ਰਣਬੀਰ ਸਿੰਘ ਪੜ੍ਹੀ, ਡੇਰਾਬੱਸੀ : ਬਾਰ ਐਸੋਸੀਏਸਨ ਡੇਰਾਬੱਸੀ ਦੀ ਸਾਲਾਨਾ ਚੋਣ 'ਚ ਕਾਂਗਰਸ ਸਮਰਥਕ ਧੜੇ ਨੂੰ ਝਟਕਾ ਲੱਗਾ। ਐਸੋਸੀਏਸ਼ਨ ਦੀ ਚੋਣ 'ਚ ਐਡਵੋਕੇਟ ਮਨੂੰ ਜੋਸ਼ੀ, ਸੁਮਿਤ ਗੋਇਲ ਅਤੇ ਮੁਕੇਸ਼ ਗਾਂਧੀ ਅਕਾਲੀ ਭਾਜਪਾ ਸਮਰਥਕ ਗਰੁੱਪ ਨੇ ਬਾਜ਼ੀ ਮਾਰੀ ਹੈ। ਉਨ੍ਹਾਂ ਦਾ ਉਮੀਦਵਾਰ ਐਡਵੋਕੇਟ ਨਿਤਿਨ ਕੌਸ਼ਲ 40 ਵੋਟਾਂ ਤੋਂ ਜੇਤੂ ਰਿਹਾ। ਬਾਰ ਐਸੋਸੀਏਸ਼ਨ ਦੀ ਕੁੱਲ 178 ਵੋਟਾਂ ਵਿਚ 158 ਪੋਲ ਹੋਈਆਂ, ਜਿਸ ਵਿਚ ਨਿਤਿਨ ਨੂੰ 98 ਸੱਤਾਧਾਰੀ ਪੱਖ ਵਾਲੇ ਅਮਰਿੰਦਰ ਨਨਵਾਂ ਨੂੰ 58 ਅਤੇ ਸਾਬਕਾ ਪ੍ਰਧਾਨ ਐਡਵੋਕੇਟ ਵਿਕਰਾਂਤ ਨੂੰ ਦੋ ਵੋਟਾਂ ਭੁਗਤੀਆਂ।

ਚਾਰ ਉਮੀਦਵਾਰ ਛੇ ਛੇ ਮਹੀਨੇ ਲਈ ਬਣਨਗੇ ਅਹੁਦੇਦਾਰ

ਬਾਰ ਐਸੋਸੀਏਸ਼ਨ ਦੇ ਇਤਿਹਾਸ ਵਿਚ ਪਹਿਲੀ ਵਾਰ ਉਪ ਪ੍ਰਧਾਨ ਅਤੇ ਸਕੱਤਰ ਅਹੁਦੇ ਦੇ ਉਮੀਦਵਾਰਾਂ ਨੂੰ ਬਰਾਬਰ ਵੋਟਾਂ ਭੁਗਤੀਆਂ।

ਸਭ ਤੋਂ ਵੱਧ ਸਮਰਥਨ ਕੈਸ਼ੀਅਰ ਉਮੀਦਵਾਰ ਰਾਮ ਧਮਾਨ ਨੂੰ ਮਿਲਿਆ ਜਿਸ ਨੇ ਸਿੱਧੇ ਮੁਕਾਬਲੇ ਵਿਚ ਜੋਗਿੰਦਰ ਸਿੰਘ ਨੂੰ 90 ਵੋਟਾਂ ਨਾਲ ਹਰਾਇਆ। ਉਪ ਪ੍ਰਧਾਨ ਅਹੁਦੇ ਵਿਚ ਗੁਰਜੰਟ ਸਿੰਘ ਚੌਹਾਨ ਅਤੇ ਜਸਵੰਤ ਤੂੜ 79-79 ਅਤੇ ਸਕੱਤਰ ਅਹੁਦੇ ਦੇ ਉਮੀਦਵਾਰ ਕਮਲਜੀਤ ਵਰਮਾ ਅਤੇ ਰਾਜੇਸ਼ ਸੈਣੀ ਨੂੰ ਵੀ ਬਰਾਬਰ ਬਰਾਬਰ 55-55 ਵੋਟਾਂ ਭੁਗਤੀਆਂ। ਸਕੱਤਰ ਅਹੁਦੇ ਦੇ ਤੀਸਰੇ ਉਮੀਦਵਾਰ ਨੂੰ 47 ਵੋਟਾਂ ਮਿਲੀਆਂ। ਹੁਣ ਦੋਵਾਂ ਅਹੁਦਿਆਂ ਲਈ ਦੋਵੇਂ ਉਮੀਦਵਾਰਾਂ ਨੂੰ ਛੇ ਛੇ ਮਹੀਨੇ ਦਾ ਕਾਰਜਕਾਲ ਮਿਲੇਗਾ। ਇਸ ਦਾ ਫ਼ੈਸਲਾ ਆਪਸੀ ਸਹਿਮਤੀ ਨਾਲ ਨਾ ਹੋ ਕੇ ਟਾਸ ਰਾਹੀਂ ਕੀਤਾ ਜਾਵੇਗਾ। ਇਸ ਚੋਣ ਵਿਚ ਮੁਕੇਸ਼ ਗਾਂਧੀ ਚੈਂਬਰ ਤੋਂ ਐਡਵੋਕੇਟ ਨਵਦੀਪ ਕੌਰ ਜੁਆਇੰਟ ਸਕੱਤਰ ਲਈ ਪਹਿਲਾਂ ਤੋਂ ਹੀ ਸਰਬਸੰਮਤੀ ਨਾਲ ਚੁਣ ਲਈ ਗਈ ਸੀ।

ਕਾਂਗਰਸ ਸਮਰਥਕ ਦੋ ਉਮੀਦਵਾਰਾਂ 'ਚੋਂ ਇਕ ਨੂੰ ਟਾਸ ਕਰਕੇ ਬਿਠਾਇਆ

ਐਡਵੋਕੇਟ ਵਿਕਰਾਂਤ ਅਤੇ ਅਮਰਿੰਦਰ ਨਨਵਾਂ ਇਕ ਹੀ ਗੁੱਟ ਕਾਂਗਰਸ ਸਮਰਥਕ ਸਨ। ਵਿਕਰਾਂਤ ਮੁਤਾਬਕ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਵੱਲੋਂ ਲੱਕੀ ਡਰਾਅ ਦੇ ਰਾਹੀਂ ਫ਼ੈਸਲੇ ਵਿਚ ਅਮਰਿੰਦਰ ਦਾ ਨਾਂਅ ਆਉਣ 'ਤੇ ਉਹ ਚੋਣ ਮੈਦਾਨ ਤੋਂ ਹਟ ਗਏ ਸਨ। ਉਨ੍ਹਾਂ ਨੇ ਖੁਦ ਨੂੰ ਵੋਟ ਨਹੀਂ ਪਾਈ ਪ੍ਰੰਤੂ ਹੈਰਾਨੀ ਹੈ ਕਿ ਉਸ ਦੂਸਰੇ ਹੀ ਦੋ ਵੋਟ ਪਾ ਗਏ। ਐਡਵੋਕੇਟ ਮਨੂ ਜੋਸ਼ੀ ਮੁਤਾਬਕ ਇਸ ਚੋਣ ਵਿਚ ਰਾਜਵੀਰ ਮੁੰਦਰਾ ਬਤੌਰ ਰਿਟਰਨਿੰਗ ਅਫ਼ਸਰ ਅਤੇ ਪ੍ਰਦੀਪ ਰਾਣਾ ਬਤੌਰ ਅਸਿਸਟੈਂਟ ਰਿਟਰਨਿੰਗ ਅਫ਼ਸਰ ਸਨ। ਡੇਰਾਬੱਸੀ ਅਦਾਲਤ ਵਿਚ ਜਿੱਤ ਦੀ ਖੁਸ਼ੀ ਮਨਾਉਂਦੇ ਹੋਏ ਨਵੇਂ ਚੁਣੇ ਪ੍ਰਧਾਨ ਨਿਤਿਨ ਕੌਂਸਲ ਨੇ ਕਿਹਾ ਕਿ ਨਵੀਂ ਟੀਮ ਸਾਰੇ ਵਕੀਲਾਂ ਨੂੰ ਨਾਲ ਲੈ ਕੇ ਸਭ ਦੀ ਭਲਾਈ ਲਈ ਸਰਬਸੰਮਤੀ ਨਾਲ ਕੰਮ ਕਰੇਗੀ।