ਸਟੇਟ ਬਿਊਰੋ, ਚੰਡੀਗੜ੍ਹ : ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੀ ਸੇਵਾਮੁਕਤੀ 'ਚ ਬੇਸ਼ੱਕ ਹੀ ਹਾਲੇ ਕਰੀਬ ਤਿੰਨ ਮਹੀਨਿਆਂ ਦਾ ਸਮਾਂ ਬਾਕੀ ਹੈ ਪਰ ਨਵੇਂ ਮੁੱਖ ਸਕੱਤਰ ਨੂੰ ਲੈ ਕੇ ਜ਼ੋਰ ਅਜ਼ਮਾਇਸ਼ ਸ਼ੁਰੂ ਹੋ ਗਈ ਹੈ। ਅਹਿਮ ਪਹਿਲੂ ਇਹ ਹੈ ਕਿ ਇਸ ਵਾਰ ਮੁੱਖ ਸਕੱਤਰ ਦੇ ਕਮਰੇ ਦਾ ਦਰਵਾਜ਼ਾ ਦਿੱਲੀ ਦੇ ਦਬਾਅ 'ਚ ਖੁੱਲ੍ਹੇਗਾ ਕਿਉਂਕਿ ਪੰਜਾਬ ਤੋਂ ਸਭ ਤੋਂ ਸੀਨੀਅਰ ਅਧਿਕਾਰੀ ਕੇਬੀਐੱਸ ਸਿੱਧੂ ਕਾਂਗਰਸ ਹਾਈਕਮਾਨ ਦੇ ਕਰੀਬੀ ਦੱਸੇ ਜਾਂਦੇ ਹਨ ਤੇ ਨੰਬਰ ਦੋ 'ਤੇ ਆਉਣ ਵਾਲੀ ਵਿਨੀ ਮਹਾਜਨ ਲਈ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦਾ ਜ਼ੋਰ ਲਾਉਣਾ ਤੈਅ ਹੈ ਕਿਉਂਕਿ ਵਿਨੀ ਮਹਾਜਨ ਡੀਜੀਪੀ ਦਿਨਕਰ ਗੁਪਤਾ ਦੀ ਪਤਨੀ ਹੈ। ਦਿੱਲੀ ਦਰਬਾਰ ਦੀ ਜ਼ੋਰ ਅਜ਼ਮਾਇਸ਼ ਦਾ ਜੇਕਰ ਹੱਲ ਨਾ ਨਿਕਲਿਆ ਤਾਂ ਫਿਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚੱਲ ਸਕਦੀ ਹੈ ਜਿਨ੍ਹਾਂ ਦੀ ਪਸੰਦ 'ਚ ਨੰਬਰ ਤਿੰਨ ਵਿਸ਼ਵਜੀਤ ਖੰਨਾ ਸ਼ਾਮਲ ਹਨ।

ਨਵੇਂ ਮੁੱਖ ਸਕੱਤਰ ਲਈ ਵਿਨੀ ਮਹਾਜਨ ਦਾ ਕੱਦ ਸਭ ਤੋਂ ਵੱਡਾ ਹੈ ਕਿਉਂਕਿ ਵਿਨੀ ਮਹਾਜਨ ਡੀਜੀਪੀ ਦਿਨਕਰ ਗੁਪਤਾ ਦੀ ਨਾ ਸਿਰਫ਼ ਪਤਨੀ ਹੈ ਬਲਕਿ ਉਹ ਮੁੱਖ ਮੰਤਰੀ ਦੇ ਭਰੋਸੇਯੋਗ ਅਧਿਕਾਰੀਆਂ 'ਚੋਂ ਸਭ ਤੋਂ ਅਗਲੀ ਕਤਾਰ 'ਚ ਖੜ੍ਹੇ ਹਨ। ਦਿਨਕਰ ਗੁਪਤਾ ਨੂੰ ਦੇਸ਼ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦੀ ਹਮਾਇਤ ਹੈ। ਭਰੋਸੇਯੋਗ ਸੂਤਰਾਂ ਮੁਤਾਬਕ ਤਾਂ ਡੋਭਾਲ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਬੰਧ ਵੀ ਆਪਸ 'ਚ ਕਾਫ਼ੀ ਚੰਗੇ ਹਨ। ਜਦੋਂ ਦਿਨਕਰ ਗੁਪਤਾ ਡੀਜੀਪੀ ਬਣੇ ਤਾਂ ਵੀ ਇਹ ਚਰਚਾ ਸਿਖਰ 'ਤੇ ਸੀ ਕਿ ਡੋਭਾਲ ਦੀ ਸਿਫ਼ਾਰਸ਼ ਨੂੰ ਹੀ ਕੈਪਟਨ ਅਮਰਿੰਦਰ ਸਿੰਘ ਨੇ ਮੰਨਿਆ। ਹਾਲਾਂਕਿ ਇਸ ਸਾਰੇ ਸਮੀਕਰਨ 'ਚ ਵਿਨੀ ਮਹਾਜਨ ਦੇ ਵਿਰੋਧ 'ਚ ਇਹ ਗੱਲ ਜਾਂਦੀ ਹੈ ਕਿ ਫਿਰ ਪੰਜਾਬ 'ਚ ਇਕ ਪਰਿਵਾਰ 'ਚ ਹੀ ਸਭ ਤੋਂ ਤਾਕਤਵਰ ਪੋਸਟ ਚਲੀ ਜਾਵੇਗੀ, ਜਿਸ ਨਾਲ ਸੂਬੇ ਦੇ ਲੋਕਾਂ 'ਚ ਸੰਦੇਸ਼ ਚੰਗਾ ਨਹੀਂ ਜਾਵੇਗਾ। ਪਤੀ ਡੀਜੀਪੀ ਤੇ ਪਤਨੀ ਮੁੱਖ ਸਕੱਤਰ। ਮੰਨਿਆ ਜਾ ਰਿਹਾ ਹੈ ਕਿ ਵਿਨੀ ਮਹਾਜਨ ਲਈ ਨਵੇਂ ਮੁੱਖ ਸਕੱਤਰ ਦਰਮਿਆਨ ਇਹ ਸਭ ਅੜਿੱਕਾ ਸਭ ਤੋਂ ਵੱਡਾ ਹੈ।

ਉਧਰ ਸੀਨੀਆਰਤਾ ਸੂਚੀ 'ਚ ਕੇਬੀਐੱਸ ਸਿੱਧੂ ਸਭ ਤੋਂ ਅੱਗੇ ਹਨ ਤੇ ਇਨ੍ਹਾਂ ਸਾਰੇ ਅਧਿਕਾਰੀਆਂ ਤੋਂ ਤਿੰਨ ਸਾਲ ਸੀਨੀਅਰ ਹਨ। ਉਹ 1984 ਬੈਚ ਦੇ ਹਨ। ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਸੰਦੀਦਾ ਸੂਚੀ 'ਚ ਉਹ ਸ਼ਾਮਲ ਨਹੀਂ ਹਨ। ਕੇਬੀਐੱਸ ਸਿੱਧੂ ਕਾਂਗਰਸ ਹਾਈਕਮਾਨ ਦੇ ਕਾਫ਼ੀ ਕਰੀਬੀ ਦੱਸੇ ਜਾਂਦੇ ਹਨ। ਮੰਨਿਆ ਜਾਂਦਾ ਹੈ ਕਿ ਕੇਬੀਐੱਸ ਸਿੱਧੂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਪਾਰਟੀ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਵਾਡਰਾ ਦੇ ਕਰੀਬੀ ਹਨ ਜਿਸ ਦਾ ਲਾਭ ਉਨ੍ਹਾਂ ਨੂੰ ਮਿਲ ਸਕਦਾ ਹੈ। ਹਾਲਾਂਕਿ ਇਹ ਤੱਥ ਵੀ ਉੱਭਰ ਕੇ ਆ ਰਹੇ ਹਨ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਮਾਮ ਦਬਾਅ ਦੇ ਬਾਵਜੂਦ ਆਪਣੀ ਪਸੰਦ ਨੂੰ ਤਰਜੀਹ ਦੇ ਸਕਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਵਿਸ਼ਵਜੀਤ ਖੰਨਾ 'ਤੇ ਗੁਣਾ ਪੈ ਸਕਦਾ ਹੈ।