ਜੇਐੱਨਐੱਨ, ਚੰਡੀਗੜ੍ਹ : ਦਿੱਲੀ 'ਚ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹਿੰਸਾ ਤੇ ਲਾਲ ਕਿਲ੍ਹੇ 'ਤੇ ਰਾਸ਼ਟਰੀ ਝੰਡੇ ਦੀ ਥਾਂ ਕੇਸਰੀਆ ਝੰਡਾ ਲਹਿਰਾਏ ਜਾਣ ਦੀ ਘਟਨਾ ਤੋਂ ਬਾਅਦ ਪੰਜਾਬੀ ਫਿਲਮਾਂ ਦੇ ਮੰਨੇ-ਪ੍ਰਮੰਨੇ ਕਲਾਕਾਰ ਦੀਪ ਸਿੱਧੂ ਵਿਵਾਦਾਂ 'ਚ ਹਨ। ਪੰਜਾਬੀ ਫਿਲਮਾਂ 'ਚ ਜ਼ਿਆਦਾਤਰ ਨਾਇਕ ਦੀ ਭੂਮਿਕਾ ਨਿਭਾਉਣ ਵਾਲੇ ਦੀਪ ਸਿੱਧੂ ਇਸ ਘਟਨਾ ਤੋਂ ਬਾਅਦ ਲੋਕਾਂ ਦੇ ਨਿਸ਼ਾਨੇ 'ਤੇ ਆ ਗਏ ਹਨ। ਕਿਸਾਨ ਆਗੂਆਂ ਨੇ ਵੀ ਇਸ ਘਟਨਾ ਲਈ ਦੀਪ ਸਿੱਧੂ 'ਤੇ ਵੀ ਨਿਸ਼ਾਨਾ ਵਿੰਨ੍ਹਿਆ ਹੈ। ਦੂਜੇ ਪਾਸੇ, ਦੀਪ ਨੇ ਪੂਰੇ ਮਾਮਲੇ 'ਤੇ ਸਫਾਈ ਦਿੱਤੀ ਹੈ ਤੇ ਲੋਕਾਂ ਨੂੰ ਭੜਕਾਉਣ ਦੇ ਦੋਸ਼ ਨੂੰ ਗਲਤ ਦੱਸਿਆ ਹੈ। ਸਿੱਧੂ ਨੇ ਇੰਟਰਨੈੱਟ ਮੀਡੀਆ 'ਤੇ ਲਾਈਵ ਹੋ ਕੇ ਕਿਹਾ ਕਿ ਇਸ ਘਟਨਾ ਲਈ ਉਨ੍ਹਾਂ ਨੂੰ ਵਿਲੇਨ ਬਣਾਉਣਾ ਗਲਤ ਹੈ। ਦੂਜੇ ਪਾਸੇ ਐੱਨਆਈਏ ਨੇ ਦੀਪ ਸਿੱਧੂ ਨੂੰ ਸੰਮਨ ਜਾਰੀ ਕਰ ਪੇਸ਼ ਹੋਣ ਨੂੰ ਕਿਹਾ ਹੈ। ਜਾਣਕਾਰੀ ਮੁਤਾਬਿਕ ਉਨ੍ਹਾਂ ਨੇ ਪਹਿਲਾਂ ਵੀ ਐੱਨਆਈਏ ਦਾ ਨੋਟਿਸ ਮਿਲ ਚੁੱਕਿਆ ਹੈ।

ਪੂਰੇ ਮਾਮਲੇ 'ਚ ਨਿਸ਼ਾਨੇ 'ਤੇ ਆਉਣ ਤੋਂ ਬਾਅਦ ਦੀਪ ਸਿੱਧੂ ਨੇ ਇੰਟਰਨੈੱਟ ਮੀਡੀਆ 'ਤੇ ਲਾਈਵ ਹੋ ਕੇ ਆਪਣੀ ਸਫਾਈ ਦਿੱਤੀ। ਫੇਸਬੁੱਕ 'ਤੇ ਲਾਈਵ ਹੋ ਕੇ ਦੀਪ ਸਿੱਧੂ ਨੇ ਕਿਹਾ ਕਿ ਉਸ 'ਤੇ ਲੋਕਾਂ ਨੂੰ ਭੜਕਾਉਣਾ ਦਾ ਦੋਸ਼ ਗਲਤ ਹੈ। ਦੀਪ ਨੇ ਕਿਹਾ, 'ਕੀ ਲੋਕਾਂ ਨੂੰ ਕੋਈ ਇਕ ਵਿਅਕਤੀ ਭੜਕਾ ਸਕਦਾ ਹੈ। ਦੀਪ ਮੁਤਾਬਿਕ, ਦਰਅਸਲ ਕਿਸਾਨ ਖ਼ਾਸ ਕਰ ਯੁਵਾ ਦਿੱਲੀ 'ਚ ਰਿੰਗ ਰੋਡ ਤੋਂ ਜਾਣਾ ਚਾਹੁੰਦੇ ਸਨ ਤੇ ਕਿਸਾਨ ਆਗੂਆਂ ਨੂੰ ਬੈਠਕ 'ਚ ਸਾਫ਼-ਸਾਫ਼ ਇਹ ਗੱਲ ਕਹਿ ਰਹੇ ਸਨ। ਜਦੋਂ ਕਿਸਾਨ ਆਗੂਆਂ ਨੇ ਦਿੱਲੀ ਪੁਲਿਸ ਦੇ ਨਾਲ ਸਮਝੌਤਿਆਂ 'ਚ ਤੈਅ ਰੂਟਾਂ 'ਤੇ ਟਰੈਕਟਰ ਪਰੇਡ ਕਰਨ ਦੀ ਗੱਲ ਕਹੀ ਤਾਂ ਯੁਵਾ ਕਿਸਾਨਾਂ ਨੇ ਇਸ ਦਾ ਵਿਰੋਧ ਕੀਤਾ ਤੇ ਕਿਹਾ ਕਿ ਉਹ ਰਿੰਗ ਰੋਡ ਹੋ ਕੇ ਹੀ ਜਾਣਗੇ ਪਰ ਕਿਸਾਨ ਆਗੂਆਂ ਨੇ ਉਨ੍ਹਾਂ ਦੀ ਭਾਵਨਾ ਨਹੀਂ ਸਮਝੀ ਤੇ ਇਸ ਕਾਰਨ ਅਜਿਹਾ ਹੋਇਆ।'

ਦੀਪ ਸਿੱਧੂ ਨੇ ਕਿਹਾ, 'ਲਾਲ ਕਿਲ੍ਹੇ ਕੋਲ ਭਾਰੀ ਗਿਣਤੀ 'ਚ ਲੋਕ ਪਹੁੰਚੇ ਤਾਂ ਕੀ ਸਾਰਿਆਂ ਨੂੰ ਮੈਂ ਹੀ ਭੜਕਾਇਆ। ਹੋਰ ਬਾਰਡਰ ਤੋਂ ਕੱਢੇ ਗਏ ਟਰੈਕਟਰ ਪਰੇਡ 'ਚ ਵੀ ਤੈਅ ਰੂਟਾਂ ਦੀ ਉਲੰਘਣਾ ਕੀਤੀ ਗਈ। ਲਾਲ ਕਿਲ੍ਹੇ 'ਤੇ ਵੀ ਕੇਸਰੀਆ ਝੰਡਾ ਲਹਿਰਾਉਣ 'ਤੇ ਵੀ ਉਸ ਨੇ ਸਫਾਈ ਦਿੱਤੀ ਹੈ। ਉਸ ਦਾ ਕਹਿਣਾ ਹੈ ਕਿ ਉੱਥੇ ਝੰਡੇ ਨੂੰ ਹਟਾਇਆ ਨਹੀਂ ਗਿਆ।'

ਉਨ੍ਹਾਂ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਪ੍ਰਤੀਕਾਤਮਕ ਵਿਰੋਧ ਦਰਜ ਕਰਾਉਣ ਲਈ ਅਸੀਂ ਨਿਸ਼ਾਨ ਸਾਹਿਬ ਅਤੇ ਕਿਸਾਨੀ ਦਾ ਝੰਡਾ ਲਹਿਰਾਇਆ ਅਤੇ ਨਾਲ ਹੀ ਕਿਸਾਨ ਮਜ਼ਦੂਰ ਏਕਤਾ ਦਾ ਨਾਅਰਾ ਵੀ ਲਾਇਆ। ਉਨ੍ਹਾਂ ਨੇ ਨਿਸ਼ਾਨ ਸਾਹਿਬ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਝੰਡਾ ਦੇਸ਼ ਦੀ ਵਿਵਧਤਾ ਵਿਚ ਏਕਤਾ ਦੀ ਪ੍ਰਤੀਨਿਧਤਾ ਕਰਦਾ ਹੈ।

Posted By: Amita Verma