ਚੰਡੀਗੜ੍ਹ/ਏਐੱਨਆਈ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਮੁੜ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਸਰਕਾਰ 'ਤੇ ਸਵਾਲ ਚੁੱਕਦਿਆਂ ਟਵਿੱਟਰ 'ਤੇ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਚਾਹੁੰਦੀ ਹੈ ਕਿ ਉਹ ਕਿਸਾਨਾਂ ਦੀ ਆਮਦਨੀ 'ਚ ਵਾਧਾ ਕਰਨਾ ਚਾਹੁੰਦੀ ਹੈ ਪਰ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਕੋਲ ਕਿਸਾਨਾਂ ਦਾ ਕੋਈ ਵਿੱਤੀ ਅੰਕੜਾ ਨਹੀਂ ਹੈ। ਇਹ ਉਨ੍ਹਾਂ ਦਾ ਪਾਰਲੀਮੈਂਟ 'ਚ ਦਿੱਤਾ ਗਿਆ ਬਿਆਨ ਹੈ। ਵਿੱਤੀ ਅੰਕੜੇ ਦਾ ਆਖਰੀ ਸਰਵੇ ਮਨਮੋਹਨ ਸਿੰਘ ਦੀ ਸਰਕਾਰ 'ਚ ਕੀਤਾ ਗਿਆ ਸੀ। ਉਨ੍ਹਾਂ ਨੇ ਪੁੱਛਿਆ ਕਿ ਕੇਂਦਰ ਕੋਲ ਕਿਸਾਨਾਂ ਦੀ ਵਿੱਤੀ ਸਥਿਤੀ ਦੇ ਬਾਰੇ ਕੋਈ ਅੰਕੜਾ ਨਹੀਂ ਹੈ ਤਾਂ ਫਿਰ ਇਹ ਖੇਤੀ ਕਾਨੂੰਨ ਕਿਵੇਂ ਬਣਾਏ?

ਉਨ੍ਹਾਂ ਕਿਹਾ ਕਿ 2022 ਉਹ ਸਾਲ ਹੈ, ਜਿਸ 'ਚ ਮੋਦੀ ਸਰਕਾਰ ਨੇ ਕਿਸਾਨਾਂ ਦੀ ਆਮਦਨੀ ਦੋਗੁਣੀ ਕਰਨ ਦਾ ਵਾਅਦਾ ਕੀਤਾ ਹੈ। ਮੋਦੀ ਸਰਕਾਰ ਵੱਲੋਂ ਜੋ ਐੱਮਐੱਸਪੀ ਦਾ ਐਲਾਨ ਕੀਤਾ ਹੈ ਉਹ 12 ਸਾਲਾਂ 'ਚ ਦੇਖਿਆ ਜਾਵੇ ਸਭ ਤੋਂ ਘੱਟ 20% ਕੀਮਤ 40 ਰੁਪਏ ਵਧਾਇਆ ਗਿਆ ਹੈ। ਲਾਗਤ 'ਤੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਜਦੋਂ ਤੁਸੀਂ ਲਾਗਤ ਨੂੰ ਦੇਖਦੇ ਹੋ ਅਪ੍ਰੈਲ 2020 'ਚ ਡੀਜ਼ਲ ਦਾ ਰੇਟ 63 ਰੁਪਏ ਲੀਟਰ ਸੀ। ਉਨ੍ਹਾਂ ਕਿਹਾ ਹੈਰਾਨੀ ਦੀ ਗੱਲ ਇਹ ਹੈ ਕਿ ਸਰਸੋਂ ਦਾ ਤੇਲ 1 ਸਾਲ 'ਚ 174% ਮਹਿੰਗਾ, DAP 140% ਮਹਿੰਗਾ। ਜਿਸ ਤਰ੍ਹਾਂ ਨਾਲ ਇਨ੍ਹਾਂ ਸਾਰੀਆਂ ਚੀਜ਼ਾਂ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ ਉਸ ਤਰ੍ਹਾਂ ਕੀ ਕਿਸਾਨਾਂ ਦੀ ਆਮਦਨੀ 'ਚ ਵਾਧਾ ਹੋਇਆ ਹੈ? ਉਨ੍ਹਾਂ ਨੇ ਤਨਜ਼ ਕਸਦਿਆਂ ਕਿਹਾ ਕਿ ਐੱਨਡੀਏ ਦਾ ਮਤਲਬ No Data Available ਹੈ।

Posted By: Amita Verma