ਕੈਲਾਸ਼ ਨਾਥ, ਚੰਡੀਗੜ੍ਹ : ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਲਗਾਤਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਜ਼ੁਬਾਨੀ ਹਮਲੇ ਕਰ ਰਹੇ ਹਨ। ਐਤਵਾਰ ਨੂੰ ਉਨ੍ਹਾਂ ਨੇ ਟਵੀਟ ਕਰ ਕੇ 2019 ਦੀਆਂ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੇ ਆਖਰੀ ਪੜਾਅ ਵਿਚ ਉਠਾਏ '75-25' ਦੀ ਭਾਈਵਾਲੀ ਦੇ ਦੋਸ਼ ਨੂੰ ਦੁਬਾਰਾ ਹਵਾ ਦਿੱਤੀ।

ਸਿੱਧੂ ਪਹਿਲਾਂ ਬੇਅਦਬੀ ਤੇ ਕੋਟਕਪੂਰਾ ਗੋਲ਼ੀ ਕਾਂਡ ਨੂੰ ਲੈ ਕੇ ਮੁੱਖ ਮੰਤਰੀ ਨੂੰ ਘੇਰ ਰਹੇ ਸਨ ਪਰ ਹੁਣ ਉਨ੍ਹਾਂ ਨੇ ਭਿ੍ਸ਼ਟਾਚਾਰ ਦੇ ਮਾਮਲੇ 'ਚ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਐਤਵਾਰ ਨੂੰ ਸਿੱਧੂ ਨੇ ਟਵਿਟਰ 'ਤੇ ਲਿਖਿਆ ਕਿ ਅਫਸਰਸ਼ਾਹੀ ਤੇ ਪੁਲਿਸ 'ਚ ਸਭ ਤੋਂ ਪਹਿਲਾਂ ਬਾਦਲ ਪਰਿਵਾਰ ਦੀ ਚੱਲਦੀ ਹੈ। ਸਰਕਾਰ ਲੋਕਾਂ ਦੀ ਭਲਾਈ ਲਈ ਨਹੀਂ ਬਲਕਿ ਮਾਫ਼ੀਆ ਰਾਜ ਦੇ ਕੰਟਰੋਲ ਵਿਚ ਚੱਲ ਰਹੀ ਹੈ। ਇਕ ਦਿਨ ਪਹਿਲਾਂ ਸਿੱਧੂ ਨੇ ਕਿਹਾ ਸੀ ਕਿ ਕੋਟਕਪੂਰਾ ਗੋਲ਼ੀ ਕਾਂਡ ਵਿਚ ਇਨਸਾਫ਼ ਗ੍ਰਹਿ ਮੰਤਰੀ ਦੀ ਨਾਕਾਮੀ ਕਾਰਨ ਨਹੀਂ ਮਿਲਿਆ। ਗ੍ਰਹਿ ਵਿਭਾਗ ਮੁੱਖ ਮੰਤਰੀ ਕੋਲ ਹੈ।

ਖ਼ਾਸ ਗੱਲ ਇਹ ਹੈ ਕਿ ਪਹਿਲਾਂ ਤਾਂ ਦੋ ਮੰਤਰੀ ਸੁੰਦਰ ਸ਼ਾਮ ਅਰੋੜਾ ਤੇ ਸਾਧੂ ਸਿੰਘ ਧਰਮਸੋਤ ਕੈਪਟਨ ਦੇ ਸਮਰਥਨ ਵਿਚ ਖੁੱਲ੍ਹੇ ਕੇ ਆਏ ਸਨ ਪਰ ਇਸ ਵਾਰ ਅਜੇ ਤਕ ਉਹ ਵੀ ਖ਼ਾਮੋਸ਼ ਹਨ। ਹਮੇਸ਼ਾ ਕੈਪਟਨ ਦੇ ਬਚਾਅ ਵਿਚ ਸਭ ਤੋਂ ਪਹਿਲਾਂ ਅੱਗੇ ਆਉਣ ਵਾਲੇ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਵੀ ਇਸ ਵਾਰ ਚੁੱਪ ਧਾਰੀ ਹੋਈ ਹੈ। ਕਾਂਗਰਸੀ ਆਗੂਆਂ ਦੀ ਖ਼ਾਮੋਸ਼ੀ ਨਾਲ ਪਾਰਟੀ ਅੰਦਰ ਚੱਲ ਰਹੀ ਖਿੱਚੋਤਾਣ ਦੇ ਸੰਕੇਤ ਵੀ ਮਿਲ ਰਹੇ ਹਨ।

ਅਜਿਹੀ ਸਥਿਤੀ 2020 ਵਿਚ ਉਦੋਂ ਦੇਖਣ ਨੂੰ ਮਿਲੀ ਸੀ ਜਦੋਂ ਜ਼ਹਿਰੀਸੀ ਸ਼ਰਾਬ ਨਾਲ 118 ਤੋਂ ਜ਼ਿਆਦਾ ਲੋਕਾਂ ਦੀ ਮੌਤ ਦੇ ਮਾਮਲੇ 'ਚ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਨੇ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਮੰਗ ਪੱਤਰ ਦੇ ਕੇ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦਾ ਮੁੱਦਾ ਉਠਾਇਆ ਸੀ। ਉਸ ਵੇਲੇ ਜਾਖੜ ਨੇ ਇਸ ਨੂੰ ਅਨੁਸ਼ਾਸਨਹੀਣਤਾ ਦੱਸਦਿਆਂ ਪਾਰਟੀ ਦੀ ਅੰਤਿ੍ਮ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖ ਕੇ ਦੋਵਾਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਜਾਖੜ ਨੇ ਭਾਵੇਂ ਹੀ ਇਸ ਮੁੱਦੇ ਨੂੰ ਜ਼ੋਰ-ਸ਼ੋਰ ਨਾਲ ਉਠਾਇਆ ਹੋਵੇ ਪਰ ਪਾਰਟੀ ਵਿਚ ਉਨ੍ਹਾਂ ਨੂੰ ਸਮਰਥਨ ਨਹੀਂ ਮਿਲਿਆ ਸੀ।

ਜਦੋਂ ਸਥਾਨਕ ਚੋਣਾਂ ਜਿੱਤਣ ਪਿੱਛੋਂ ਜਾਖੜ ਨੇ 'ਕੈਪਟਨ ਫਾਰ 2022' ਦਾ ਨਾਅਰਾ ਦਿੱਤਾ ਸੀ ਉਦੋਂ ਵੀ ਪਾਰਟੀ ਵਿਚ ਕਾਫ਼ੀ ਖਿੱਚੋਤਾਣ ਦਿਸੀ ਸੀ। ਇਸ ਵਾਰ ਨਾ ਤਾਂ ਜਾਖੜ ਨੇ ਅੱਗੇ ਆ ਕੇ ਸਿੱਧੂ 'ਤੇ ਕੁਝ ਕਿਹਾ ਤੇ ਨਾ ਹੀ ਕਿਸੇ ਸੀਨੀਅਰ ਆਗੂ ਦਾ ਕੈਪਟਨ ਨੂੰ ਸਮਰਥਨ ਮਿਲਿਆ ਹੈ। ਕਿਸੇ ਵੀ ਆਗੂ ਨੇ ਸਿੱਧੂ ਦੇ ਉਠਾਏ ਮੁੱਦੇ ਨੂੰ ਅਨੁਸ਼ਾਸਨਹੀਣਤਾ ਨਹੀਂ ਦੱਸਿਆ।

Posted By: Seema Anand