ਹੋਰਡਿੰਗਾਂ ਨਾਲ ਟਰੈਫਿਕ ਪੁੁਲਿਸ ਤੇ ਚਾਲਕਾਂ 'ਚ ਬਣਿਆ ਖੇੜਕਾ ਹੋਵੇਗਾ ਖ਼ਤਮ

ਸੁਖਵਿੰਦਰਜੀਤ ਸਿੰਘ ਮਨੌਲੀ, ਚੰਡੀਗੜ੍ਹ : ਸਿਟੀ ਬਿਊਟੀਫੁੱਲ ਚੰਡੀਗੜ੍ਹ ਦੀਆਂ ਮੁੱਖ ਤੇ ਦੂਜੀਆਂ ਵੱਡੀਆਂ ਸੜਕਾਂ 'ਤੇ ਵਾਹਨਾਂ ਦੀ ਸਪੀਡ ਲਿਮਿਟ ਸਬੰਧੀ ਪ੍ਰਸ਼ਾਸਨ ਵਲੋਂ ਭਾਵੇਂ ਕੁੱਝ ਬਦਲਾ ਕਰ ਦਿੱਤੇ ਗਏ ਹਨ ਪਰ ਸੜਕਾਂ ਕਿਨਾਰੇ ਟ੍ਰੈਫਿਕ ਵਿੰਗ ਦੇ ਹੋਰਡਿੰਗਾਂ 'ਤੇ ਅਜੇ ਤੱਕ ਪੁਰਾਣੀਆਂ ਸਪੀਡ ਲਿਮਿਟਾਂ ਹੀ ਉਕਰੀਆਂ ਹੋਈਆਂ ਹਨ। ਤ੍ਰਾਸਦੀ ਇਹ ਹੈ ਕਿ ਯਾਤਾਯਾਤ ਪੁਲਿਸ ਵਲੋਂ ਪੁਰਾਣੀ ਸਪੀਡ ਲਿਮਿਟ ਦੇ ਹਿਸਾਬ ਨਾਲ ਹੀ ਵਾਹਨਾਂ ਦੇ ਚਾਲਾਨ ਕੱਟੇ ਜਾ ਰਹੇ ਹਨ। ਨਵੀਂ ਸਪੀਡ ਲਿਮਿਟ ਨਿਯਮਾਂ ਸਬੰਧੀ ਜਾਣਕਾਰੀ ਰੱਖਣ ਵਾਲੇ ਕੁੱਝ ਵਾਹਨ ਮਾਲਕਾਂ ਵਲੋਂ ਜਦੋਂ ਟ੍ਰੈਫਿਕ ਪੁਲਿਸ ਨਾਲ ਬਹਿਸ ਕੀਤੀ ਜਾਂਦੀ ਹੈ ਤਾਂ ਪੁਲਿਸ ਵਾਲਿਆਂ ਵਲੋਂ ਸਰਕਾਰੀ ਆਰਡਰ ਦਿਖਾਉਣ ਤੋਂ ਇਲਾਵਾ ਇਨਾਂ੍ਹ ਪੁਰਾਣੇ ਹੋਰਡਿੰਗਾਂ ਦੀ ਨੋਟਿੰਗ ਦਾ ਸਹਾਰਾ ਲੈਂਦਿਆਂ ਚਾਲਾਨ ਕੱਟਣ ਦਾ ਰਾਹ ਪੱਧਰਾ ਕਰ ਲਿਆ ਜਾਂਦਾ ਹੈ।

ਇਸ ਸਬੰਧੀ ਜਦੋਂ ਆਲਾ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਨਵੀਂ ਸਪੀਡ ਲਿਮਿਟ ਦੇ ਬੋਰਡ ਸੜਕਾਂ 'ਤੇ ਆਉਂਦੇ 10 ਦਿਨਾਂ 'ਚ ਪ੍ਰਦਰਸ਼ਿਤ ਕਰ ਦਿੱਤੇ ਜਾਣਗੇ। ਸੂਤਰਾਂ ਅਨੁਸਾਰ ਐੱਸਐੱਸਪੀ, ਟ੍ਰੈਫਿਕ ਪੁਲਿਸ, ਚੰਡੀਗੜ੍ਹ ਵਲੋਂ ਸੈਂਪਲ ਪ੍ਰਵਾਨ ਕਰਕੇ ਨਗਰ-ਨਿਗਮ ਤੇ ਪ੍ਰਸ਼ਾਸਨ ਦੇ ਇੰਜੀਨੀਅਰਿੰਗ ਵਿਭਾਗ ਦੇ ਸਪੁਰਦ ਕਰ ਦਿੱਤੇ ਗਏ ਹਨ। ਇਨਾਂ੍ਹ ਨਵੇਂ ਸਪੀਡ ਲਿਮਿਟ ਹੋਰਡਿੰਗਾਂ ਲਈ ਨਿਗਮ ਤੇ ਪ੍ਰਸ਼ਾਸਨ ਦੇ ਇੰਜੀਨੀਅਰਿੰਗ ਵਿਭਾਗ ਵਲੋਂ 1 ਕਰੋੜ ਦਾ ਐਸਟੀਮੇਟ ਬਣਾਇਆ ਗਿਆ ਹੈ। ਇਸ ਸਬੰਧੀ ਐੱਸਐੱਸਪੀ ਟ੍ਰੈਫਿਕ ਵਲੋਂ ਨਗਰ-ਨਿਗਮ ਤੇ ਪ੍ਰਸ਼ਾਸਨ ਦੇ ਇੰਜੀਨੀਅਰਿੰਗ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਗਈ ਹੈ।

ਪ੍ਰਸ਼ਾਸਨ ਵਲੋਂ ਬਣਾਏ ਨਵੇਂ ਸਪੀਡ ਲਿਮਿਟ ਨਿਯਮਾਂ ਨੂੰ ਤਿੰਨ ਕੈਟੇਗਿਰੀਆਂ 'ਚ ਵੰਡਿਆ ਗਿਆ ਹੈ। ਪਹਿਲੀ ਸ਼ੇ੍ਣੀ ਅਨੁਸਾਰ ਸ਼ਹਿਰ ਦੀਆਂ ਡਿਊਲ ਕੈਰਿਜ ਵੇਅ ਸੜਕਾਂ, ਜਿਨਾਂ੍ਹ ਵਿਚਕਾਰ ਸੈਂਟਰਲ ਡਿਵਾਇਡਰ ਬਣਿਆ ਹੋਇਆ ਹੈ, ਇਨਾਂ੍ਹ 'ਤੇ ਕਾਰ ਚਾਲਕ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਕਾਰ ਚਲਾ ਸਕਦੇ ਹਨ। ਇਨਾਂ੍ਹ ਸੜਕਾਂ 'ਤੇ ਸਕੂਟਰ-ਮੋਟਰਸਾਈਕਲ 45 ਕਿਲੋਮੀਟਰ ਸਪੀਡ ਨਾਲ ਦੌੜਨਗੇ ਜਦਕਿ ਬੱਸਾਂ ਤੇ ਮਾਲ ਢੋਣ ਵਾਲੇ ਵਾਹਨਾਂ ਦੀ ਸਪੀਡ 50 ਕਿਲੋਮੀਟਰ ਰੱਖੀ ਗਈ ਹੈ। ਇਨਾਂ੍ਹ ਸੜਕਾਂ 'ਤੇ ਇਸ ਤੋਂ ਵੱਧ ਸਪੀਡ ਵਾਲੇ ਵਾਹਨਾਂ ਦਾ ਟ੍ਰੈਫਿਕ ਪੁਲਿਸ ਵਲੋਂ ਚਾਲਾਨ ਕੀਤਾ ਜਾਵੇਗਾ। ਪੁਰਾਣੇ ਸਪੀਡ ਨਿਯਮਾਂ ਅਨੁਸਾਰ ਪੈਸੇਂਜਰ ਬੱਸਾਂ ਤੇ ਮਾਲ ਢੋਣ ਵਾਲੇ ਕਮਰਸ਼ੀਅਲ ਵਾਹਨ 60 ਕਿਲੋਮੀਟਰ ਨਾਲ ਸੜਕਾਂ 'ਤੇ ਦੌੜ ਰਹੇ ਹਨ ਪਰ ਹੋਰਡਿੰਗ ਲੱਗਣ ਨਾਲ ਇਨਾਂ੍ਹ 'ਤੇ 50 ਕਿਲੋਮੀਟਰ ਸਪੀਡ ਲਿਮਿਟ ਦਾ ਨਵਾਂ ਫਾਰਮੂਲਾ ਲਾਗੂ ਹੋ ਜਾਵੇਗਾ।

ਦੂਜੀ ਕੈਟੇਗਿਰੀ ਅਨੁਸਾਰ ਸ਼ਹਿਰ 'ਚ ਸੈਕਟਰਾਂ ਦੀ ਮਾਰਕਿਟਾਂ ਅੱਗੇ ਦੀਆਂ ਵੀ-ਫੋਰ ਅਤੇ ਸੈਕਟਰਾਂ ਦੀਆਂ ਸਰਕੂਲਰ ਰੋਡ ਭਾਵ ਵੀ-ਫਾਈਵ ਸੜਕਾਂ 'ਤੇ ਕਾਰਾਂ ਅਤੇ ਸਕੂਟਰ-ਮੋਟਰਸਾਇਕਲਾਂ ਸਪੀਡ ਲਿਮਿਟ 40 ਕਿਲੋਮੀਟਰ ਪ੍ਰਤੀ ਘੰਟੇ ਰੱਖੀ ਗਈ ਹੈ। ਸ਼ਹਿਰ 'ਚ ਕੇਵਲ ਸੁਖਨਾ ਲੇਕ ਤੇ ਵਿਗਿਆਨ ਪੱਥ ਨੂੰ ਜਾਣ ਵਾਲੀਆਂ ਦੋ ਸੜਕਾਂ 'ਤੇ ਕਾਰ ਚਾਲਕਾਂ ਲਈ ਸਪੀਡ ਲਿਮਿਟ 50 ਕਿਲੋਮੀਟਰ ਪ੍ਰਤੀ ਘੰਟਾ ਰੱਖੀ ਗਈ ਹੈ ਜਦਕਿ ਸਕੂਟਰ ਤੇ ਮੋਟਰਸਾਇਕਲਾਂ ਵਾਲੇ ਦੋ-ਪਹੀਆ ਚਾਲਕਾਂ ਨੂੰ ਇਨਾਂ੍ਹ ਦੋਵੇਂ ਉਪਰੋਕਤ ਸੜਕਾਂ 'ਤੇ ਟ੍ਰੈਫਿਕ ਪੁਲਿਸ ਦੇ ਚਾਲਾਨ ਤੋਂ ਬਚਣ ਲਈ ਸਪੀਡ ਲਿਮਿਟ 40 ਰੱਖਣੀ ਪਵੇਗੀ। ਇਨਾਂ੍ਹ ਦੋਵੇਂ ਸੜਕਾਂ ਨੂੰ ਸਿੰਗਲ ਕੈਰਿਜ ਵੇਅ ਦਾ ਨਾਮ ਦਿੱਤਾ ਗਿਆ ਹੈ, ਜਿਨਾਂ੍ਹ 'ਚ ਸੈਂਟਰਲ ਡਿਵਾਇਡਰ ਨਹੀਂ ਹੈ। ਇਨਾਂ੍ਹ ਦੋਵੇਂ ਸੜਕਾਂ 'ਤੇ ਯਾਤਰੀ ਬੱਸਾਂ ਅਤੇ ਪਬਲਿਕ ਕੈਰੀਅਰ ਕਮਰਸ਼ੀਅਲ ਤੇ ਪ੍ਰਰਾਈਵੇਟ ਹੈਵੀ ਗੱਡੀਆਂ ਕੇਵਲ 40 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਸਫ਼ਰ ਤੈਅ ਕਰ ਸਕਣਗੀਆਂ। ਇਸ ਤੋਂ ਇਲਾਵਾ ਤੀਜੀ ਕੈਟੇਗਿਰੀ 'ਚ ਸੈਕਟਰਾਂ ਦੀਆਂ ਅੰਦਰੂਨੀ ਸੜਕਾਂ 'ਤੇ ਦੋ-ਪਹੀਆ ਤੇ ਚਾਰ-ਪਹੀਆ ਭਾਵ ਹਰ ਕਿਸਮ ਦੇ ਵਾਹਨਾਂ ਦੇ ਸਾਰੇ ਚਾਲਕਾਂ ਨੂੰ ਸਪੀਡ ਲਿਮਿਟ 40 ਕਿਲੋਮੀਟਰ ਪ੍ਰਤੀ ਘੰਟਾ ਰੱਖਣ ਲਈ ਮਜ਼ਬੂਰ ਹੋਣਾ ਪਵੇਗਾ।