ਅਵਤਾਰ ਤਾਰੀ, ਕੁਰਾਲੀ,

ਸ਼ਹਿਰ ਦੀਆਂ ਜਨਤਕ ਥਾਵਾਂ ਸਮੇਤ ਸੜਕਾਂ ਤੇ ਗ਼ਲੀਆਂ ਵਿਚ ਫਾਸਟ ਫੂਡ ਦੀਆਂ ਰੇਹੜੀਆਂ ਵਾਲੇ ਸਰਕਾਰੀ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਆਮ ਦੇਖੇ ਜਾ ਰਹੇ ਹਨ। ਜਾਪਦਾ ਹੈ ਕਿ ਇਨ੍ਹਾਂ ਲਈ ਸਰਕਾਰ ਅਤੇ ਪ੍ਰਸਾਸ਼ਨ ਵੱਲੋਂ ਜਾਰੀ ਕਰਫਿਊ ਨਿਯਮਾਂ ਦੀ ਪਾਲਣਾ ਜ਼ਰੂਰੀ ਨਹੀਂ ਰਹੀ। ਕੋਰੋਨਾ ਮਹਾਂਮਾਰੀ ਦੇ ਕਾਰਨ ਸਰਕਾਰ ਵੱਲੋਂ ਮਾਸਕ ਪਾਉਣਾ ਲਾਜ਼ਮੀ ਕੀਤੇ ਜਾਣ ਦੇ ਨਾਲ ਨਾਲ ਆਪਸੀ ਦੂਰੀ ਬਣਾਈ ਰਖਣਾ, ਦੁਕਾਨਾਂ ਖੋਲ੍ਹਣ ਦਾ ਵਕਤ ਨਿਸ਼ਚਤ ਕਰਨ ਤੋਂ ਇਲਾਵਾ ਹੋਟਲ, ਢਾਬਿਆਂ ਤੇ ਫਾਸਟ ਫੂਡ ਤਿਆਰ ਕਰਨ ਵਾਲਿਆਂ ਲਈ ਵੱਖ ਵੱਖ ਨਿਰਦੇਸ਼ ਜਾਰੀ ਕਰਦੇ ਹੋਏ ਸਵੇਰੇ 7 ਤੋਂ ਸ਼ਾਮ 7 ਵਜੇ ਤਕ ਹਰ ਕਿਸਮ ਦੇ ਕਾਰੋਬਾਰੀਆਂ ਨੂੰ ਸਰਕਾਰੀ ਨਿਯਮਾਂ ਦੀ ਪਾਲਣਾ ਤਹਿਤ ਕਾਰੋਬਾਰ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਸਰਕਾਰ ਵੱਲੋਂ ਬਣਾਏ ਨਿਯਮਾਂ ਕਾਰਨ ਸਥਾਨਕ ਪੁਲਿਸ ਪ੍ਰਸ਼ਾਸਨ ਵੱਲੋਂ ਸਮੇਂ ਸਮੇਂ ਤੇ ਮਾਸਕ ਨਾ ਪਹਿਨਣ ਵਾਲੇ ਲੋਕਾਂ ਦੇ ਚਾਲਾਨ ਕੱਟਣ ਸਮੇਤ ਖ਼ਿਲਾਫ਼ਤ ਕਰਨ ਵਾਲਿਆਂ ਤੇ ਸਖ਼ਤੀ ਕੀਤੀ ਜਾ ਰਹੀ ਹੈ। ਪੁਲਿਸ ਪ੍ਰਸ਼ਾਸ਼ਨ ਦੀ ਸਖ਼ਤੀ ਦੇ ਬਾਵਜੂਦ ਸ਼ਹਿਰ ਵਿਚ ਬਰਗਰ, ਨੂੁਡਲਜ, ਪਾਣੀ ਪੂਰੀ (ਗੋਲਗਪੇ), ਅੰਡੇ- ਮੀਟ ਤੋਂ ਇਲਾਵਾ ਸਬਜ਼ੀਆਂ ਦੀਆਂ ਰੇਹੜੀਆਂ ਜਿਥੇ ਦੇਰ ਰਾਤ ਤਕ ਸ਼ਹਿਰ ਦੇ ਰੋਪੜ ਰੋਡ, ਸਿਸਵਾਂ ਰੋਡ ਅਤੇ ਸਬਜ਼ੀ ਮੰਡੀ ਵਿਖੇ ਸਰਕਾਰੀ ਨਿਯਮਾਂ ਨੂੰ ਿਛੱਕੇ ਟੰਗ ਕੇ ਪੁਲਿਸ ਪ੍ਰਸ਼ਾਸ਼ਨ ਅਤੇ ਹੋਰ ਪ੍ਰਸ਼ਾਸ਼ਨਕ ਅਧਿਕਾਰੀਆਂ ਦਾ ਮੂੰਹ ਚਿੜਾਉਂਦੀਆਂ ਆਮ ਦੇਖੀਆਂ ਜਾ ਸਕਦੀਆਂ ਹਨ।

ਸ਼ਹਿਰ ਦੇ ਲਾਈਟਾਂ ਵਾਲੇ ਮੈਨ ਚੌਂਕ ਦੇ ਨਜ਼ਦੀਕ ਦੁਕਾਨਦਾਰ ਦੇ ਰਾਤ ਤੱਕ ਆਪਣੀਆਂ ਦੁਕਾਨਾਂ ਖੋਲ੍ਹ ਕੇ ਸਰਕਾਰੀ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਆਮ ਦੇਖੇ ਜਾ ਸਕਦੇ ਹਨ। ਇਹ ਗੱਲ ਵੀ ਦੱਸਣੀ ਬਣਦੀ ਹੈ ਕਿ ਸਰਕਾਰ ਵੱਲੋਂ ਹੋਟਲ,ਢਾਬਿਆਂ ਤੋਂ ਇਲਾਵਾ ਫਾਸਟ ਫੂਡ ਵਾਲਿਆਂ ਲਈ ਕੁਝ ਖ਼ਾਸ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਿਸ ਵਿਚ ਕਿਸੇ ਵੀ ਹੋਟਲ, ਢਾਬੇ ਜਾ ਹੋਰ ਕਿਸੇ ਖਾਣ ਪੀਣ ਵਾਲਾ ਸਮਾਨ ਤਿਆਰ ਕਰਨ ਵਾਲੇ ਸਿਰਫ ਸਮਾਨ ਪੈਕ ਕਰਕੇ ਹੀ ਦੇਣਗੇ ਤੇ ਇਸ ਤੋਂ ਇਲਾਵਾ ਸਾਫ ਸਫਾਈ, ਸਮਾਜਿਕ ਦੂਰੀ ਤੇ ਮੂੰੁਹ ਤੇ ਮਾਸਕ ਲਗਾਉਣਾ ਯਕੀਨੀ ਬਣਾਉਣ ਲਈ ਆਖਿਆ ਗਿਆ ਹੈ ਪਰ ਸਰਕਾਰ ਦੇ ਨਿਯਮਾਂ ਤੋਂ ਉਲਟ ਨਾ ਤਾਂ ਇਨ੍ਹਾਂ ਖਾਣ-ਪੀਣ ਦੀਆਂ ਰੇਹੜੀਆਂ ਵਾਲਿਆਂ ਵੱਲੋਂ ਮੂੰਹ ਤੇ ਮਾਸਕ ਲਗਾਇਆ ਜਾ ਰਿਹਾ ਹੈ ਤੇ ਨਾ ਹੀ ਆਪਸੀ ਦੂਰੀ ਬਣਾਈ ਰੱਖਣ ਵੱਲ ਹੀ ਉਕਾ ਧਿਆਨ ਦਿੱਤਾ ਜਾ ਰਿਹਾ ਹੈ ਇਥੇ ਹੀ ਬੱਸ ਨਹੀਂ ਇਨ੍ਹਾਂ ਰੇਹੜੀਆਂ ਤੇ ਸਾਫ ਸਫਾਈ ਵੱਲ ਵੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਗਾਹਕਾਂ ਨੂੰ ਬਿਨਾਂ ਸਾਫ ਸਫਾਈ ਰੇਹੜੀਆਂ ਤੇ ਬਰਗਰ, ਨੂੁਡਲਜ, ਪਾਣੀ ਪੂਰੀ (ਗੋਲਗਪੇ) ਤੇ ਅੰਡੇ-ਮੀਟ ਆਦਿ ਪਰੋਸਿਆ ਜਾ ਰਿਹਾ ਹੈ ਤੇ ਸ਼ਹਿਰ ਵਿਚ ਬਿਨਾ ਮਾਸਕ ਤੋਂ ਦੁਕਾਨਦਾਰ, ਰੇਹੜੀਆਂ ਵਾਲੇ ਅਤੇ ਸਮਾਨ ਦੀ ਖਰੀਦਦਾਰੀ ਕਰਨ ਆਏ ਲੋਕ ਬਜ਼ਾਰਾਂ ਵਿਚ ਬਿਨਾ ਮਾਸਕਾਂ ਤੇ ਘੁੰਮਦੇ ਆਮ ਦੇਖੇ ਜਾ ਸਕਦੇ ਹਨ। ਜਿਸ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਸ਼ਹਿਰ ਵਿਚ ਸਰਕਾਰੀ ਨਿਯਮਾਂ ਦੀ ਪਾਲਣਾ ਕਰਵਾਉਣ ਵਿਚ ਨਗਰ ਕੌਂਸਲ, ਪੁਲਿਸ ਪ੍ਰਸ਼ਾਸ਼ਨ ਬਿਲਕੁਲ ਨਾਕਾਮ ਸਾਬਤ ਹੋ ਰਿਹਾ ਹੈ। ਲਾਕਡਾਊਨ 'ਚ ਦਿੱਤੀ ਗਈ ਿਢੱਲ ਤੋਂ ਬਾਅਦ ਦੇਸ਼ ਭਰ ਵਿਚ ਕੋਰੋਨਾ ਵਾਇਰਸ ਤੋਂ ਪੀੜ੍ਹਤ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਜੇ ਸ਼ਹਿਰ ਅੰਦਰ ਇਹੀ ਹਾਲ ਰਿਹਾ ਤਾਂ ਕੁਰਾਲੀ ਸ਼ਹਿਰ ਗਿਣਤੀ ਦੇ ਦਿਨਾਂ 'ਚ ਹੀ ਇਸ ਬਿਮਾਰੀ ਤੋਂ ਅਛੂਤਾ ਨਹੀਂ ਰਹੇਗਾ।