ਜੇਐੱਸ ਕਲੇਰ, ਜ਼ੀਰਕਪੁਰ

ਸਥਾਨਕ ਪੁਲਿਸ ਨੇ ਕਰਿਫ਼ਊ ਦੌਰਾਨ ਡੀਸੀ ਮੋਹਾਲੀ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ 9 ਵਿਅਕਤੀਆਂ ਨੂੰ ਗਿ੍ਫਤਾਰ ਕੀਤਾ ਹੈ ਅਤੇ 1 ਕਾਰ ਕਬਜ਼ੇ ਵਿਚ ਲਈ ਹੈ। ਜ਼ੀਰਕਪੁਰ ਥਾਣੇ ਦੇ ਐੱਸਐੱਚਓ ਗੁਰਵੰਤ ਸਿੰਘ ਨੇ ਦੱਸਿਆ ਕਿ ਜ਼ੀਰਕਪੁਰ ਪੁਲਿਸ ਨੇ ਬੀਤੀ ਰਾਤ ਪੁਲਿਸ ਪਾਰਟੀ ਵੱਲੋਂ ਕੀਤੀ ਜਾ ਰਹੀ ਗਸ਼ਤ ਦੌਰਾਨ ਵਿਆਈਪੀ ਰੋਡ ਤੇ ਇੱਕ ਕਾਰ ਮਾਰਕਾ ਸਕਾਰਪੀਓ (ਸੀਐੱਚ 01 ਬੀਕਿਊ 3800) 'ਚ ਸਵਾਰ ਹੋ ਕੇ ਦੋ ਵਿਅਕਤੀ ਬਿਨਾਂ ਵਜ੍ਹਾ ਤੋਂ ਘੁੰਮ ਰਹੇ ਸਨ ਜਿਨ੍ਹਾਂ ਕਾਰਨ ਕੋਰੋਨਾ ਵਾਇਰਸ ਦੇ ਫੈਲਣ ਦਾ ਵੀ ਖ਼ਤਰਾ ਹੈ ਇਸ ਸਬੰਧੀ ਰਾਮ ਅਤੇ ਤਰੁਨ ਭਾਰਦਵਾਜ ਖ਼ਿਲਾਫ਼ ਕੇਸ ਦਰਜ ਕਰਕੇ ਗਿ੍ਫ਼ਤਾਰ ਕੀਤਾ ਗਿਆ। ਇਸੇ ਤਰ੍ਹਾਂ ਪੁਲਿਸ ਪਾਰਟੀ ਨੇ ਅੰਬਾਲਾ ਰੋਡ 'ਤੇ ਸਥਿੱਤ ਗਲੋਬਲ ਬਿਜ਼ਨਿਸ ਪਾਰਕ ਦੇ ਨਜ਼ਦੀਕ ਅਤੇ ਐੱਨਕੇ ਸ਼ਰਮਾ ਦੇ ਦਫ਼ਤਰ ਲਗੇ ਦੋ ਦੁਕਾਨਦਾਰਾਂ ਨੇ ਬਿਨਾਂ ਪਰਮਿਸ਼ਨ ਤੋਂ ਕਰਿਆਨੇ ਦੀਆਂ ਦੁਕਾਨਾ ਖੋਲ੍ਹੀਆਂ ਹੋਈਆਂ ਸੀ ਜਿਸ ਕਾਰਨ ਮਹਾਮਾਰੀ ਦੇ ਫੈਲਣ ਦਾ ਖ਼ਤਰਾ ਸੀ। ਪੁਲਿਸ ਨੇ ਇਸ ਸਬੰਧੀ ਰਾਜਿੰਦਰ ਕੁਮਾਰ ਤੇ ਰਵਿੰਦਰ ਕੁਮਾਰ ਖ਼ਿਲਾਫ਼ ਕੇਸ ਦਰਜ ਕਰਕੇ ਗਿ੍ਫ਼ਤਾਰ ਕੀਤਾ ਹੈ। ਇਸ ਤਰੀਕੇ ਪੁਲਿਸ ਵੱਲੋਂ ਬਿਨਾ ਕਿਸੇ ਕਾਰਨ ਤੋਂ ਸ਼ਹਿਰ 'ਚ ਵੱਖ-ਵੱਖ ਥਾਵਾਂ ਤੇ ਸੜਕਾਂ 'ਤੇ ਪੈਦਲ ਘੁੰਮਦੇ 6 ਵਿਅਕਤੀਆਂ, ਜਿਨ੍ਹਾਂ ਕਾਰਨ ਕੋਰੋਨਾ ਦੇ ਵਾਇਰਸ ਦੇ ਫੈਲਣ ਦਾ ਖ਼ਤਰਾ ਹੈ ਤੇ ਕਰਿਫ਼ਊ ਦੀ ਉਲੰਘਣਾ ਕਰ ਰਹੇ ਸਨ ਨੂੰ ਗਿਰਫ਼ਤਾਰ ਕਰ ਕੀਤਾ ਹੈ ਜਿਨ੍ਹਾਂ ਦੀ ਪਛਾਣ ਹੇਮੰਤ, ਸਮੀਮ, ਲਕਸ਼ਮੀ ਕੁਮਾਰ ਯਾਦਵ, ਨੰਦ ਲਾਲ, ਮੁਨੀਸ਼ ਕੁਮਾਰ ਤੇ ਸਮੀਮ ਹੁਸੈਨ ਵਜੋਂ ਹੋਈ ਹੈ। ਗੁਰਵੰਤ ਸਿੰਘ ਨੇ ਦੱਸਿਆ ਕਿ ਉਕਤ ਸਾਰੇ ਹੀ ਵਿਅਕਤੀਆਂ ਨੂੰ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਲੋਕਾਂ ਨੂੰ ਸਮਝਾਉਂਦੇ ਹਨ ਕਿ ਕੋਰੋਨਾ ਵਰਗੀ ਬੀਮਾਰੀ ਤੋਂ ਬਚਣ ਲਈ ਉਨ੍ਹਾਂ ਦਾ ਘਰ ਬੈਠਣਾ ਲਾਜ਼ਮੀ ਹੈ ਪਰ ਲੋਕ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ।