ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਵਿਵਾਦਿਤ ਪੁਲਿਸ ਅਫ਼ਸਰ ਰਹੇ ਗੁਰਮੀਤ ਸਿੰਘ ਉਰਫ਼ ਪਿੰਕੀ ਕੈਟ ਅਤੇ ਨਿਹੰਗ ਬਾਬਾ ਅਮਨ ਸਿੰਘ ਦੀਆਂ ਤਸਵੀਰਾਂ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਅਤੇ ਭਾਜਪਾ ਆਗੂਆਂ ਸੁਖਮਿੰਦਰ ਸਿੰਘ ਗਰੇਵਾਲ, ਝਾਰਖੰਡ ਤੋਂ ਸੰਸਦ ਮੈਂਬਰ ਸੁਨੀਲ ਕੁਮਾਰ ਨਾਲ ਜਨਤਕ ਹੋਣ ਤੋਂ ਬਾਅਦ ਸੂਬੇ ਦੀ ਸਿਆਸਤ ਭਖ਼ ਗਈ ਹੈ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵਿਵਾਦਿਤ ਪੁਲਿਸ ਅਧਿਕਾਰੀ ਗੁਰਮੀਤ ਸਿੰਘ ਪਿੰਕੀ ਕੈਟ ਦੀਆਂ ਤਸਵੀਰਾਂ ਜਨਤਕ ਹੋਣ ’ਤੇ ਪਿਛਲੇ ਦਿਨੀਂ ਸਿੰਘੂ ਬਾਰਡਰ ’ਤੇ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਤ ਵਿਅਕਤੀ ਨੂੰ ਕੋਹ-ਕੋਹ ਕੇ ਮਾਰਨ ਦੀ ਘਟਨਾ ਨੂੰ ਡੂੰਘੀ ਸਾਜ਼ਿਸ਼ ਦੱਸਿਆ ਹੈ।

ਦੋਹਾਂ ਆਗੂਆਂ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਇਹ ਜਨਤਕ ਹੋਣਾ ਚਾਹੀਦਾ ਹੈ ਕਿ ਪੁਲਿਸ ਕੈਟ ਅਤੇ ਭਾਜਪਾ ਆਗੂਆਂ ਵਿਚਕਾਰ ਕੀ ਮੀਟਿੰਗ ਹੋਈ। ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ, ਇਸ ਗੱਲ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਨਿਹੰਗਾਂ ਵੱਲੋਂ ਬੇਅਦਬੀ ਕਰਨ ਦੇ ਦੋਸ਼ ਹੇਠ ਕਤਲ ਕੀਤੇ ਗਏ ਤਰਨਤਾਰਨ ਦੇ ਪਿੰਡ ਚੀਮਾ ਖ਼ੁਰਦ ਦੇ ਲਖਬੀਰ ਸਿੰਘ ਨੂੰ ਉੱਥੇ ਕੌਣ ਲੈ ਕੇ ਗਿਆ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਇਨ੍ਹਾਂ ਤਸਵੀਰਾਂ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਸਾਹਮਣੇ ਆ ਰਹੇ ਹਨ। ਜਿੱਥੇ ਜ਼ਿਆਦਾਤਰ ਲੋਕ ਇਸ ਘਟਨਾ ਦੀ ਨਿਖੇਧੀ ਕਰ ਰਹੇ ਹਨ ਉੱਥੇ ਨਿਹੰਗਾਂ ਦੀ ਭੂਮਿਕਾ ’ਤੇ ਸਵਾਲ ਵੀ ਚੁੱਕ ਰਹੇ ਹਨ। ਕਈਆਂ ਨੇ ਅਨੁਸੂਚਿਤ ਜਾਤੀ ਦੇ ਵਿਅਕਤੀ ਦੇ ਕਤਲ ਮਾਮਲੇ ਵਿਚ ਡੂੰਘੀ ਸਾਜ਼ਿਸ਼ ਹੋਣ ਦਾ ਦੋਸ਼ ਲਾਉਂਦਿਆਂ ਭਾਜਪਾ ਨੂੰ ਘੇਰਿਆ ਹੈ। ਕਈ ਵੱਡੇ ਆਗੂਆਂ ਦੀ ਚੁੱਪੀ ’ਤੇ ਵੀ ਕਿੰਤੂ-ਪਰੰਤੂ ਹੋ ਰਹੇ ਹਨ।

ਉੱਧਰ, ਗੁਰਮੀਤ ਸਿੰਘ ਪਿੰਕੀ ਦਾ ਕਹਿਣਾ ਹੈ ਕਿ ਭਾਜਪਾ ਆਗੂ ਸੁਖਮਿੰਦਰ ਸਿੰਘ ਗਰੇਵਾਲ ਉਸ ਦਾ ਰਿਸ਼ਤੇਦਾਰ ਹੈ ਅਤੇ ਉਹ ਆਪਣੇ ਨਿੱਜੀ ਮਾਮਲੇ ਵਿਚ ਕੇਂਦਰੀ ਮੰਤਰੀ ਨੂੰ ਮਿਲਣ ਗਿਆ ਸੀ। ਵਾਇਰਲ ਹੋ ਰਹੀਆਂ ਤਸਵੀਰਾ ਵਿਚ ਉਸ ਦਾ ਕੀ ਕਸੂਰ ਹੈ। ਪਿੰਕੀ ਨੇ ਸਿਆਸੀ ਆਗੂਆਂ ਨੂੰ ਕਿਹਾ ਕਿ ਜਿਸਨੇ ਸਿਆਸਤ ਕਰਨੀ ਹੈ ਕਰੇ ਪਰ ਇਸ ਮਾਮਲੇ ਵਿਚ ਉਸਨੂੰ ਨਾ ਘੜੀਸਿਆ ਜਾਵੇ ਅਤੇ ਉਸਨੂੰ ਜ਼ੁਬਾਨ ਖੋਲ੍ਹਣ ਲਈ ਮਜਬੂਰ ਨਾ ਕੀਤਾ ਜਾਵੇ। ਪਿੰਕੀ ਦਾ ਕਹਿਣਾ ਹੈ ਕਿ ਉਹ ਸਾਲ 2006 ਤੋਂ 2014 ਤਕ ਜੇਲ੍ਹ ਵਿਚ ਰਿਹਾ ਹੈ ਅਤੇ ਪਟਿਆਲਾ ਜੇਲ੍ਹ ਵਿਚ ਹੀ ਬਾਬਾ ਅਮਨ ਸਿੰਘ ਨਾਲ ਮੁਲਾਕਾਤ ਹੋਈ ਸੀ।

ਗੁਰਮੀਤ ਸਿੰਘ ਨੇ ਸਿਆਸੀ ਆਗੂਆਂ ਨੂੰ ਸਵਾਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪਿੰਕੀ ਕਿਉਂ ਚੁੱਭਦੈ? ਉਨ੍ਹਾਂ ਤਸਵੀਰ 5 ਅਗਸਤ ਦੀ ਹੋਣ ਦੀ ਗੱਲ ਕਹੀ ਹੈ। ਖਾਲੜਾ ਕਾਂਡ ਵਿਚ ਦੋਸ਼ੀ ਸਾਬਤ ਹੋ ਚੁੱਕੇ ਬਹੁਤ ਸਾਰੇ ਪੁਲਿਸ ਅਧਿਕਾਰੀਆਂ ਤੋਂ ਅਜੇ ਤਕ ਬਹਾਦਰੀ ਮੈਡਲ ਵਾਪਸ ਨਹੀਂ ਲਏ ਗਏ, ਪਰ ਉਸ ਤੋਂ ਮੈਡਲ ਵਾਪਸ ਲੈ ਲਿਆ ਗਿਆ, ਜਿਸ ਕਰ ਕੇ ਉਹ ਕੇਂਦਰੀ ਮੰਤਰੀ ਨੂੰ ਮਿਲਣ ਗਿਆ ਸੀ।

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਸਿੰਘੂ ਬਾਰਡਰ ’ਤੇ ਲਖਬੀਰ ਦੀ ਹੱਤਿਆ ਮਾਮਲੇ ਵਿਚ ਕੇਂਦਰ ਦੀਆਂ ਖ਼ੁਫੀਆ ਏਜੰਸੀਆਂ ਦਾ ਹੱਥ ਹੋਣ ਦਾ ਸ਼ੱਕ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਅੰਦੋਲਨ ਨੂੰ ਇਕ ਧਰਮ ਵਿਸੇਸ਼ ਦਾ ਅੰਦੋਲਨ ਸਿੱਧ ਕਰਨ ਅਤੇ ਸਿੱਖਾਂ ਤੇ ਨਿਹੰਗ ਜੱਥੇਬੰਦੀਆਂ ਵਿਚ ਪਾੜਾ ਪਾਉਣ ਦੀ ਸਾਜਿਸ਼ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਪਹਿਲਾਂ ਹਰਿਆਣਾ ਦੇ ਇਕ ਐੱਸਡੀਐੱਮ ਵੱਲੋਂ ਪੁਲਿਸ ਨੂੰ ਕਿਸਾਨਾਂ ਦੇ ਸਿਰ ਪਾੜਨ ਦਾ ਕਹਿਣਾ, ਫਿਰ ਹਰਿਆਣਾ ਦੇ ਮੁੱਖ ਮੰਤਰੀ ਦਾ ਲੋਕਾਂ ਨੂੰ ਡਾਂਗਾਂ ਚੁੱਕਣ ਲਈ ਕਹਿਣਾ, ਲਖੀਮਪੁਰ ਖੀਰੀ ਵਿਚ ਕਿਸਾਨਾਂ ਨੂੰ ਭਾਜਪਾ ਨੇਤਾ ਵੱਲੋਂ ਗੱਡੀ ਥੱਲੇ ਦੇਣਾ, ਸਿੰਘੂ ਬਾਰਡਰ ਦੀ ਘਟਨਾ ਅਤੇ ਪੰਜਾਬ ਵਿਚ ਬੀਐੱਸਐੱਫ ਦਾ ਦਾਇਰਾ ਵਧਾਉਣਾ ਇਹ ਸਭ ਇਕ ਵੱਡੀ ਸਾਜਿਸ਼ ਦੀਆਂ ਕੜੀਆਂ ਹਨ।

Posted By: Jatinder Singh