ਜਾਗਰਣ ਟੀਮ, ਚੰਡੀਗੜ੍ਹ : ਚੰਗੇ ਵਿਹਾਰ ਵਾਲੇ ਕੈਦੀਆਂ ਨੂੰ ਗਣਤੰਤਰ ਦਿਵਸ ’ਤੇ ਪੰਜਾਬ ਸਰਕਾਰ ਵੱਲੋਂ ਰਿਹਾਅ ਕਰਨ ਵਾਲੀ ਫਾਈਲ ਬੁੱਧਵਾਰ ਨੂੰ ਵੀ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਕੋਲ ਨਹੀਂ ਭੇਜੀ ਗਈ। ਇਸ ਨਾਲ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਗਣਤੰਤਰ ਦਿਵਸ ’ਤੇ ਸਮੇਂ ਤੋਂ ਪਹਿਲਾਂ ਰਿਹਾਈ ਬਾਰੇ ਲਗਾਈ ਜਾ ਰਹੀ ਕਿਆਸ ਅਰਾਈ ਖ਼ਤਮ ਹੋ ਗਈ। ਸਿੱਧੂ ਵੀਰਵਾਰ ਨੂੰ ਜੇਲ੍ਹ ਤੋਂ ਰਿਹਾਅ ਨਹੀਂ ਹੋ ਸਕਣਗੇ।

ਹਾਲਾਂਕਿ ਸਿੱਧੂ ਕੈਂਪ ਦੇ ਨੇਤਾਵਾਂ ਨੂੰ ਪੂਰਾ ਭਰੋਸਾ ਸੀ ਕਿ ਸਿੱਧੂ ਵੀਰਵਾਰ ਨੂੰ ਰਿਹਾਅ ਹੋ ਜਾਣਗੇ। ਇਸ ਦੌਰਾਨ ਬੁੱਧਵਾਰ ਨੂੰ ਸਿੱਧੂ ਦਾ ਨਿੱਜੀ ਤੌਰ ’ਤੇ ਪਟਿਆਲਾ ਜੇਲ੍ਹ ’ਚ ਰਖਵਾਇਆ ਸਾਮਾਨ ਵੀ ਵਾਪਸ ਲਿਜਾਇਆ ਗਿਆ। ਇਸ ’ਚ ਸਿੱਧੂ ਦੀਆਂ ਕਸਰਤ ਕਰਨ ਵਾਲੀਆਂ ਮਸ਼ੀਨਾਂ ਤੇ ਕੁਝ ਹੋਰ ਸਾਮਾਨ ਸ਼ਾਮਿਲ ਹਨ। ਜੇਲ੍ਹ ’ਚ ਰੱਖੀ ਉਨ੍ਹਾਂ ਦੀ ਆਧੁਨਿਕ ਟ੍ਰੇਡ ਮਿੱਲ ਕਮ ਸਾਈਕਲਿੰਗ ਮਸ਼ੀਨ ਵੀ ਬੁੱਧਵਾਰ ਨੂੰ ਵਾਪਸ ਉਨ੍ਹਾਂ ਦੇ ਘਰ ਲਿਜਾਈ ਗਈ, ਪਰ ਦੇਰ ਸ਼ਾਮ ਤੱਕ ਮੁੱਖ ਮੰਤਰੀ ਭਗਵੰਤ ਮਾਨ ਦੀ ਮੋਹਰ ਨਾ ਲੱਗਣ ਕਾਰਨ ਕੈਦੀਆਂ ਦੀ ਰਿਹਾਈ ਦੀ ਫਾਈਲ ਰਾਜਪਾਲ ਨੂੰ ਨਹੀਂ ਭੇਜੀ ਜਾ ਸਕੀ। ਜ਼ਿਕਰਯੋਗ ਹੈ ਕਿ ਜੇਲ੍ਹ ਵਿਭਾਗ ਵੱਲੋਂ ਨਵਜੋਤ ਸਿੰਘ ਸਿੱਧੂ ਸਮੇਤ ਚਾਰ ਦਰਜਨ ਤੋਂ ਵੱਧ ਕੈਦੀਆਂ ਨੂੰ ਉਨ੍ਹਾਂ ਦੇ ਚੰਗੇ ਵਿਹਾਰ ਨੂੰ ਦੇਖਦੇ ਹੋਏ ਸਮੇਂ ਤੋਂ ਪਹਿਲਾਂ ਰਿਹਾਅ ਕਰਨ ਲਈ ਫਾਈਲ ਮੁੱਖ ਮੰਤਰੀ ਕੋਲ ਭੇਜੀ ਗਈ ਸੀ।

ਦੂਜੇ ਪਾਸੇ ਪੰਜਾਬ ਕਾਂਗਰਸ ਦੀ ਧੜੇਬੰਦੀ ਵੀ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ। ਸਿੱਧੂ ਕੈਂਪ ਦੇ ਸਾਬਕਾ ਵਿਧਾਇਕਾਂ, ਉਨ੍ਹਾਂ ਦੇ ਨਜ਼ਦੀਕੀ ਨੇਤਾਵਾਂ ਨੇ ਜਿਸ ਤਰ੍ਹਾਂ ਗਣਤੰਤਰ ਦਿਵਸ ’ਤੇ ਸਿੱਧੂ ਦੀ ਰਿਹਾਈ ਤੈਅ ਮੰਨ ਕੇ ਤਿਆਰੀਆਂ ਕੀਤੀਆਂ ਸਨ, ਉਸ ਬਾਰੇ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਇਹ ਕਹਿ ਕੇ ਤੂਲ ਦੇ ਦਿੱਤਾ ਕਿ ਨਵਜੋਤ ਸਿੰਘ ਸਿੱਧੂ ਨੂੰ ਆਪਣੀ ਸਜ਼ਾ ਪੂਰੀ ਕਰ ਕੇ ਹੀ ਜੇਲ੍ਹ ਤੋਂ ਆਉਣਾ ਚਾਹੀਦਾ ਹੈ। ਜੇਕਰ ਉਹ ਸਮੇਂ ਤੋਂ ਪਹਿਲਾਂ ਬਾਹਰ ਆਉਂਦੇ ਤਾਂ ਇਹ ਸੰਦੇਸ਼ ਜਾਵੇਗਾ ਕਿ ਕਿ ਉਹ ਆਮਦ ਆਦਮੀ ਪਾਰਟੀ ਨਾਲ ਹੀ ਮਿਲੇ ਹੋਏ ਹਨ।

ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਸਿੱਧੂ ਇੱਕਲੇ ਕੈਦੀ ਨਹੀਂ ਹਨ, ਕਾਂਗਰਸ ਦੇ ਹਜ਼ਾਰਾਂ ਵਰਕਰਾਂ ਨੂੰ ਝੂਠੇ ਮਾਮਲਿਆਂ ’ਚ ਜੇਲ੍ਹ ’ਚ ਪਾਇਆ ਗਿਆ ਹੈ। ਇਨ੍ਹਾਂ ’ਚੋਂ ਕਿਸੇ ਨੇ ਵੀ ਸਰਕਾਰ ਤੋਂ ਰਹਿਮ ਦੀ ਭੀਖ ਨਹੀਂ ਮੰਗੀ। ਸਿੱਧੂ ਕਾਂਗਰਸ ਦੇ ਵੱਡੇ ਨੇਤਾ ਹਨ, ਜੇਕਰ ਸਾਡਾ ਨੇਤਾ ਹੀ ਸਰਕਾਰ ਤੋਂ ਆਜ਼ਾਦੀ ਦੀ ਗੁਹਾਰ ਲਗਾਏਗਾ ਤਾਂ ਇਸ ਦਾ ਵਰਕਰਾਂ ’ਚ ਕੀ ਸੰਦੇਸ਼ ਜਾਵੇਗਾ। ਸਿੱਧੂ ਆਪਣੀ 70 ਫ਼ੀਸਦੀ ਸਜ਼ਾ ਪੂਰੀ ਕਰ ਚੁੱਕੇ ਹਨ ਤੇ ਦੋ ਮਹੀਨੇ ਦੀ ਬਾਕੀ ਸਜ਼ਾ ਲਈ ਉਹ ਵਾਰ-ਵਾਰ ਮੁੱਖ ਮੰਤਰੀ ਤੋਂ ਰਿਹਾਈ ਦੀ ਮੰਗ ਕਿਉਂ ਕਰ ਰਹੇ ਹਨ। ਜ਼ੀਰਾ ਨੇ ਕਿਹਾ ਕਿ ਇਕ ਪਾਸੇ ਪੰਜਾਬ ’ਚ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੱਖਾਂ ਦੀ ਰਿਹਾਈ ਬਾਰੇ ਹਸਤਾਖਰ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਲਈ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਦੀ ਵੀ ਕੇਂਦਰ ਸਰਕਾਰ ਨੂੰ ਪੱਤਰ ਨਹੀਂ ਲਿਖਿਆ, ਇਸ ਹਾਲਤ ਮੁੱਖ ਮੰਤਰੀ ਤੋਂ ਸਾਡਾ ਨੇਤਾ ਰਿਹਾਈ ਕਿਉਂ ਮੰਗੇ? ਇਸ ਬਾਰੇ ਸਿੱਧੂ ਦੇ ਨਜ਼ਦੀਕੀ ਸਾਬਕਾ ਵਿਧਾਇਕ ਨਵਤੇਜ਼ ਸਿੰਘਾ ਚੀਮਾ ਨੇ ਇਕ ਵਾਰ ਫਿਰ ਦੁਹਰਾਇਆ ਕਿ ਸਿੱਧੂ ਨੇ ਕਿਸੇ ਤੋਂ ਵੀ ਰਿਹਾਅ ਕਰਨ ਲਈ ਨਹੀਂ ਕਿਹਾ ਹੈ, ਇਹ ਕੇਂਦਰ ਸਰਕਾਰ ਦੀ ਯੋਜਨਾ ਹੈ। ਇਸ ਯੋਜਨਾ ਤਹਿਤ ਸਮੇਂ ਤੋਂ ਪਹਿਲਾਂ ਰਿਹਾਈ ਦੀ ਸੂਚੀ ’ਚ ਇਕੱਲੇ ਸਿੱਧੂ ਨਹੀਂ ਬਲਕਿ ਚਾਰ ਦਰਜਨ ਤੋਂ ਵੱਧ ਲੋਕਾਂ ਦੇ ਨਾਂ ਦਰਜ ਸਨ।

Posted By: Jagjit Singh