ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਸਿਹਤ ਅਤੇ ਕਿਰਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਵੀਰਵਾਰ ਨੂੰ ਪੁਲਿਸ ਕਾਲੋਨੀ ਫੇਜ਼ 8 ਵਿਖੇ ਪੇਵਰ ਬਲਾਕ ਅਤੇ ਪ੍ਰਰੀਮਿਕਸ ਪਾਉਣ ਦੇ ਕਾਰਜ ਦਾ ਨੀਂਹ ਪੱਥਰ ਰੱਖਣ ਉਪਰੰਤ ਇਸ ਮੌਕੇ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕੀਤਾ। ਕੋਵਿਡ-19 ਦੇ ਚਲਦਿਆਂ ਸਮਾਜਿਕ ਦੂਰੀ ਰੱਖਣ ਦੀ ਪਾਲਣ ਵਿੱਚ ਵੱਡਾ ਇੱਕਠ ਕਰਨ ਤੋਂ ਗੁਰੇਜ਼ ਕੀਤਾ ਗਿਆ।

ਸਿੱਧੂ ਨੇ ਕਿਹਾ ਕਿ ਸ਼ਹਿਰ ਮੋਹਾਲੀ ਦੀਆਂ ਰਿਹਾਇਸ਼ੀ ਸੁਸਾਇਟੀਆਂ ਅਤੇ ਕਾਲੋਨੀਆਂ ਦੇ ਲੋਕੀਂ ਭਾਵੇਂ ਕਈ ਪ੍ਰਕਾਰ ਦੇ ਟੈਕਸ ਨਗਰ ਨਿਗਮ ਨੂੰ ਦਿੰਦੇ ਆ ਰਹੇ ਹਨ ਪ੍ਰੰਤੂ ਦੇਖਣ 'ਚ ਆ ਰਿਹਾ ਹੈ ਕਿ ਇਨ੍ਹਾਂ ਕਾਲੋਨੀਆਂ ਤੇ ਸੁਸਾਇਟੀਆਂ 'ਚ ਪਿਛਲੇ ਸਮੇਂ ਦੌਰਾਨ ਨਗਰ ਨਿਗਮ 'ਤੇ ਕਾਬਜ਼ ਧਿਰ ਵੱਲੋਂ ਵਿਕਾਸ ਕਾਰਜ ਨਹੀਂ ਕੀਤੇ ਗਏ। ਸਿਹਤ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਵਿਕਾਸ ਕਾਰਜਾਂ 'ਚ ਕਾਲੋਨੀ ਵਿਚ ਪੇਵਰ ਬਲਾਕ ਅਤੇ ਪ੍ਰਰੀਮਿਕਸ ਪਾਉਣਾ ਸ਼ਾਮਲ ਹੈ। ਪੇਵਰ ਲਾਉਣ 'ਤੇ ਲਗਪਗ 18 ਰੁਪਏ ਲੱਖ ਰੁਪਏ ਦਾ ਖ਼ਰਚਾ ਆਵੇਗਾ ਅਤੇ ਪ੍ਰਰੀਮੀਕਸ ਤੇ ਤਕਰੀਬਨ 5 ਲੱਖ ਰੁਪਏ ਦਾ ਖ਼ਰਚਾ ਆਵੇਗਾ। ਉਨ੍ਹਾਂ ਕਿਹਾ ਕਿ ਇਸ ਕਾਲੋਨੀ 'ਚ ਲੋੜੀਂਦੇ ਵਿਕਾਸ ਕਾਰਜਾਂ ਸਬੰਧੀ ਕੁਝ ਸਮਾਂ ਪਹਿਲਾਂ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ ਸੀ ਜਿਸ ਨੂੰ ਵੇਖਦਿਆਂ ਉਨ੍ਹਾਂ ਆਪਣੇ ਅਖ਼ਤਿਆਰੀ ਫ਼ੰਡ ਵਿਚੋਂ ਇਨ੍ਹਾਂ ਵਿਕਾਸ ਕਾਰਜਾਂ ਲਈ ਰਕਮ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਵਿਕਾਸ ਕਾਰਜਾਂ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਇਸ ਮੌਕੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੇਸ਼ ਲਈ ਜਾਨਾਂ ਕੁਰਬਾਨ ਕਰਨ ਵਾਲੇ ਬਹਾਦਰ ਪੁਲਿਸ ਅਫ਼ਸਰਾਂ ਅਤੇ ਸੈਨਿਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਗੱਲਬਾਤ ਕੀਤੀ।