ਸਟੇਟ ਬਿਊਰੋ, ਚੰਡੀਗੜ੍ਹ : ਕਾਂਗਰਸ ਦੇ ਸੂਬਾ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਤੇਵਰ ਦਿਖਾਏ ਹਨ। ਵੀਰਵਾਰ ਨੂੰ ਕਾਂਗਰਸ ਦੇ ਸੂਬਾ ਇੰਚਾਰਜ ਹਰੀਸ਼ ਰਾਵਤ ਤੇ ਪਾਰਟੀ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨਾਲ ਬੈਠਕ ਤੋਂ ਪਹਿਲਾਂ ਸਿੱਧੂ ਨੇ ਇਕ ਵੀਡੀਓ ਇੰਟਰਨੈੱਟ ਮੀਡੀਆ ’ਤੇ ਸ਼ੇਅਰ ਕੀਤੀ ਹੈ। ਇਸ ਵਿਚ ਉਨ੍ਹਾਂ ਨੇ ਸਰਕਾਰੀ ਨੀਤੀਆਂ ’ਤੇ ਸਵਾਲ ਤਾਂ ਖੜ੍ਹੇ ਕੀਤੇ ਹੀ ਨਾਲ ਹੀ, ਉਨ੍ਹਾਂ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਨੇ ਸਨਮਾਨ ਦਿੱਤਾ ਹੈ ਪਰ ਸਮਝੌਤਾ ਕਰ ਕੇ ਕਿਸ ਤਰ੍ਹਾਂ ਨਾਲ ਅੱਗੇ ਵਧ ਸਕਦੇ ਹਨ। ਸਿੱਧੂ ਨੇ ਕਿਹਾ ਕਿ ਭ੍ਰਿਸ਼ਟਾਚਾਰ ਹੇਠਾਂ ਤੋਂ ਉੱਪਰ ਜਾਂਦਾ ਹੈ ਤੇ ਈਮਾਨਦਾਰੀ ਉੱਪਰ ਤੋਂ ਹੇਠਾਂ ਆਉਂਦੀ ਹੈ।

ਸਿੱਧੂ ਦੇ ਬਿਆਨ ਤੋਂ ਇਹ ਸੰਕੇਤ ਮਿਲ ਰਹੇ ਹਨ ਕਿ ਵੀਰਵਾਰ ਨੂੰ ਪੰਜਾਬ ਇੰਚਾਰਜ ਹਰੀਸ਼ ਰਾਵਤ ਤੇ ਐੱਸ ਵੇਣੂਗੋਪਾਲ ਨਾਲ ਹੋਣ ਵਾਲੀ ਬੈਠਕ ਵਿਚ ਉਹ ਸਮਝੌਤਾ ਕਰਨ ਦੇ ਮੂਡ ਵਿਚ ਨਹੀਂ ਹਨ। ਪ੍ਰਤੱਖ ਰੂਪ ਨਾਲ ਸਿੱਧੂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੁਆਰਾ ਪਹਿਲੀ ਕੈਬਨਿਟ ਮੀਟਿੰਗ ਵਿਚ ਲਏ ਗਏ ਫ਼ੈਸਲੇ, ਜਿਸਦੀ ਜ਼ਮੀਨ ’ਚ ਰੇਤ ਹੋਵੇਗੀ, ਉਸ ਨੂੰ ਫਰੀ ਵਿਚ ਰੇਤ ਕੱਢਣ ਦੀ ਇਜਾਜ਼ਤ ਦਿੱਤੀ ਜਾਵੇਗੀ, ਦਾ ਵੀ ਵਿਰੋਧ ਕੀਤਾ। ਸਿੱਧੂ ਨੇ ਕਿਹਾ, ਰੇਤ ਤਾਂ ਉਹ ਕੱਢੇਗਾ ਜਿਸਦੀ ਜ਼ਮੀਨ ਵਿਚ ਰੇਤ ਹੋਵੇਗੀ ਤੇ ਉਸਦੇ ਕੋਲ ਸਾਧਨ ਹੋਣਗੇ, ਪਰ ਖਰੀਦਣ ਵਾਲੇ ਨੂੰ ਕੀ ਇਹ ਮੁਫਤ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਸ਼ਰਾਬ ਦੀ ਕੀਮਤ ਫਿਕਸ ਹੈ। ਇੰਝ ਹੀ ਰੇਤ ਦੀ ਵੀ ਕੀਮਤ ਫਿਕਸ ਹੋਣੀ ਚਾਹੀਦੀ ਹੈ। ਸਿੱਧੂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪੰਜਾਬ ਦੀ ਸਮੱਸਿਆ ਦਾ ਸਭ ਤੋਂ ਵੱਡਾ ਕਾਰਨ ਖ਼ਜ਼ਾਨਾ ਹੈ। ਮਾਫੀਆ ਪੰਜਾਬ ਨੂੰ ਖ਼ਤਮ ਕਰ ਰਿਹਾ ਹੈ।

ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਨਿੱਜੀ ਲੜਾਈ ਨਹੀਂ ਹੈ। ਗੱਲ ਪੰਜਾਬ ਦੀ ਹੈ। ਹਾਈਕਮਾਨ ਨੇ ਸਨਮਾਨ ਦਿੱਤਾ ਹੈ ਪਰ ਸਮਝੌਤਾ ਕਰ ਕੇ ਕਿਵੇਂ ਅੱਗੇ ਵਧਿਆ ਜਾ ਸਕਦਾ ਹੈ। ਨਾਲ ਹੀ ਉਨ੍ਹਾਂ ਨੇ ਸਰਕਾਰ ਦੀ ਮੁਫਤ ਸਹੂਲਤਾਂ ਦੇਣ ਦੀਆਂ ਯੋਜਨਾਵਾਂ ’ਤੇ ਵੀ ਉਂਗਲੀ ਚੁੱਕੀ। ਉਨ੍ਹਾਂ ਨੇ ਕਿਹਾ ਕਿ ਚੋਣਾਂ ਆਉਂਦੇ ਹੀ ਸਰਕਾਰ ਮੁਫਤ ਸਹੂਲਤਾਂ ਦੇਣ ਦਾ ਐਲਾਨ ਕਰਨ ਲੱਗਦੀ ਹੈ। ਆਖਿਰ ਇਹ ਸਬ ਕੁਝ ਸਾਢੇ ਚਾਰ ਸਾਲਾਂ ਵਿਚ ਕਿਉਂ ਨਹੀਂ ਹੋਇਆ।

Posted By: Jatinder Singh