ ਕੋਰਸ

ਸ਼ਹਿਰ 'ਚ ਕਰੀਬ 114 ਸਰਕਾਰੀ ਸਕੂਲ ਹਨ ਜਿਨ੍ਹਾਂ 'ਚੋਂ 23 ਸਰਕਾਰੀ ਸਕੂਲਾਂ 'ਚ 21 ਵੋਕੇਸ਼ਨਲ ਕੋਰਸ ਚੱਲ ਰਹੇ ਹਨ। ਜੇਕਰ ਇਨ੍ਹਾਂ ਸਕੂਲਾਂ 'ਚ ਵਰਕ ਚੱਲ ਰਹੇ ਵੋਕੇਸ਼ਨਲ ਕੋਰਸਾਂ ਦੀ ਗੱਲ ਕਰੀਏ ਤਾਂ ਕੋਰਸ ਅਜਿਹੇ ਹਨ ਜਿਨ੍ਹਾਂ ਦੀ ਕਲਾਸ ਅਜੇ ਤਕ ਲੱਗੀ ਹੀ ਨਹੀਂ ਅਤੇ ਇਹ ਕੋਰਸ ਸਿੱਖਿਆ ਵਿਭਾਗ ਦੇ ਕਾਗਜ਼ਾਂ 'ਚ ਉਨ੍ਹਾਂ ਦੀ ਸ਼ਾਨ ਵਧਾ ਰਹੇ ਹਨ।

ਵਿਦਿਆਰਥੀਆਂ ਦੇ ਭਵਿੱਖ ਲਈ ਜ਼ਰੂਰੀ ਨੇ ਇਹ ਕੋਰਸ

ਇਨ੍ਹਾਂ ਵੋਕੇਸ਼ਨਲ ਕੋਰਸਾਂ 'ਚ ਕਈ ਕੋਰਸ ਅਜਿਹੇ ਹਨ ਜਿਨ੍ਹਾਂ ਦੀ ਬਾਅਦ 'ਚ ਡਿਗਰੀ ਤੇ ਡਿਪਲੋਮਾ ਕਰਨ ਲਈ ਮੋਟੀ ਰਕਮ ਚੁਕਾਉਣੀ ਪੈਂਦੀ ਹੈ। ਸਕੂਲ ਲੈਵਲ 'ਤੇ ਵੋਕੇਸ਼ਨਲ ਕੋਰਸ ਦੁਆਰਾ ਬੱਚਿਆਂ ਨੂੰ ਇਨ੍ਹਾਂ ਕੋਰਸਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਜਿਸ ਨਾਲ ਉਨ੍ਹਾਂ ਨੰੂ ਭਵਿੱਖ ਵਿਚ ਮਦਦ ਮਿਲਦੀ ਹੈ।

ਲੰਬੇ ਸਮੇਂ ਤੋਂ ਚੱਲ ਰਹੀ ਹੈ ਵੋਕੇਸ਼ਨਲ ਟੀਚਰ ਦੀ ਕਮੀ

ਵੋਕੇਸ਼ਨਲ ਕੋਰਸ ਦੇ ਟੀਚਰਾਂ ਦੀ ਕਮੀ ਕੋਈ ਨਵਾਂ ਮੁੱਦਾ ਨਹੀਂ ਹੈ ਬਲਕਿ ਲੰਬੇ ਸਮੇਂ ਤੋਂ ਸ਼ਹਿਰ ਦੇ ਸਕੂਲਾਂ ਵਿਚ ਵੋਕੇਸ਼ਨਲ ਟੀਚਰਾਂ ਦੀ ਕਮੀ ਚੱਲ ਰਹੀ ਹੈ। ਹਰ ਸੈਸ਼ਨ 'ਚ ਸਿੱਖਿਆ ਵਿਭਾਗ ਵੱਲੋਂ ਇਹ ਕਹਿ ਕੇ ਖਾਨਾਪੂਰਤੀ ਕਰ ਦਿੱਤੀ ਜਾਂਦੀ ਹੈ ਕਿ ਅਗਲੇ ਸੈਸ਼ਨ 'ਚ ਵੋਕੇਸ਼ਨਲ ਕੋਰਸ ਦੇ ਟੀਚਰਾਂ ਦੀ ਭਰਤੀ ਕੀਤੀ ਜਾਵੇਗੀ ਪਰ ਉਨ੍ਹਾਂ ਦੇ ਇਹ ਦਾਅਵੇ ਹਵਾ-ਹਵਾਈ ਸਾਬਤ ਹੁੰਦੇ ਹਨ।

ਇਸ ਸੈਸ਼ਨ 'ਚ ਆਖ਼ਰੀ ਪਲਾਂ 'ਚ ਭਰੀਆਂ ਗਈਆਂ ਸਨ ਸੀਟਾਂ

ਸਿੱਖਿਆ ਵਿਭਾਗ ਨੂੰ ਇਸ ਸੈਸ਼ਨ 'ਚ 11ਵੀਂ 'ਚ ਦਾਖਲੇ ਲਈ ਕੜੀ ਮਿਹਨਤ ਕਰਨੀ ਪਈ ਸੀ। ਵੋਕੇਸ਼ਨਲ ਕੋਰਸਾਂ 'ਚ ਖ਼ਾਲੀ ਪਈਆਂ ਸੀਟਾਂ ਨੂੰ ਵਿਭਾਗ ਵੱਲੋਂ ਅੰਤਿਮ ਪਲਾਂ 'ਚ ਭਰਿਆ ਗਿਆ ਸੀ। ਉਸ ਸਮੇਂ ਵੀ ਵਿਦਿਆਰਥੀਆਂ ਨੇ ਇਹ ਕਿਹਾ ਸੀ ਕਿ ਜਿਸ ਵੋਕੇਸ਼ਨਲ ਕੋਰਸ ਨੂੰ ਉਹ ਚੁਣਨਾ ਚਾਹੁੰਦੇ ਹਨ ਉਸ ਦੇ ਟੀਚਰ ਹੀ ਨਹੀਂ ਹੈ।

ਟੀਚਰਾਂ ਦੀ ਕਮੀ ਕਾਰਨ ਨਹੀਂ ਵਧਾਈਆਂ ਗਈਆਂ ਸੀਟਾਂ

ਵੋਕੇਸ਼ਨਲ ਕੋਰਸਾਂ 'ਚ ਟੀਚਰਜ਼ ਦੀ ਕਮੀ ਤੋਂ ਸਿੱਖਿਆ ਵਿਭਾਗ ਅਣਜਾਣ ਨਹੀਂ ਹੈ। ਉਸ ਦੇ ਬਾਵਜੂਦ ਸਿੱਖਿਆ ਵਿਭਾਗ ਵੱਲੋਂ ਇਸ ਕਮੀ ਨੂੰ ਪੂਰਾ ਕਰਨ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ ਹਨ। ਜਿਸ ਦਾ ਖਾਮਿਆਜਾ ਵਿਦਿਆਰਥੀਆਂ ਨੂੰ ਭੁਗਤਣਾ ਪੈ ਰਿਹਾ ਹੈ।

ਇਨ੍ਹਾਂ ਵੋਕੇਸ਼ਨਲ ਕੋਰਸਾਂ ਦੇ ਨਹੀਂ ਨੇ ਟੀਚਰਜ਼

ਐਕਸਰੇ ਟੈਕਨੀਸ਼ੀਅਨ, ਟੈਸਟਾਈਲ ਡਿਜਾਇਨ, ਫਰੰਟ ਆਫਿਸ ਆਪਰੇਸ਼ਨ, ਆਟੋਮੋਟਿਵ, ਏਅਰ ਕੰਡੀਸ਼ਨਿੰਗ ਐਂਡ ਰੈਫਰੀਜਰੇਸ਼ਨ।