ਜੇਐੱਨਐੱਨ, ਚੰਡੀਗੜ੍ਹ : ਜੋ ਲੋਕ ਸੋਸ਼ਲ ਮੀਡੀਆ 'ਤੇ ਫੈਲੀ ਅਫਵਾਹ 'ਤੇ ਯਕੀਨ ਕਰ ਕੇ ਅਖ਼ਬਾਰ ਨਹੀਂ ਪੜ੍ਹ ਰਹੇ ਹਨ ਤੇ ਇਹ ਮੰਨ ਰਹੇ ਹਨ ਕਿ ਇਸ ਨਾਲ ਵਾਇਰਸ ਫੈਲਦਾ ਹੈ ਅਸਲ ਵਿਚ ਇਹ ਸਿਰਫ ਇਕ ਵਹਿਮ ਹੈ। ਇਸ ਤੋਂ ਡਰਨ ਦੀ ਲੋੜ ਨਹੀਂ ਹੈ। ਕਈ ਮਾਹਿਰ ਇਸ ਵਹਿਮ ਨੂੰ ਦੂਰ ਕਰ ਚੁੱਕੇ ਹਨ, ਸਗੋਂ ਹੁਣ ਤਾਂ ਲੋਕਾਂ ਕੋਲ ਘਰ ਵਿਚ ਰਹਿ ਕੇ ਜ਼ਿਆਦਾ ਅਖ਼ਬਾਰ ਪੜ੍ਹਨ ਦਾ ਸਮਾਂ ਹੈ ਤੇ ਉਹ ਦੇਸ਼ ਤੇ ਆਪਣੇ ਸ਼ਹਿਰ ਦੀ ਕੋਰੋਨਾ ਨਾਲ ਸੰਬੰਧਤ ਹਰ ਅਪਡੇਟ ਜਾਣਕਾਰੀ ਲੈ ਪਾਉਣਗੇ। ਇਹ ਕਹਿਣਾ ਹੈ ਭਾਰਤ ਸਰਕਾਰ ਦੇ ਸਾਬਕਾ ਰੇਲ ਮੰਤਰੀ ਪਵਨ ਬਾਂਸਲ ਦਾ। ਪਵਨ ਬਾਂਸਲ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਖ਼ਿਲਾਫ਼ ਹਰ ਸ਼ਹਿਰਵਾਸੀ ਨੂੰ ਲੜਾਈ ਮਿਲ ਕੇ ਨਹੀਂ ਸਗੋਂ ਵੱਖ-ਵੱਖ ਰਹਿ ਕੇ ਲੜਨੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਮੇਂ ਹਰ ਕਿਸੇ ਨੂੰ ਘਰ 'ਚ ਰਹਿ ਕੇ ਲਾਕਡਾਊਨ ਦਾ ਪਾਲਨ ਕਰਨਾ ਚਾਹੀਦਾ ਹੈ। ਕੋਈ ਵੀ ਘਰ ਤੋਂ ਬਾਹਰ ਨਾ ਨਿਕਲੇ।