ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਕਾਂਗਰਸ ਦੇ ਇਕ ਧੜੇ ਦੇ ਅੰਦਰੂਨੀ ਵਿਰੋਧ ਤੇ ਵਿਰੋਧੀਆਂ ਦੇ ਨਿਸ਼ਾਨੇ 'ਤੇ ਹੋਣ ਦੇ ਬਾਵਜੂਦ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੱਧੂ ਦੀ ਕਾਂਗਰਸ ਹਾਈਕਮਾਨ 'ਚ ਚੰਗੀ ਪੈਠ ਬਣੀ ਹੋਈ ਹੈ। ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਦੇ ਅਤਿ ਨਜ਼ਦੀਕੀ ਹੋਣ ਕਾਰਨ ਪਾਰਟੀ ਵੱਲੋਂ ਸਿੱਧੂ ਨੂੰ ਫਿਰ ਦੇਸ਼ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ 'ਚ ਸ਼ਾਮਲ ਕੀਤਾ ਜਾ ਰਿਹਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਕੁੱਝ ਮਹੀਨੇ ਪਹਿਲਾਂ ਪੰਜ ਰਾਜਾਂ 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਵੀ ਸਿੱਧੂ ਸਟਾਰ ਪ੍ਰਚਾਰਕ ਸਨ, ਜਿਨ੍ਹਾਂ ਚਾਰ ਦਰਜਨ ਤੋਂ ਵੱਧ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ਸੀ।

ਪਾਕਿਸਤਾਨੀ ਫ਼ੌਜ ਦੇ ਮੁਖੀ ਨੂੰ ਜੱਫੀ ਪਾਉਣ ਤੇ ਪਾਕਿਸਤਾਨ ਵਿਚ ਅੱਤਵਾਦੀ ਕੈਂਪ 'ਤੇ ਭਾਰਤੀ ਹਵਾਈ ਫ਼ੌਜ ਵੱਲੋਂ ਕੀਤੇ ਗਏ ਸਰਜੀਕਲ ਸਟਰਾਈਕ ਤੋਂ ਬਾਅਦ ਦਿੱਤੇ ਗਏ ਬਿਆਨ ਕਾਰਨ ਭਾਵੇਂ ਸਿੱਧੂ ਵਿਵਾਦਾਂ 'ਚ ਘਿਰ ਗਏ ਸਨ ਤੇ ਸਿਆਸੀ ਵਿਰੋਧੀਆਂ ਵੱਲੋਂ ਸਿੱਧੂ 'ਤੇ ਤਿੱਖੇ ਹਮਲੇ ਵੀ ਕੀਤੇ ਗਏ ਹਨ। ਇਸ ਦੇ ਬਾਵਜੂਦ ਕਾਂਗਰਸ ਹਾਈਕਮਾਨ ਦਾ ਮੰਨਣਾ ਹੈ ਕਿ ਨਵਜੋਤ ਸਿੱਧੂ ਇਕ ਅਜਿਹਾ ਆਗੂ ਹੈ, ਜੋ ਲੋਕਾਂ ਦੀ ਭੀੜ ਇਕੱਠੀ ਕਰਨ ਤੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦਾ ਦਮ ਰੱਖਦਾ ਹੈ। ਹਾਈਕਮਾਨ ਦਾ ਮੰਨਣਾ ਹੈ ਕਿ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮੰਗ ਪੂਰੀ ਹੋਣ ਦਾ ਸਿਹਰਾ ਵੀ ਨਵਜੋਤ ਸਿੱਧੂ ਨੂੰ ਜਾਂਦਾ ਹੈ। ਪਾਰਟੀ ਦੀ ਸੀਨੀਅਰ ਆਗੂ ਤੇ ਪੰਜਾਬ ਕਾਂਗਰਸ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਦਾ ਕਹਿਣਾ ਹੈ ਕਿ ਸਟਾਰ ਪ੍ਰਚਾਰਕ ਕੌਣ ਹੋਵੇਗਾ, ਇਸ ਦਾ ਫ਼ੈਸਲਾ ਹਾਈਕਮਾਨ ਨੇ ਕਰਨਾ ਹੈ ਪਰ ਨਵਜੋਤ ਸਿੱਧੂ ਪਾਰਟੀ ਦੇ ਸੀਨੀਅਰ ਆਗੂ ਹਨ ਤੇ ਉਹ ਭੀੜ ਇਕੱਤਰ ਕਰਨ ਅਤੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦੇ ਹਨ।

ਆਸ਼ਾ ਕੁਮਾਰੀ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਦੋ ਸਾਲਾਂ ਵਿਚ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬੇਰੁਜ਼ਗਾਰਾਂ ਨੂੰ ਨੌਕਰੀਆਂ ਦੇਣ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਜਵਾਬ ਦੇਣਾ ਪਵੇਗਾ ਕਿ ਹਰੇਕ ਸਾਲ ਦੋ ਕਰੋੜ ਨੌਕਰੀਆਂ ਦੇਣ ਦਾ ਵਾਅਦਾ ਪੂਰਾ ਹੋਇਆ ਕਿ ਨਹੀਂ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਪੰਜਾਬ ਦੀਆਂ ਸਾਰੀਆਂ ਸੀਟਾਂ 'ਤੇ ਜਿੱਤ ਹਾਸਲ ਕਰੇਗੀ।