ਜਾਗਰਣ ਸੰਵਾਦਦਾਤਾ, ਚੰਡੀਗੜ੍ਹ : ਚੰਡੀਗੜ੍ਹ ਸੈਕਟਰ-37 ਸਥਿਤ ਦੂਰਦਰਸ਼ਨ ਕੇਂਦਰ ਦੇ ਦਫ਼ਤਰ ’ਚ ਸ਼ੁੱਕਰਵਾਰ ਸਵੇਰੇ ਬੰਬ ਮਿਲਣ ਦੀ ਖ਼ਬਰ ਨਾਲ ਹੜਕੰਪ ਮਚ ਗਿਆ। ਇਸ ਦੀ ਸੂਚਨਾ ਕਿਸੇ ਨੇ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ। ਸੂਚਨਾ ਮਿਲਦਿਆਂ ਹੀ ਪੁਲਿਸ ਵਿਭਾਗ ’ਚ ਵੀ ਹਲਚਲ ਪੈਦਾ ਹੋ ਗਈ। ਇਸ ਤੋਂ ਤੁਰੰਤ ਬਾਅਦ ਬੰਬ ਸਕੁਐਡ, ਡਾਗ ਸਕੁਐਡ, ਆਪ੍ਰੇਸਨ ਸੈੱਲ, ਕ੍ਰਾਈਮ ਬ੍ਰਾਂਚ ਅਤੇ ਪੁੁਲਿਸ ਵਿਭਾਗ ਦੇ ਉੱਚ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ। ਦਫ਼ਤਰ ਵਿਚ ਕੰਮ ਕਰਦੇ ਮੁਲਾਜ਼ਮਾਂ ਨੂੰ ਤੁਰੰਤ ਬਾਹਰ ਕੱਢਿਆ ਗਿਆ। ਆਲੇ-ਦੁਆਲੇ ਦੇ ਇਲਾਕੇ ਨੂੰ ਵੀ ਸੀਲ ਕਰ ਦਿੱਤਾ ਗਿਆ। ਪੁਲਿਸ ਨੇ ਕਰੀਬ ਇਕ ਘੰਟੇ ਤਕ ਤਲਾਸ਼ੀ ਮੁਹਿੰਮ ਚਲਾਈ। ਇਸ ਤੋਂ ਬਾਅਦ ਪਤਾ ਲੱਗਿਆ ਕਿ ਇਹ ਪੁਲਿਸ ਦੀ ਮੌਕ ਡਰਿੱਲ ਸੀ।

ਪੁਲਿਸ ਕੰਟਰੋਲ ਰੂਮ ’ਚ ਸੂਚਨਾ ਮਿਲੀ ਕਿ ਦੂਰਦਰਸ਼ਨ ਦਫਤਰ ’ਚ ਬੰਬ ਰੱਖਿਆ ਹੋਇਆ ਹੈ। ਇਸ ਤੋਂ ਬਾਅਦ ਪੁਲਿਸ ਵਿਭਾਗ ਦੇ ਅਧਿਕਾਰੀ ਚੌਕਸ ਹੋ ਗਏ। ਜਲਦੀ ਵਿਚ ਸੈਕਟਰ-36 ਥਾਣਾ, ਸੈਕਟਰ-39 ਥਾਣਾ, ਸੈਕਟਰ-34 ਥਾਣੇ ਦੀ ਟੀਮ ਮੌਕੇ ’ਤੇ ਪਹੁੰਚ ਗਈ। ਦੂਰਦਰਸ਼ਨ ਦਫ਼ਤਰ ਨੂੰ ਜਾਂਦੀ ਸੜਕ ਨੂੰ ਬੈਰੀਕੇਡ ਲਾ ਕੇ ਜਾਮ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਦਫ਼ਤਰ ਵਿਚ ਮੌਜੂਦ ਸਟਾਫ ਨੂੰ ਬਾਹਰ ਕੱਢ ਕੇ ਬੰਬ ਸਕੁਐਡ ਅਤੇ ਡਾਗ ਸਕੁਐਡ ਦੀ ਟੀਮ ਨੇ ਚੱਪੇ-ਚੱਪੇ ਨੂੰ ਛਾਣ ਮਾਰਿਆ। ਦੂਰਦਰਸ਼ਨ ਦਫ਼ਤਰ ’ਚ ਕੁਝ ਵੀ ਸ਼ੱਕੀ ਨਾ ਮਿਲਣ ਤੋਂ ਬਾਅਦ ਸੂਚਨਾ ਅਧਿਕਾਰੀਆਂ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਇਹ ਮੌਕ ਡਰਿੱਲ ਕਾਲ ਸੀ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਸੈਕਟਰ-51 ਸਥਿਤ ਮਾਡਲ ਜੇਲ੍ਹ ਦੀ ਸੁਰੱਖਿਆ ਪ੍ਰਣਾਲੀ ਨੂੰ ਪਰਖਣ ਲਈ ਇਸ ਤਰ੍ਹਾਂ ਦੀ ਮੌਕ ਡਰਿੱਲ ਵੀ ਕੀਤੀ ਜਾ ਚੁੱਕੀ ਹੈ। ਜੇਲ੍ਹ ਅੰਦਰ ਬੰਬ ਧਮਾਕੇ ਦੀ ਸੂਚਨਾ ’ਤੇ ਪਹੁੰਚੀਆਂ ਵੱਖ-ਵੱਖ ਟੀਮਾਂ ਦੀ ਜਾਂਚ ਤੋਂ ਬਾਅਦ ਅਧਿਕਾਰੀਆਂ ਨੇ ਮੌਕ ਡਰਿੱਲ ਦੀ ਸੂਚਨਾ ਦਿੱਤੀ ਸੀ।

Posted By: Harjinder Sodhi