ਜੇਐੱਨਐੱਨ, ਚੰਡੀਗੜ੍ਹ

ਕੌਮਾਂਤਰੀ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਦੇ ਕੋਚ ਨਸੀਮ ਅਹਿਮਦ ਦੱਸਦੇ ਹਨ ਕਿ ਉਹੀ ਖਿਡਾਰੀ ਤੇ ਵਿਦਿਆਰਥੀ ਜ਼ਿੰਦਗੀ ਵਿਚ ਕਾਮਯਾਬ ਹੁੰਦਾ ਹੈ, ਜਿਹੜਾ ਆਪਣੇ ਉਸਤਾਦ ਦੇ ਆਖੇ ਲੱਗ ਕੇ ਚੱਲਦਾ ਹੈ ਤੇ ਉਸ ਦਾ ਸਨਮਾਨ ਕਰਦਾ ਹੈ। ਕੋਚ ਅਹਿਮਦ ਦੱਸਦੇ ਹਨ ਕਿ ਅਕਸਰ ਮੰਜ਼ਲ ਹਾਸਿਲ ਕਰਨ ਮਗਰੋਂ ਖਿਡਾਰੀ ਉਸ ਨੂੰ ਆਪਣਾ ਕੋਚ ਦੱਸਣ ਲੱਗਦੇ ਹਨ, ਜਿਹੜਾ ਕੋਚ ਉਨ੍ਹਾਂ ਨੂੰ ਨੈਸ਼ਨਲ ਕੈਂਪ ਵਿਚ ਮਿਲਿਆ ਹੁੰਦਾ ਹੈ। ਜਦਕਿ ਬਹੁਤੇ ਖਿਡਾਰੀ ਉਸ ਕੋਚ ਨੂੰ ਭੁੱਲ ਜਾਂਦੇ ਹਨ ਜਿਹੜਾ ਖਿਡਾਰੀ ਨੂੰ ਸ਼ੁਰੂਆਤੀ ਗੱਲਾਂ ਦੱਸਦਾ ਹੈ। ਕੋਚ ਅਹਿਮਦ ਦੱਸਦੇ ਹਨ ਕਿ ਨੀਰਜ ਚੋਪੜਾ ਅੱਜ ਵੱਡਾ ਖਿਡਾਰੀ ਹੈ ਪਰ ਜਦੋਂ ਵੀ ਉਹ ਮਿਲਣ ਆਉਂਦਾ ਹੈ ਤਾਂ ਉਨ੍ਹਾਂ ਸਾਹਮਣੇ ਕੁਰਸੀ 'ਤੇ ਨਹੀਂ ਬੈਠਦਾ। ਹੁਣ ਉਹ ਵਧੇਰੇ ਵਕਤ ਸ਼ਹਿਰੋਂ ਬਾਹਰ ਬਿਤਾਉਂਦੇ ਹਨ ਪਰ ਫੇਰ ਵੀ ਉਨ੍ਹਾਂ ਦਾ ਅਜੀਬ ਤੇ ਪਿਆਰਾ ਨਾਤਾ ਹੈ। ਨੀਰਜ ਤੋਂ ਹਰ ਵਾਰ ਹਰ ਵੱਡੇ ਮੁਕਾਬਲੇ ਤੋਂ ਪਹਿਲਾਂ ਮੈਡਲ ਮੰਗ ਲਿਆ ਕਰਦਾ ਹਾਂ ਤੇ ਉਹ ਮੈਸੇਜ ਕਰ ਕੇ ਮੈਡਲ ਮੈਨੂੰ ਭੇਜ ਦਿੰਦਾ ਹੈ।

ਜਜ਼ਬਾਤੀ ਰੌਂਅ ਵਿਚ ਆਏ ਕੋਚ ਅਹਿਮਦ ਅੱਗੇ ਦੱਸਦੇ ਹਨ ਕਿ ਨੀਰਜ ਦਾ ਹਰ ਮੈਚ ਵੇਖਦਾ ਹਾਂ ਪਰ ਫੇਰ ਵੀ ਮੇਰੀ ਜਿੱਤ ਉਦੋਂ ਹੋਈ ਮਹਿਸੂਸ ਹੁੰਦੀ ਹੈ ਜਦੋਂ ਨੀਰਜ ਮੈਨੂੰ ਮੈਸੇਜ ਕਰਦਾ ਹੈ। ਇਹ ਪਲ ਹਜ਼ਾਰਾਂ ਖਿਡਾਰੀਆਂ ਨੂੰ ਤਰਾਸ਼ਣ ਮਗਰੋਂ ਕੋਚ ਨੂੰ ਨਸੀਬ ਹੁੰਦੇ ਹਨ। ਖ਼ੁਸ਼ਨਸੀਬ ਹਾਂ ਕਿ ਮੈਂ ਨੀਰਜ ਜਿਹਾ ਐਥਲੀਟ ਸ਼ਾਗਿਰਦ ਮਿਲਿਆ ਹੈ।

ਪੰਚਕੂਲਾ ਦੇ ਤਾਊ ਦੇਵੀ ਲਾਲ ਸਟੇਡੀਅਮ ਵਿਚ ਐਥਲੈਟਿਕਸ ਦੇ ਕੋਚ ਨਸੀਮ ਅਹਿਮਦ ਨੇ ਦੱਸਿਆ ਕਿ ਨੀਰਜ ਦੇ ਚਾਚਾ ਸਾਲ 2011 ਵਿਚ ਨੀਰਜ ਨੂੰ ਉਨ੍ਹਾਂ ਕੋਲ ਲੈ ਕੇ ਆਏ ਸਨ। ਉਨ੍ਹਾਂ ਕਿਹਾ ਕਿ ਇਹ ਮੇਰਾ ਭਤੀਜਾ ਹੈ ਤੇ ਖਾ-ਖਾ ਕੇ ਮੋਟਾ ਹੋ ਰਿਹਾ ਹੈ, ਤੁਸੀਂ ਇਸ ਨੂੰ ਦੌੜਾਇਆ ਕਰੋ। ਮੈਂ ਕਿਹਾ ਸੀ ਕਿ ਸਟੇਡੀਅਮ ਵਿਚ ਭੇਜ ਦਿਆ ਕਰੋ, ਇਸ ਮਗਰੋਂ ਨੀਰਜ ਹਰ ਰੋਜ਼ ਆਉਣ ਲੱਗਿਆ। ਪਾਣੀਪਤ ਦਾ ਮੁੰਡਾ ਨਰਿੰਦਰ ਪੈਰਾ-ਐਥਲੀਟ ਸੀ ਜੋ ਕਿ ਮੇਰੇ ਕੋਲ ਹੋਸਟਲ ਵਿਚ ਰਹਿੰਦਾ ਸੀ। ਨਰਿੰਦਰ ਤੇ ਨੀਰਜ ਦੀ ਦੋਸਤੀ ਹੋਈ ਤਾਂ ਇਸ ਮਗਰੋਂ ਉਹ ਵੀ ਹੋਸਟਲ ਵਿਚ ਰਹਿਣ ਆ ਗਿਆ। ਨੀਰਜ ਵਿਚ ਮਿਹਨਤ ਦਾ ਜਜ਼ਬਾ ਬਹੁਤ ਹੈ। ਉਸੇ ਸਾਲ 2011 ਵਿਚ ਉਸ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਦਾ ਰਿਕਾਰਡ ਤੋੜ ਦਿੱਤਾ, ਇਸ ਮਗਰੋਂ ਉਸ ਨੇ ਵਿਜੇਵਾੜਾ ਵਿਚ ਖੇਡਦੇ ਹੋਏ ਅੰਡਰ-18 ਵਿਚ ਕੌਮੀ ਰਿਕਾਰਡ ਬਣਾਇਆ ਸੀ। ਉਹ 2016 ਤਕ ਉਨ੍ਹਾਂ ਕੋਲ ਹੀ ਰਿਹਾ ਸੀ।

ਇਸ ਬਾਰੇ ਨੀਰਜ ਚੋਪੜਾ ਨੇ ਦੱਸਿਆ ਕਿ ਉਨ੍ਹਾਂ ਜ਼ਿੰਦਗੀ ਦੇ 6 ਵਰ੍ਹੇ ਪੰਚਕੂਲਾ ਵਿਚ ਬਿਤਾਏ ਹਨ। ਕੌਮੀ-ਕੌਮਾਂਤਰੀ ਪੱਧਰ 'ਤੇ ਕਈ ਮੁਕਾਬਲਿਆਂ ਵਿਚ ਕਈ ਮੈਡਲ ਜਿੱਤੇ ਹਨ। ਅੱਜ ਵੀ ਜਿੱਤ ਰਿਹਾ ਹਾਂ ਤੇ ਇਸ ਦਾ ਮਾਣ ਮੇਰੇ ਕੋਚ ਨਸੀਮ ਅਹਿਮਦ ਨੂੰ ਜਾਂਦਾ ਹੈ।