ਨਿਰਮਲ ਸਿੰਘ ਮਾਨਸ਼ਾਹੀਆ, ਚੰਡੀਗੜ੍ਹ : ਅਧਿਆਪਕਾਂ ਦੀਆਂ ਬਦਲੀਆਂ ਦੇ ਚੱਕਰਵਿਊ ਤੋਂ ਖਹਿੜਾ ਛੁਡਾਉਣ ਲਈ ਕੈਪਟਨ ਸਰਕਾਰ ਨਵੀਂ ਪਹਿਲਕਦਮੀ ਕਰਨ ਜਾ ਰਹੀ ਹੈ, ਜਿਸ ਦੇ ਤਹਿਤ ਅਧਿਆਪਕਾਂ ਦੀਆਂ ਬਦਲੀਆਂ ਦਾ ਸਾਰਾ ਕੰਮ ਆਨਲਾਈਨ ਤੇ ਕਿਸੇ ਲੀਡਰ, ਮੰਤਰੀ ਜਾਂ ਸੰਤਰੀ ਦੀ ਸਿਫਾਰਸ਼ ਤੋਂ ਬਿਨਾਂ ਮੈਰਿਟ ਤੇ ਅਧਿਆਪਕਾਂ ਦੀ ਸਾਲਾਨਾ ਕਾਰਗੁਜ਼ਾਰੀ ਦੇ ਆਧਾਰ 'ਤੇ ਹੋਇਆ ਕਰੇਗੀ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਵੱਲੋਂ ਅਧਿਆਪਕਾਂ ਦੀ ਤਬਾਦਲਾ ਨੀਤੀ ਜਾਰੀ ਕੀਤੀ ਜਾਵੇਗੀ।

ਬਦਲੀਆਂ ਨੂੰ ਲੈ ਕੇ ਅਕਸਰ ਵਿਵਾਦਾਂ 'ਚ ਘਿਰੇ ਰਹਿਣ ਵਾਲੇ ਸਿੱਖਿਆ ਵਿਭਾਗ ਵਲੋਂ ਬਣਾਈ ਗਈ ਨਵੀਂ ਤਬਾਦਲਾ ਨੀਤੀੇ ਤਹਿਤ ਹੁਣ ਵਿਭਾਗ ਵਲੋਂ ਆਨਲਾਈਨ ਸਾਫਟਵੇਅਰ ਤਿਆਰ ਕੀਤਾ ਗਿਆ ਹੈ, ਜਿਸ ਰਾਹੀਂ ਅਧਿਆਪਕਾਂ ਨੂੰ ਬਦਲੀ ਲਈ ਅਪਲਾਈ ਕਰਨਾ ਹੋਇਆ ਕਰੇਗਾ। ਪਾਲਿਸੀ ਦੇ ਮਾਪਦੰਡ ਪੂਰੀ ਕਰਨ ਵਾਲੇ ਅਧਿਆਪਕ ਹੀ ਬਦਲੀ ਲਈ ਅਪਲਾਈ ਕਰ ਸਕਣਗੇ। ਇਸ ਸਬੰਧੀ ਜਦੋਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਨਵੀਂ ਤਬਾਦਲਾ ਨੀਤੀ ਜਲਦ ਜਾਰੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕੱਲ੍ਹ ਨੂੰ ਪ੍ਰੈਸ ਕਾਨਫਰੰਸ ਕਰ ਕੇ ਉਹ ਪਾਲਿਸੀ ਸਬੰਧੀ ਮੀਡੀਆ ਨੂੰ ਜਾਣਕਾਰੀ ਦੇਣਗੇ।

ਨਵੀਂ ਤਬਾਦਲਾ ਨੀਤੀ ਤਹਿਤ ਹੁਣ ਅਧਿਆਪਕਾਂ ਦੀਆਂ ਬਦਲੀਆਂ ਵਿਚ ਕਿਸੇ ਵੀ ਵਿਅਕਤੀ ਵਿਸ਼ੇਸ਼, ਅਫਸਰਸ਼ਾਹੀ, ਲੀਡਰ ਦੀ ਸਿਫਾਰਿਸ਼ ਨਹੀਂ ਚੱਲਿਆ ਕਰੇਗੀ ਸਗੋਂ ਮੈਰਿਟ ਅਤੇ ਕਾਰਗੁਜ਼ਾਰੀ ਦੇ ਆਧਾਰ ਉਤੇ ਆਨਲਾਈਨ ਬਦਲੀਆਂ ਹੋਇਆ ਕਰਨਗੀਆਂ। ਜਿਸ ਅਧਿਆਪਕ ਦਾ ਰਿਕਾਰਡ ਸਾਫ ਸੁਥਰਾ ਅਤੇ ਰਿਜ਼ਲਟ ਵਧੀਆ ਹੋਇਆ ਕਰੇਗਾ, ਉਹ ਅਧਿਆਪਕ ਹੀ ਬਦਲੀ ਲਈ ਆਨਲਾਈਨ ਅਪਲਾਈ ਕਰ ਸਕਿਆ ਕਰਨਗੇ।

ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨਾਲ ਸਲਾਹ ਮਸ਼ਵਰਾ ਕਰਕੇ ਤਬਾਦਲਾ ਨੀਤੀ 2019 ਵਾਲੀ ਫਾਈਲ ਕਲੀਅਰ ਕਰ ਦਿੱਤੀ ਹੈ।