ਮੇਅਰ ਦੇ ਕਾਰਜਕਾਲ ’ਤੇ ਪ੍ਰਸ਼ਾਸਨ ਤੇ ਗ੍ਰਹਿ ਮੰਤਰਾਲੇ ਦੇ ਵਿਰੋਧੀ ਰੁੱਖ ’ਤੇ ਮਨੀਸ਼ ਤਿਵਾੜੀ ਹੈਰਾਨ
ਮੇਅਰ ਦੇ ਕਾਰਜਕਾਲ ’ਤੇ ਪ੍ਰਸ਼ਾਸਨ ਤੇ ਗ੍ਰਹਿ ਮੰਤਰਾਲੇ ਦੇ ਵਿਰੋਧੀ ਰੁੱਖ ’ਤੇ ਮਨੀਸ਼ ਤਿਵਾਰੀ ਹੈਰਾਨ
Publish Date: Tue, 09 Dec 2025 08:04 PM (IST)
Updated Date: Tue, 09 Dec 2025 08:06 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਸੰਸਦ ਮੈਂਬਰ ਮਨੀਸ਼ ਤਿਵਾਰੀ ਨੇ ਮੇਅਰ ਦੇ ਕਾਰਜਕਾਲ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਰੁੱਖ ਵਿੱਚ ਸਪੱਸ਼ਟ ਵਿਰੋਧੀ ਰੁੱਖ ‘ਤੇ ਡੂੰਘੀ ਹੈਰਾਨੀ ਅਤੇ ਚਿੰਤਾ ਪ੍ਰਗਟਾਈ ਹੈ। ਤਿਵਾਰੀ ਨੇ ਕਿਹਾ ਕਿ ਹਾਲਾਤ ਇਹੋ ਜਿਹੇ ਬਣ ਗਏ ਹਨ ਕਿ ਸਮਝ ਨਹੀਂ ਆਉਂਦਾ—ਹੱਸਣਾ ਚਾਹੀਦਾ ਹੈ ਜਾਂ ਰੋਣਾ। ਉਹਨਾਂ ਨੇ ਕਿਹਾ ਕਿ ਇੱਕ ਪਾਸੇ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀ ਦਿੱਲੀ ਵਿੱਚ ਉਹਨਾਂ ਮੀਟਿੰਗਾਂ ਵਿੱਚ ਸ਼ਾਮਲ ਹੋ ਰਹੇ ਹਨ ਜਿੱਥੇ ਚੰਡੀਗੜ੍ਹ ਦੇ ਵੱਖ-ਵੱਖ ਲੰਬਿਤ ਮੁੱਦਿਆਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿੱਚ ਮੇਅਰ ਦਾ ਕਾਰਜਕਾਲ ਵਧਾ ਕੇ ਪੰਜ ਸਾਲ ਕਰਨ ਦਾ ਪ੍ਰਸਤਾਵ ਵੀ ਸ਼ਾਮਲ ਹੈ। ਦੂਜੇ ਪਾਸੇ, ਉਹਨਾਂ ਵੱਲੋਂ ਪੁੱਛੇ ਗਏ ਸੰਸਦੀ ਪ੍ਰਸ਼ਨ ਦਾ ਜਵਾਬ ਦਿੰਦਿਆਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਾਫ਼ ਕਿਹਾ ਹੈ ਕਿ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦਾ ਕਾਰਜਕਾਲ ਸਿੱਧੇ ਚੋਣਾਂ ਰਾਹੀਂ ਪੰਜ ਸਾਲ ਕਰਨ ਲਈ ਕੋਈ ਪ੍ਰਸਤਾਵ ਵਿਚਾਰਧੀਨ ਨਹੀਂ ਹੈ। ਮਨੀਸ਼ ਤਿਵਾਰੀ ਨੇ ਇਸ ਸਥਿਤੀ ਨੂੰ ਗੰਭੀਰ ਦੱਸਦਿਆਂ ਕਿਹਾ ਕਿ ਇਹ ਨਾ ਸਿਰਫ਼ ਪ੍ਰਸ਼ਾਸਕੀ ਸਪੱਸ਼ਟਤਾ ’ਤੇ ਸਵਾਲ ਖੜ੍ਹੇ ਕਰਦੀ ਹੈ, ਸਗੋਂ ਇਹ ਵੀ ਦਰਸਾਉਂਦੀ ਹੈ ਕਿ ਚੰਡੀਗੜ੍ਹ ਨਾਲ ਜੁੜੇ ਮਹੱਤਵਪੂਰਨ ਮੁੱਦਿਆਂ ’ਤੇ ਕੇਂਦਰ ਗੰਭੀਰ ਨਹੀਂ ਹੈ। ਉਹਨਾਂ ਨੇ ਪੁੱਛਿਆ ਕਿ ਜਦੋਂ ਕੇਂਦਰ ਸਰਕਾਰ ਆਪ ਹੀ ਕਹਿ ਰਹੀ ਹੈ ਕਿ ਅਜਿਹਾ ਕੋਈ ਪ੍ਰਸਤਾਵ ਨਹੀਂ, ਤਾਂ ਫਿਰ ਚੰਡੀਗੜ੍ਹ ਪ੍ਰਸ਼ਾਸਨ ਕਿਸ ਅਧਾਰ ’ਤੇ ਦਿੱਲੀ ਵਿੱਚ ਇਹ ਮੁੱਦਾ ਉਠਾ ਰਿਹਾ ਹੈ। ਤਿਵਾਰੀ ਨੇ ਕਿਹਾ ਕਿ ਚੰਡੀਗੜ੍ਹ ਦੇ ਵਿਕਾਸ ਅਤੇ ਲੋਕਤਾਂਤਰਿਕ ਢਾਂਚੇ ਨਾਲ ਜੁੜੇ ਮਹੱਤਵਪੂਰਨ ਵਿਸ਼ਿਆਂ ’ਤੇ ਅਜਿਹੀ ਸਥਿਤੀ ਜਨਤਾ ਨੂੰ ਭਰਮਾ ਰਹੀ ਹੈ । ਸੰਸਦ ਮੈਂਬਰ ਨੇ ਕੇਂਦਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੋਵਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁੱਦੇ ’ਤੇ ਸਪੱਸ਼ਟ ਅਤੇ ਇਕ ਨੀਤੀ ਲਿਆਉਣ ਤਾਂ ਜੋ ਸ਼ਹਿਰ ਦੀ ਸਥਾਨਕ ਰਾਜਨੀਤੀ ਅਤੇ ਪ੍ਰਸ਼ਾਸਕੀ ਸੰਰਚਨਾ ਨਾਲ ਜੁੜੇ ਫ਼ੈਸਲਿਆਂ ਵਿੱਚ ਪਾਰਦਰਸ਼ਤਾ ਬਣੀ ਰਹੇ।