'ਹਰ ਘਰ ਤਿਰੰਗਾ ਮੁਹਿੰਮ':

-5885 ਤੋਂ ਵੱਧ ਵਿਦਿਆਰਥੀਆਂ ਨੇ ਰਚਿਆ ਇਤਿਹਾਸ: 'ਹਰ ਘਰ ਤਿਰੰਗਾ ਮੁਹਿੰਮ' ਨੂੰ ਅੰਤਰਰਾਸ਼ਟਰੀ ਪੱਧਰ 'ਤੇ ਜਾਣੂ ਕਰਵਾ ਕੇ ਕੀਤਾ ਮੀਲ ਪੱਥਰ ਸਥਾਪਿਤ

-ਵੱਖ-ਵੱਖ ਸੱਭਿਆਚਾਰਕ ਪੇਸ਼ਕਾਰੀਆਂ ਨਾਲ ਦੇਸ਼ ਭਗਤੀ ਦੇ ਰੰਗ 'ਚ ਰੰਗਿਆ ਚੰਡੀਗੜ੍ਹ ਦਾ ਕ੍ਰਿਕਟ ਸਟੇਡੀਅਮ

ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : 75ਵੇਂ ਸੁਤੰਤਰਤਾ ਦਿਵਸ ਨੂੰ ਮੁੱਖ ਰੱਖਦਿਆਂ 'ਹਰ ਘਰ ਤਿਰੰਗਾ ਮੁਹਿੰਮ' ਨੂੰ ਅੰਤਰਰਾਸ਼ਟਰੀ ਪੱਧਰ 'ਤੇ ਲਿਜਾਣ ਦੇ ਉਦੇਸ਼ ਨਾਲ ਐੱਨਡੀਆਈ ਫਾਊਂਡੇਸ਼ਨ ਅਤੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ ਅੱਜ ਚੰਡੀਗੜ੍ਹ ਵਿਖੇ ਵਿਲੱਖਣ ਸਮਾਗਮ ਦੌਰਾਨ ਮਾਨਵੀ ਲੜੀ ਦੀ ਸਹਾਇਤਾ ਨਾਲ ਸਭ ਤੋਂ ਵੱਡੇ ਲਹਿਰਾਉਂਦੇ ਤਿਰੰਗੇ ਦਾ ਦਿ੍ਸ਼ ਬਣਾ ਕੇ ਗਿੰਨੀਜ਼ ਵਿਸ਼ਵ ਰਿਕਾਰਡ ਬਣਾਇਆ ਗਿਆ। ਸਮਾਗਮ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਅਤੇ ਹੋਰ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਐੱਨਆਈਡੀ ਫਾਊਂਡੇਸ਼ਨ ਦੇ ਵਲੰਟੀਅਰਾਂ ਸਮੇਤ 5885 ਤੋਂ ਵੱਧ ਵਿਦਿਆਰਥੀਆਂ ਦੇ ਸਾਂਝੇ ਇਕੱਠ ਨੇ ਇਹ ਵਕਾਰੀ ਇਤਿਹਾਸ ਰਚਿਆ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਕ੍ਰਿਕਟ ਸਟੇਡੀਅਮ ਵਿਖੇ ਇਹ ਵਿਲੱਖਣ ਸਮਾਗਮ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਅਤੇ ਐੱਨਆਈਡੀ ਫਾਊਂਡੇਸ਼ਨ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨੀ 'ਹਰ ਘਰ ਤਿਰੰਗਾ' ਮੁਹਿੰਮ ਨੂੰ ਸਫ਼ਲ ਬਣਾਉਣ ਦੇ ਉਦੇਸ਼ ਨਾਲ ਕਰਵਾਇਆ ਗਿਆ। ਵਿਦਿਆਰਥੀਆਂ ਸਮੇਤ 25 ਹਜ਼ਾਰ ਤੋਂ ਵੱਧ ਸ਼ਹਿਰ ਵਾਸੀਆਂ ਦੀ ਸ਼ਮੂਲੀਅਤ ਨਾਲ ਇਹ ਸਮਾਗਮ ਦੇਸ਼ ਭਰ 'ਚ ਆਪਣੇ ਕਿਸਮ ਦਾ ਪਹਿਲਾ ਸਮਾਗਮ ਸਿੱਧ ਹੋਇਆ।

ਸਮਾਗਮ ਦੌਰਾਨ ਪੰਜਾਬ, ਚੰਡੀਗੜ੍ਹ ਦੇ ਰਾਜਪਾਲ ਅਤੇ ਪ੍ਰਸ਼ਾਸਕ ਸ਼੍ਰੀ ਬਨਵਾਰੀਲਾਲ ਪੁਰੋਹਿਤ ਮੁੱਖ ਮਹਿਮਾਨ ਵਜੋਂ ਅਤੇ ਭਾਰਤ ਸਰਕਾਰ ਦੇ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਮੀਨਾਕਸ਼ੀ ਲੇਖੀ ਨੇ ਬਤੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਇਸ ਤੋਂ ਇਲਾਵਾ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਅਤੇ ਐਨ.ਆਈ.ਡੀ ਫਾਊਂਡੇਸ਼ਨ ਦੇ ਮੁੱਖ ਸਰਪ੍ਰਸਤ ਸਤਨਾਮ ਸਿੰਘ ਸੰਧੂ, ਚੰਡੀਗੜ੍ਹ ਪ੍ਰਸ਼ਾਸਕ ਲਈ ਸਲਾਹਕਾਰ ਸ਼੍ਰੀ ਧਰਮਪਾਲ, ਡਿਪਟੀ ਕਮਿਸ਼ਨਰ ਚੰਡੀਗੜ੍ਹ ਵਿਨੈ ਪ੍ਰਤਾਪ ਸਿੰਘ, ਨਗਰ ਨਿਗਮ ਦੇ ਮੇਅਰ ਸਰਬਜੀਤ ਕੌਰ ਅਤੇ ਐੱਨਆਈਡੀ ਫਾਊਂਡੇਸ਼ਨ ਦੀ ਸੰਸਥਾਪਕ ਪੋ੍. ਹਿਮਾਨੀ ਸੂਦ ਉਚੇਚੇ ਤੌਰ 'ਤੇ ਹਾਜ਼ਰ ਸਨ।

ਦੇਸ਼ ਵਾਸੀਆਂ 'ਚ ਦੇਸ਼ ਭਗਤੀ, ਏਕਤਾ ਅਤੇ ਆਖੰਡਤਾ ਦੀ ਭਾਵਨਾ ਜਗਾਉਣ ਦੇ ਨਾਲ-ਨਾਲ ਇਹ ਸਮਾਗਮ ਭਾਰਤ ਸਰਕਾਰ ਦੇ 20 ਕਰੋੜ ਘਰਾਂ ਉਪਰ ਤਿਰੰਗਾ ਲਹਿਰਾਉਣ ਦੇ ਟੀਚੇ ਨੂੰ ਪ੍ਰਰਾਪਤ ਕਰਨ ਲਈ ਵੱਡਾ ਮੀਲ ਪੱਥਰ ਸਾਬਤ ਹੋਵੇਗਾ। ਚੰਡੀਗੜ੍ਹ ਕ੍ਰਿਕਟ ਸਟੇਡੀਅਮ 'ਚ ਦੇਸ਼ ਭਗਤੀ ਦਾ ਜਜ਼ਬਾ ਅਤੇ ਉਤਸ਼ਾਹ ਦੇਖਣ ਨੂੰ ਮਿਲਿਆ, ਜਿੱਥੇ 25 ਹਜ਼ਾਰ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਨਾਲ 5885 ਲੜਕੇ-ਲੜਕੀਆਂ ਨੇ ਮਨੁੱਖੀ ਲੜੀ ਦੇ ਅਧੀਨ ਦੁਨੀਆਂ ਦੇ ਸਭ ਤੋਂ ਵੱਡੇ ਲਹਿਰਾਉਂਦੇ ਰਾਸ਼ਟਰੀ ਝੰਡੇ ਦਾ ਦਿ੍ਸ਼ ਬਣਾ ਕੇ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ। ਇਤਿਹਾਸਕ ਪਹਿਲਕਦਮੀ ਦੌਰਾਨ ਸਮੁੱਚਾ ਸਟੇਡੀਅਮ ਦੇਸ਼ ਭਗਤੀ ਦੇ ਨਾਅਰਿਆਂ ਨਾਲ ਗੂੰਜ ਉੱਠਿਆ। ਇਸ ਨਿਵੇਕਲੇ ਵਿਸ਼ਵ ਰਿਕਾਰਡ ਦੀ ਪੁਸ਼ਟੀ ਗਿੰਨੀਜ਼ ਵਰਲਡ ਰਿਕਾਰਡ ਦੇ ਅਧਿਕਾਰਤ ਨਿਰਣਾਇਕ ਵੱਲੋਂ ਕੀਤੀ ਗਈ।

ਇਸ ਮੌਕੇ 6 ਗ਼ੈਰ-ਸਰਕਾਰੀ ਸੰਗਠਨਾਂ (ਐਨ.ਜੀ.ਓ) ਨੂੰ ਉਨ੍ਹਾਂ ਦੇ ਸਬੰਧਤ ਖੇਤਰਾਂ ਵਿਚ ਵਿਲੱਖਣ ਸਮਾਜ ਸੇਵਾ ਲਈ 'ਕਰਮ ਯੋਧਾ' ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਇਨ੍ਹਾਂ ਵਿਚ 'ਤੇਰਾ ਹੀ ਤੇਰਾ' ਮਿਸ਼ਨ ਹਸਪਤਾਲ ਲਈ ਹਰਜੀਤ ਸਿੰਘ ਸੱਭਰਵਾਲ, ਸਰਬੱਤ ਦਾ ਭਲਾ ਐੱਨਜੀਓ ਲਈ ਪੋ੍ਫੈਸਰ (ਡਾ.) ਸੁਰਿੰਦਰਪਾਲ ਸਿੰਘ ਓਬਰਾਏ, ਸੰਤ ਬਾਬਾ ਕਰਤਾਰ ਸਿੰਘ ਜੀ ਭੈਰੋਂ ਮਾਜਰਾ ਵਾਲੇ ਲਈ ਗੁਰਮੀਤ ਸਿੰਘ ਸੋਡੀ, ਆਸ਼ਾ ਕਟੋਚ, ਡਿਵੈਲਪਿੰਗ ਇੰਡੀਜੀਨਸ ਰਿਸੋਰਸਜ਼ ਇੰਡੀਆ ਲਈ ਐੱਮਡੀ ਅਤੇ ਸੀਈਓ, ਜੋਸ਼ੀ ਫਾਊਂਡੇਸ਼ਨ ਲਈ ਵਿਨੀਤ ਜੋਸ਼ੀ, ਅਤੇ ਵੂਮੈਨ ਐਂਡ ਚਾਈਲਡ ਵੈਲਫ਼ੇਅਰ ਸੁਸਾਇਟੀ ਲਈ ਪੂਜਾ ਬਖਸ਼ੀ ਦੇ ਨਾਮ ਸ਼ਾਮਲ ਹੈ। ਇਸ ਤੋਂ ਇਲਾਵਾ ਕਲਾ ਦੇ ਖੇਤਰ 'ਚ ਬੁਲੰਦੀਆਂ ਛੂਹਣ ਵਾਲੀ ਉੱਘੀ ਭਾਰਤੀ ਅਭਿਨੇਤਰੀ ਈਸ਼ਾ ਰਿਖੀ ਅਤੇ ਭਾਰਤੀ ਉਲੰਪੀਅਨ ਪਹਿਲਵਾਨ ਯੋਗੇਸ਼ਵਰ ਦੱਤ ਨੂੰ ਯੂਥ ਆਈਕਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਹਾਜ਼ਰੀਨਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਬਨਵਾਰੀਲਾਲ ਪੁਰੋਹਿਤ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਅਤੇ ਐੱਨਆਈਡੀ ਫਾਊਂਡੇਸ਼ਨ ਵੱਲੋਂ ਬਣਾਏ ਵਿਸ਼ਵ ਰਿਕਾਰਡ ਦੀ ਸਫ਼ਲਤਾ ਨਾਲ ਚੰਡੀਗੜ੍ਹ ਨੇ ਭਾਰਤ ਦੇ ਸੁਤੰਤਰਤਾ ਦਿਵਸ ਦੀ 75ਵੀਂ ਵਰ੍ਹੇਗੰਢ ਮੌਕੇ ਸਮੁੱਚੇ ਵਿਸ਼ਵ ਨੂੰ ਇਕ ਮਹਾਨ ਸੁਨੇਹਾ ਦਿੱਤਾ ਹੈ। ਉਨ੍ਹਾਂ 25 ਹਜ਼ਾਰ ਦੇ ਭਰਵੇਂ ਇਕੱਠ ਨੂੰ ਆਜ਼ਾਦੀ ਦਿਵਸ ਮੌਕੇ ਦੇਸ਼ ਅਤੇ ਰਾਸ਼ਟਰ ਨਿਰਮਾਣ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਦਾ ਪ੍ਰਣ ਲੈਣ ਦੀ ਅਪੀਲ ਕੀਤੀ।

ਇਸ ਮੌਕੇ ਸੰਬੋਧਨ ਕਰਦਿਆਂ ਮੀਨਾਕਸ਼ੀ ਲੇਖੀ ਨੇ ਕਿਹਾ ਸਾਡੇ ਹਜ਼ਾਰਾਂ ਨੌਜਵਾਨ ਇਸ ਵਿਸ਼ਵ ਰਿਕਾਰਡ ਨੂੰ ਕਾਇਮ ਕਰਨ ਲਈ ਇਕੱਤਰ ਹੋਏ ਸਨ, ਇਸ ਤਰ੍ਹਾਂ ਦਾ ਸੁਨਿਹਰਾ ਦਿ੍ਸ਼ ਕੋਈ ਹੋਰ ਨਹੀਂ ਹੋ ਸਕਦਾ। ਉਨ੍ਹਾਂ ਐੱਨਆਈਡੀ ਫਾਊਂਡੇਸ਼ਨ ਅਤੇ ਚੰਡੀਗੜ੍ਹ ਯੂਨੀਵਰਸਿਟੀ ਨੂੰ ਵਧਾਈ ਦਿੰਦਿਆ ਕਿਹਾ ਕਿ ਉਨ੍ਹਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੇਰਾ ਸੁਪਨਾ ਸਾਕਾਰ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

ਇਸ ਮੌਕੇ ਗਿੰਨੀਜ਼ ਰਿਕਾਰਡਜ਼ ਦੇ ਅਧਿਕਾਰਤ ਜੱਜ ਸਵਪਨਿਲ ਡਾਂਗਰੀਕਰ ਨੇ ਐੱਨਆਈਡੀ ਫਾਊਂਡੇਸ਼ਨ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਰਿਕਾਰਡ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਮਾਗਮ ਦੌਰਾਨ ਬਣਾਏ ਸੱਭ ਤੋਂ ਵੱਡੇ ਲਹਿਰਾਉਂਦੇ ਤਿਰੰਗੇ ਦੇ ਦਿ੍ਸ਼ ਨਾਲ ਭਾਰਤ ਨੇ ਸੰਯੁਕਤ ਅਰਬ ਅਮੀਰਾਤ ਨੂੰ ਪਿੱਛੇ ਛੱਡਦੇ ਹੋਏ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ। ਇਸ ਦੌਰਾਨ ਜੱਜ ਸਵਪਨਿਲ ਡਾਂਗਰੀਕਰ ਨੇ ਵਿਸ਼ਵ ਰਿਕਾਰਡ ਦੇ ਸਰਟੀਫਿਕੇਟ ਦੀ ਕਾਪੀ ਬਨਵਾਰੀ ਲਾਲ ਪੁਰੋਹਿਤ ਅਤੇ ਸਤਨਾਮ ਸਿੰਘ ਸੰਧੂ ਨੂੰ ਸੌਂਪਦਿਆਂ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਸਬੰਧੀ ਗੱਲਬਾਤ ਕਰਦਿਆਂ ਸਤਨਾਮ ਸਿੰਘ ਸੰਧੂ ਨੇ ਸਮੁੱਚੇ ਭਾਗੀਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੀ ਆਜ਼ਾਦੀ ਦੇ ਅੰਮਿ੍ਤ ਮਹੋਤਸਵ ਨੂੰ ਮਨਾਉਣ ਅਤੇ ਲੋਕਾਂ 'ਚ ਦੇਸ਼ ਭਗਤੀ ਦੀ ਭਾਵਨਾ ਜਗਾਉਣ ਲਈ 'ਹਰ ਘਰ ਤਿਰੰਗਾ' ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸ ਇਤਿਹਾਸਕ ਪ੍ਰਰਾਪਤੀ ਲਈ ਉਨਾਂ੍ਹ ਚੰਡੀਗੜ੍ਹ ਪ੍ਰਸ਼ਾਸਨ ਦੇ ਮਹੱਤਵਪੂਰਨ ਸਹਿਯੋਗ ਦਾ ਧੰਨਵਾਦ ਕੀਤਾ।

ਝੰਡਾ ਲਹਿਰਾਉਣ ਦੀ ਰਸਮ ਅਤੇ ਰਾਸ਼ਟਰੀ ਗੀਤ ਨਾਲ ਸਮਾਗਮ ਦੀ ਸਮਾਪਤੀ ਹੋਈ। ਜ਼ਿਕਰਯੋਗ ਹੈ ਕਿ ਜਿੱਥੇ ਐੱਨਆਈਡੀ ਫਾਊਂਡੇਸ਼ਨ ਅਤੇ ਚੰਡੀਗੜ੍ਹ ਯੂਨੀਵਰਸਿਟੀ ਚੰਡੀਗੜ੍ਹ ਦੇ 1 ਲੱਖ ਨਾਗਰਿਕਾਂ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ 'ਹਰ ਘਰ ਤਿਰੰਗਾ' ਮੁਹਿੰਮ 'ਚ ਹਿੱਸਾ ਲੈਣ ਲਈ ਪੇ੍ਰਿਤ ਕਰ ਰਹੀ ਹੈ, ਉੱਥੇ ਇਕ ਵੱਡੀ ਡਿਜੀਟਲ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ। ਇਸ ਤੋਂ ਇਲਾਵਾ ਇਸ ਮੁਹਿੰਮ ਨੂੰ ਹੁਲਾਰਾ ਦੇਣ ਲਈ ਚੰਡੀਗੜ੍ਹ ਦੇ 50 ਹਜ਼ਾਰ ਨੌਜਵਾਨਾਂ ਨੂੰ ਦੇਸ਼ ਭਗਤੀ ਦੇ ਸੰਦੇਸ਼ ਵੀ ਭੇਜੇ ਜਾ ਰਹੇ ਹਨ।

ਐੱਨਆਈਡੀ ਫਾਊਂਡੇਸ਼ਨ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੀ ਪਹਿਲਕਦਮੀ ਸਬੰਧੀ ਗੱਲਬਾਤ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਸੁਨੀਲ ਸ਼ਰਮਾ ਨੇ ਕਿਹਾ ਕਿ ਮੈਂ 'ਵਰਸਿਟੀ ਦੇ ਨਿਵੇਕਲੇ ਸਮਾਗਮ ਦੇ ਮਾਧਿਅਮ ਰਾਹੀਂ ਆਜ਼ਾਦੀ ਦੇ ਜਸ਼ਨਾਂ ਦਾ ਹਿੱਸਾ ਬਣ ਕੇ ਮਾਣ ਮਹਿਸੂਸ ਕਰ ਰਿਹਾ ਹਾਂ। ਸਕੂਲੀ ਵਿਦਿਆਰਥੀ ਸ਼ਾਇਦ ਨੇ ਗੱਲਬਾਤ ਕਰਦਿਆਂ ਕਿਹਾ ਕਿ 75ਵੇਂ ਆਜ਼ਾਦੀ ਦਿਵਸ ਨੂੰ ਮੁੱਖ ਰੱਖਦਿਆਂ ਸਿਟੀ ਬਿਊਟੀਫੁੱਲ 'ਚ ਕਰਵਾਏ ਸਮਾਗਮ ਦਾ ਹਿੱਸਾ ਬਣਕੇ ਖੁਸ਼ੀ ਮਹਿਸੂਸ ਕਰ ਰਿਹਾ ਹਾਂ, ਜਿਸ ਦੌਰਾਨ ਇੱਕ ਅਜਿਹਾ ਵਿਸ਼ਵ ਰਿਕਾਰਡ ਬਣਿਆ ਹੈ ਜਿਸ ਨੇ 'ਹਰ ਘਰ ਤਿਰੰਗਾ' ਮੁਹਿੰਮ ਨੂੰ ਨਾ ਕੇਵਲ ਦੇਸ਼ ਬਲਕਿ ਦੁਨੀਆਂ ਪੱਧਰ 'ਤੇ ਜਾਣੂ ਕਰਵਾਇਆ ਹੈ। ਉਸ ਨੇ ਐਨਆਈਡੀ ਫਾਊਂਡੇਸ਼ਨ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੀ ਟੀਮ ਨੂੰ ਵਧਾਈ ਦਿੱਤੀ, ਜਿਨ੍ਹਾਂ ਦੇ ਸਹਿਯੋਗ ਰਾਹੀਂ ਇਹ ਨਿਵੇਕਲਾ ਵਿਸ਼ਵ ਰਿਕਾਰਡ ਮੇਰੇ ਸ਼ਹਿਰ ਚੰਡੀਗੜ੍ਹ ਦੀ ਧਰਤੀ 'ਤੇ ਸਿਰਜਿਆ ਗਿਆ ਹੈ।