ਸਟੇਟ ਬਿਊਰੋ, ਚੰਡੀਗੜ੍ਹ : ਪੰਜਾਬ ਦੀ ਸਿਆਸਤ 'ਚੋਂ ਗਾਇਬ ਹੋਏ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਹੁਣ ਆਲ ਇੰਡੀਆ ਕਾਂਗਰਸ ਕਮੇਟੀ ਦੀ ਲਿਸਟ 'ਚੋਂ ਵੀ ਗਾਇਬ ਹੋਣ ਲੱਗੇ ਹਨ। ਇਕ ਸਾਲ ਪਹਿਲਾਂ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਵਰਗੇ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੇ ਸਿੱਧੂ ਨੂੰ ਸਟਾਰ ਪ੍ਰਚਾਰਕ ਬਣਾਇਆ ਸੀ। ਹੁਣ ਸਿੱਧੂ ਮਹਾਰਾਸ਼ਟਰ ਤੇ ਹਰਿਆਣਾ ਦੀ ਸਟਾਰ ਪ੍ਰਚਾਰਕਾਂ ਦੀ ਸੂਚੀ 'ਚੋਂ ਗਾਇਬ ਹੋ ਗਏ ਹਨ। ਅਹਿਮ ਗੱਲ ਇਹ ਹੈ ਕਿ ਹਰਿਆਣਾ ਕਾਂਗਰਸ ਨੇ ਪਹਿਲਾਂ ਸਿੱਧੂ ਨੂੰ ਸਟਾਰ ਪ੍ਰਚਾਰਕ ਦੇ ਰੂਪ 'ਚ ਸ਼ਾਮਲ ਕਰਨ ਲਈ ਪਾਰਟੀ ਹਾਈ ਕਮਾਂਡ ਨੂੰ ਕਿਹਾ ਸੀ, ਪਰੰਤੂ ਬਾਅਦ 'ਚ ਕਈ ਆਗੂ ਇਸ ਦੇ ਵਿਰੋਧ 'ਚ ਆ ਗਏ ਸਨ। ਜਿਸ ਤੋਂ ਬਾਅਦ ਪਾਰਟੀ ਨੇ ਸਿੱਧੂ ਨੂੰ ਦੋਵਾਂ ਰਾਜਾਂ ਦੀ ਸਟਾਰ ਪ੍ਰਚਾਰਕ ਲਿਸਟ 'ਚ ਥਾਂ ਨਹੀਂ ਦਿੱਤੀ। ਜਦਕਿ ਹਰਿਆਣਾ ਦੀ ਲਿਸਟ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਸ਼ਾਮਲ ਹਨ। ਲੋਕ ਸਭਾ ਚੋਣਾਂ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਦਾ ਸਿਆਸੀ ਗ੍ਰਾਫ ਪੰਜਾਬ 'ਚ ਡਿੱਗਣ ਲੱਗਾ ਸੀ। ਲੋਕ ਸਭਾ ਚੋਣਾਂ 'ਚ ਸਿੱਧੂ ਤੇ ਕੈਪਟਨ ਵਿਚਾਲੇ ਸ਼ਬਦੀ ਜੰਗ ਸ਼ੁਰੂ ਹੋਈ ਸੀ। ਜਿਸ ਤੋਂ ਬਾਅਦ ਕਾਂਗਰਸ ਨੇ ਬਠਿੰਡਾ ਸੀਟ 'ਤੇ ਮਿਲੀ ਹਾਰ ਲਈ ਸਿੱਧੂ ਨੂੰ ਦੋਸ਼ੀ ਠਹਿਰਾਇਆ ਸੀ। ਦੂਜੇ ਪਾਸੇ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਤੋਂ ਸਥਾਨਕ ਸਰਕਾਰਾਂ ਵਿਭਾਗ ਵਾਪਸ ਲੈ ਕੇ ਊਰਜਾ ਵਿਭਾਗ ਦੇ ਦਿੱਤਾ ਸੀ। ਪਰੰਤੂ ਸਿੱਧੂ ਨੇ ਨਵਾਂ ਵਿਭਾਗ ਲੈਣ ਤੋਂ ਮਨ੍ਹਾ ਕਰ ਦਿੱਤਾ ਸੀ। ਰਾਹੁਲ ਗਾਂਧੀ ਤੇ ਪ੍ਰਿਯੰਕਾ ਵਾਡਰਾ ਦੇ ਦਖ਼ਲ ਦੇ ਬਾਵਜੂਦ ਮਾਮਲੇ ਦਾ ਹੱਲ ਨਹੀਂ ਨਿਕਲਿਆ। ਜਿਸ ਕਾਰਨ ਸਿੱਧੂ ਨੇ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਅਸਤੀਫ਼ਾ ਦੇਣ ਤੋਂ ਬਾਅਦ ਤੋਂ ਹੀ ਸਿੱਧੂ ਲਗਾਤਾਰ ਪਾਰਟੀ, ਮੀਡੀਆ ਤੇ ਸਰਕਾਰ ਤੋਂ ਦੂਰੀ ਬਣਾ ਰਹੇ ਹਨ। ਹੁਣ ਕਾਂਗਰਸ ਨੇ ਵੀ ਸਿੱਧੂ ਨਾਲ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ।

Posted By: Amita Verma