ਚੰਡੀਗੜ੍ਹ : ਪੁਲਵਾਮਾ ਵਿਚ ਅੱਤਵਾਦੀ ਹਮਲੇ ਤੋਂ ਬਾਅਦ ਭਾਰਤੀ ਫ਼ੌਜ ਵੱਲੋਂ ਕੀਤੀ ਗਈ ਏਅਰ ਸਟ੍ਰਾਈਕ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਹੈ ਅਤੇ ਇਸ ਤੋਂ ਬਾਅਦ ਕਾਫ਼ੀ ਸਾਰੇ ਘਟਨਾਕ੍ਰਮ ਹੋ ਚੁੱਕੇ ਹਨ। ਦੂਸਰੇ ਪਾਸੇ ਕਾਂਗਰਸ ਅਤੇ ਵਿਰੋਧੀ ਪਾਰਟੀਆਂ ਇਸ ਸਰਜੀਕਲ ਸਟ੍ਰਾਈਕ ਨੂੰ ਲੈ ਕੇ ਸਿਆਸੀ ਬਿਆਨਬਾਜ਼ੀ ਕਰਦੇ ਹੋਏ ਪੀਐੱਮ ਮੋਦੀ 'ਤੇ ਵੀ ਰਾਜਨੀਤੀ ਕਰਨ ਦਾ ਦੋਸ਼ ਲਗਾਉਣ ਲੱਗੀਆਂ ਹਨ।

ਆਪਣੇ ਬਿਆਨਾਂ ਕਾਰਨ ਅਕਸਰ ਵਿਵਾਦਾਂ 'ਚ ਰਹਿਣ ਵਾਲੇ ਨਵਜੋਤ ਸਿੰਘ ਸਿੱਧੂ ਨੇ ਇਕ ਵਾਰੀ ਫਿਰ ਮੋਦੀ ਸਰਕਾਰ ਅਤੇ ਏਅਰ ਸਟ੍ਰਾਈਕ 'ਤੇ ਸਵਾਲ ਉਠਾਉਂਦੇ ਹੋਏ ਰਾਜਨੀਤੀ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਟਵੀਟ ਕਰਦੇ ਹੋਏ ਪੁੱਛਿਆ ਹੈ ਕਿ 300 ਅੱਤਵਾਦੀ ਮਾਰੇ ਜਾਂ ਨਹੀਂ? ਆਖ਼ਿਰ ਇਸ ਏਅਰ ਸਟ੍ਰਾਈਕ ਦਾ ਉਦੇਸ਼ ਕੀ ਸੀ? ਸਿੱਧੂ ਨੇ ਆਪਣੇ ਟਵੀਟ ਵਿਚ ਇਕ ਤੋਂ ਬਾਅਦ ਇਕ ਸਵਾਲ ਉਠਾਏ ਹਨ।

ਉਨ੍ਹਾਂ ਇਹ ਵੀ ਪੁੱਛਿਆ ਹੈ ਕਿ ਇਸ ਦਾ ਉਦੇਸ਼ ਕੀ ਸੀ? ਅੱਤਵਾਦੀਆਂ ਨੂੰ ਮਾਰਨਾ ਜਾਂ ਦਰੱਖ਼ਤ ਪੁੱਟਣਾ। ਕੀ ਇਹ ਇਕ ਚੋਣ ਸਟੰਟ ਸੀ? ਸਿੱਧੂ ਨੇ ਇਹ ਵੀ ਕਿਹਾ ਹੈ ਕਿ ਆਪਣੀ ਫ਼ੌਜ ਦਾ ਸਿਆਸੀਕਰਨ ਬੰਦ ਕਰੋ ਇਹ ਓਨੀ ਹੀ ਪੂਜਨੀ ਹੈ ਜਿੰਨਾ ਸੂਬਾ। ਇਸ ਦੇ ਨਾਲ ਹੀ ਉਨ੍ਹਾਂ ਕੁਝ ਮੀਡੀਆ ਸਟੋਰੀਜ਼ ਦੀਆਂ ਤਸਵੀਰਾਂ ਵੀ ਅਪਲੋਡ ਕੀਤੀਆਂ ਹਨ।


ਉੱਥੇ ਉਨ੍ਹਾਂ ਦੀ ਗੱਲਾਂ ਦਾ ਸਮਰਥਨ ਕਰਦੇ ਹੋਏ ਕਾਂਗਰਸੀ ਨੇਤਾ ਕਪਿਲ ਸਿੱਬਲ ਵੀ ਸਰਕਾਰ 'ਤੇ ਦੋਸ਼ ਲਗਾ ਰਹੇ ਹਨ। ਸਿੱਬਲ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਪ੍ਰਧਾਨ ਮੰਤਰੀ ਅੰਤਰਰਾਸ਼ਟਰੀ ਮੀਡੀਆ ਦੀ ਉਸ ਰਿਪੋਰਟ ਦੀ ਗੱਲ ਕਰੋ ਜਿਸ ਵਿਚ ਕਿਹਾ ਗਿਆ ਹੈ ਕਿ ਹਮਲੇ ਦੀ ਜਗ੍ਹਾ 'ਤੇ ਸ਼ਾਇਦ ਹੀ ਕੋਈ ਮਾਰਿਆ ਗਿਆ ਹੋਵੇ। ਮੈਂ ਪੀਐੱਨ ਤੋਂ ਪੁੱਛਣਾ ਚਾਹੁੰਦਾ ਹੈ ਕਿ ਕੀ ਕੌਮਾਂਤਰੀ ਮੀਡੀਆ ਪਾਕਿਸਤਾਨ ਦੀ ਹਮਾਇਤ ਵਿਚ ਹੈ? ਜਦੋਂ ਕੌਮਾਂਤਰੀ ਮੀਡੀਆ ਪਾਕਿਸਤਾਨ ਖ਼ਿਲਾਫ਼ ਲਿਘਦਾ ਹੈ ਤਾਂ ਤੁਸੀਂ ਖੁਸ਼ ਹੁੰਦੇ ਹੋ ਪਰ ਜਦੋਂ ਉਹ ਸਵਾਲ ਪੁੱਛਦਾ ਹੈ ਤਾਂ ਇਹ ਮੰਨਿਆ ਜਾਂਦਾ ਹੈ ਕਿ ਉਹ ਪਾਕਿ ਦੀ ਹਮਾਇਤ ਕਰ ਰਿਹਾ ਹੈ।

Posted By: Seema Anand