ਚੰਡੀਗੜ੍ਹ : ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਸਿਆਸਤ ਦੀ ਪਿੱਚ 'ਤੇ ਮੁੜ ਆਉਟ ਹੋ ਗਏ ਹਨ। ਇਹ ਦੂਸਰਾ ਮੌਕਾ ਹੈ ਜਦੋਂ ਆਪਣੇ ਸਮੇਂ ਦੇ ਇਸ ਧਾਕੜ ਬੱਲੇਬਾਜ਼ ਦੀ ਰਾਜਨੀਤੀ ਦੀ ਇਨਿੰਗ 'ਤੇ ਬ੍ਰੇਕ ਲੱਗੀ ਹੈ। ਪਹਿਲਾਂ ਗੁਰੂ ਦੀ ਭਾਜਪਾ ਨਾਲ ਇਨਿੰਗ ਖ਼ਤਮ ਹੋਈ ਅਤੇ ਹੁਣ ਕਾਂਗਰਸ 'ਚ ਕੈਪਟਨ ਅਮਰਿੰਦਰ ਸਿੰਘ ਦੇ ਕੈਬਨਿਟ ਤੋਂ ਉਹ ਆਉਟ ਹੋਏ ਹਨ। ਟੀਮ ਪੰਜਾਬ (ਪੰਜਾਬ ਦੀ ਕਾਂਗਰਸ ਸਰਕਾਰ) ਤੋਂ ਸਿੱਧੂ ਦੇ ਆਉਟ ਹੋਣ ਦੇ ਕਈ ਕਾਰਨ ਹਨ। ਇਸ ਦੀ ਭੂਮਿਕਾ ਪਿਛਲੇ ਕਰੀਬ ਇਕ-ਡੇਢ ਸਾਲਾਂ ਤੋਂ ਚੱਲ ਰਹੀ ਸੀ। ਕੈਪਟਨ ਨਾਲ ਉਨ੍ਹਾਂ ਦਾ ਟਕਰਾਅ ਪਾਰਟੀ ਦੀਆਂ ਤਮਾਮ ਕੋਸ਼ਿਸ਼ਾਂ ਤੋਂ ਬਾਅਦ ਖ਼ਤਮ ਨਹੀਂ ਹੋਇਆ ਅਤੇ ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਨਾਲ ਕਾਂਗਰਸ ਨੂੰ ਝਟਕਾ ਲੱਗਾ ਹੈ। ਦੂਸਰੇ ਪਾਸੇ, ਸਿੱਧੂ ਦੀ ਮੰਤਰੀ ਦੀ ਇਨਿੰਗ ਸਮਾਪਤ ਹੋਣ ਨਾਲ ਸ਼੍ਰੋਮਣੀ ਅਕਾਲੀ ਦਲ ਅਤੇ ਬਾਦਲਾਂ ਦੇ ਨਾਲ-ਨਾਲ ਕਾਂਗਰਸ 'ਚ ਗੁਰੂ ਦੇ ਵਿਰੋਧੀ ਰਾਹਤ ਤੇ ਖ਼ੁਸ਼ੀ ਮਹਿਸੂਸ ਕਰ ਰਹੇ ਹਨ।

ਪੰਜ ਮੁੱਖ ਘਟਨਾਵਾਂ ਜਿਨ੍ਹਾਂ ਨੇ ਤੈਅ ਕੀਤੀ ਸਿੱਧੂ ਦੀ ਵਿਦਾਈ

  • ਕੈਪਟਨ ਦੇ ਮਨ੍ਹਾਂ ਕਰਨ ਦੇ ਬਾਵਜੂਦ ਸਿੱਧੂ ਪਾਕਿਸਤਾਨ ਗਏ। ਉੱਥੇ ਪਾਕਿ ਫ਼ੌਜ ਮੁਖੀ ਨੂੰ ਗਲ਼ੇ ਨਾਲ ਲਗਾਇਆ।
  • ਤੇਲੰਗਾਨਾ 'ਚ ਵਿਧਾਨ ਸਭਾ ਚੋਣਾਂ ਦੌਰਾਨ ਪ੍ਰੈੱਸ ਕਾਨਫਰੰਸ 'ਚ ਕਿਹਾ ਸੀ- ਮੇਰੇ ਕੈਪਟਨ ਤਾਂ ਰਾਹੁਲ ਗਾਂਧੀ ਹਨ। ਅਮਰਿੰਦਰ ਤਾਂ ਫ਼ੌਜ 'ਚ ਕੈਪਟਨ ਸਨ। ਇਸ ਤੋਂ ਬਾਅਦ ਵੀ ਰਾਜਸਥਾਨ 'ਚ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਕੈਪਟਨ ਅਮਰਿੰਦਰ ਸਿੰਘ 'ਤੇ ਹਮਲੇ ਬੋਲੇ।
  • ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸੀਆਰਪੀਐੱਫ ਦੇ ਕਾਫ਼ਿਲੇ 'ਤੇ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਨੂੰ ਇਸ ਮਾਮਲੇ 'ਚ ਕਲੀਨ ਚਿੱਟ ਦਿੱਤੀ, ਜਦਕਿ ਪੰਜਾਬ ਵਿਧਾਨ ਸਭਾ 'ਚ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਉਂਦੇ ਹੋਏ ਉਸ ਖ਼ਿਲਾਫ਼ ਕੇਂਦਰ ਸਰਕਾਰ ਤੋਂ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਪੰਜਾਬ ਵਿਧਾਨ ਸਭਾ ਨੇ ਇਸ ਸਬੰਧੀ ਪ੍ਰਸਤਾਵ ਵੀ ਪਾਸ ਕੀਤਾ ਸੀ। ਪਰ ਵਿਧਾਨ ਸਭਾ ਤੋਂ ਬਾਹਰ ਆਉਂਦੇ ਹੀ ਸਿੱਧੂ ਨੇ ਪਾਕਿਸਤਾਨ ਨੂੰ ਕਲੀਨ ਚਿੱਟ ਦਿੰਦੇ ਹੋਏ ਕਿਹਾ ਕਿ ਕੁਝ ਲੋਕਾਂ ਦੀ ਕਰਤੂਤ ਲਈ ਕਿਸੇ ਦੇਸ਼ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਇਸ ਦੇ ਨਾਲ ਹੀ ਉਨ੍ਹਾਂ ਪਾਕਿਸਤਾਨ ਨਾਲ ਸ਼ਾਂਤੀ ਅਤੇ ਗੱਲਬਾਤੀ ਦੀ ਪੈਰਵੀ ਕੀਤੀ। ਇਸ ਲਈ ਉਹ ਦੇਸ਼ ਭਰ 'ਚ ਲੋਕਾਂ ਦੇ ਨਿਸ਼ਾਨੇ 'ਤੇ ਆ ਗਏ, ਪਰ ਆਪਣੇ ਰੁਖ਼ 'ਤੇ ਕਾਇਮ ਰਹੇ।
  • ਭਾਰਤੀ ਹਵਾਈ ਫ਼ੌਜ ਵਲੋਂ ਮਕਬੂਜ਼ਾ ਕਸ਼ਮੀਰ 'ਚ ਅੱਤਵਾਦੀ ਟਿਕਾਣਿਆਂ 'ਤੇ ਕੀਤੀ ਗਈ ਏਅਰ ਸਟ੍ਰਾਈਕ 'ਤੇ ਵੀ ਸਵਾਲ ਉਠਾ ਕੇ ਸਿੱਧੂ ਲੋਕਾਂ ਦੇ ਨਿਸ਼ਾਨੇ 'ਤੇ ਆ ਗਏ। ਉਹ ਇਸ ਸਟ੍ਰਾਈਕ 'ਚ ਮਹਿਜ਼ ਕੁਝ ਦਰੱਖਤਾਂ ਨੂੰ ਨੁਕਸਾਨ ਹੋਣ ਦੀ ਗੱਲ ਕਹਿ ਕੇ ਵਿਵਾਦਾਂ 'ਚ ਆ ਗਏ।
  • ਲੋਕ ਸਭਾ ਚੋਣਾਂ ਦੌਰਾਨ ਪਹਿਲਾਂ ਤਾਂ ਪੰਜਾਬ 'ਚ ਪ੍ਰਚਾਰ ਤੋਂ ਦੂਰ ਰਹੇ। ਬਾਅਦ 'ਚ ਚੋਣ ਪ੍ਰਚਾਰ ਦੇ ਆਖਰੀ ਦਿਨ ਸਰਗਰਮ ਹੋਏ ਤਾਂ ਬਠਿੰਡਾ 'ਚ ਹੋਈ ਰੈਲੀ 'ਚ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨੇ ਲਾਏ। ਸਿੱਧੂ ਨੇ ਕਿਹਾ, ਬਾਦਲਾਂ ਨਾਲ ਮਿਲੀਭੁਗਤ ਕਰਨ ਵਾਲਿਆਂ ਨੂੰ ਠੋਕ ਦਿਉ। ਇਸ ਨਾਲ ਕਾਂਗਰਸ ਨੂੰ ਨੁਕਸਾਨ ਹੋਇਆ।

Posted By: Seema Anand