ਸਟੇਟ ਬਿਊਰੋ, ਚੰਡੀਗੜ੍ਹ : ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਸੋਮਵਾਰ ਪਹਿਲੀ ਮਾਰਚ ਤੋਂ ਚਾਰਦੀਵਾਰੀ ਅੰਦਰ 100 ਤੇ ਬਾਹਰ 200 ਲੋਕ ਹੀ ਇਕੱਤਰ ਹੋ ਸਕਣਗੇ। ਨਾਲ ਹੀ ਡਿਪਟੀ ਕਮਿਸ਼ਨਰ ਸਬੰਧਿਤ ਜ਼ਿਲ੍ਹਿਆਂ 'ਚ ਹਾਟ ਸਪਾਟ ਇਲਾਕਿਆਂ ਵਿਚ ਲੋੜ ਪੈਣ 'ਤੇ ਰਾਤ ਦਾ ਕਰਫਿਊ ਲਾ ਸਕਣਗੇ।

ਇਸ ਸਬੰਧੀ ਪੰਜਾਬ ਸਰਕਾਰ ਨੇ ਏਸੇ ਹਫ਼ਤੇ ਫ਼ੈਸਲਾ ਲਿਆ ਸੀ ਜੋ ਕਿ ਕੱਲ੍ਹ ਤੋਂ ਲਾਗੂ ਹੋ ਜਾਵੇਗਾ। ਸਰਕਾਰ ਦੇ ਫ਼ੈਸਲੇ ਅਨੁਸਾਰ ਚਾਰਦੀਵਾਰੀ ਅੰਦਰ ਕੋਈ ਵੀ ਸਮਾਗਮ ਹੁੰਦਾ ਹੈ ਤਾਂ ਉੱਥੇ 100 ਤੋਂ ਜ਼ਿਆਦਾ ਲੋਕ ਇਕੱਤਰ ਨਹੀਂ ਹੋ ਸਕਣਗੇ। ਜਦਕਿ ਖੁੱਲ੍ਹੀ ਥਾਂ ਵਿਚ ਸਮਾਗਮ ਹੋਣ 'ਤੇ 200 ਤੋਂ ਜ਼ਿਆਦਾ ਲੋਕ ਇਕੱਤਰ ਨਹੀਂ ਹੋ ਸਕਣਗੇ।

ਮਾਸਕ ਪਾਉਣ ਵੀ ਲਾਜ਼ਮੀ ਰਹੇਗਾ। ਪੰਜਾਬ ਸਰਕਾਰ ਛੇਤੀ ਹੀ ਸਿਨੇਮਾ ਘਰਾਂ ਵਿਚ ਵੀ ਭੀੜ ਨੂੰ ਘੱਟ ਕਰਨ ਲਈ ਕੋਈ ਵੱਡੀ ਕਦਮ ਉਠਾ ਸਕਦੀ ਹੈ। ਹਾਲਾਂਕਿ ਕੋਰੋਨਾ ਕਾਰਨ ਪਹਿਲਾਂ ਹੀ ਸਿਨੇਮਾ ਘਰਾਂ ਵਿਚ ਲੋਕਾਂ ਦੀ ਗਿਣਤੀ ਕਾਫ਼ੀ ਘੱਟ ਦੇਖਣ ਨੂੰ ਮਿਲ ਰਹੀ ਹੈ। ਉਧਰ ਹਰੇਕ ਪਾਜ਼ੇਟਿਵ ਵਿਅਕਤੀ ਦੇ ਸੰਪਰਕ ਵਿਚ ਆਏ 15 ਵਿਅਕਤੀਆਂ ਦੀ ਲਾਜ਼ਮੀ ਟੈਸਟਿੰਗ ਵੀ ਹੋਵੇਗੀ।

Posted By: Jagjit Singh