ਜੈ ਸਿੰਘ ਛਿੱਬਰ, ਚੰਡੀਗਡ਼੍ਹ : ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਸ਼ੁੱਕਰਵਾਰ ਨੂੰ ਤਾਜਪੋਸ਼ੀ ਹੋਵੇਗੀ। ਉਨ੍ਹਾਂ ਨਾਲ ਚਾਰ ਕਾਰਜਕਾਰੀ ਪ੍ਰਧਾਨ ਵੀ ਕਾਰਜਭਾਰ ਸੰਭਾਲਣਗੇ। ਸਿੱਧੂ ਇਸ ਮੌਕੇ ਕਾਂਗਰਸ ਦੀ ਮੁੱਖ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਸੱਦਣਾ ਚਾਹੁੰਦੇ ਹਨ ਅਤੇ ਇਸ ਲਈ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਦਰਅਸਲ ਪ੍ਰਿਅੰਕਾ ਨੂੰ ਸੱਦ ਕੇ ਸਿੱਧੂ ਇਕ ਤੀਰ ਨਾਲ ਦੋ ਸ਼ਿਕਾਰ ਕਰਨਾ ਚਾਹੁੰਦੇ ਹਨ। ਪ੍ਰਿਅੰਕਾ ਜੇ ਆ ਜਾਂਦੀ ਹੈ ਤਾਂ ਸੀਐਮ ਕੈਪਟਨ ਅਮਰਿੰਦਰ ਸਿੰਘ ਲਈ ਸਿੱਧੂ ਦੀ ਤਾਜਪੋਸ਼ੀ ਸਮਾਗਮ ਤੋਂ ਦੂਰ ਰਹਿਣਾ ਮੁਸ਼ਕਲ ਹੋ ਜਾਵੇਗਾ ਅਤੇ ਉਨ੍ਹਾਂ ਲਈ ਦੁਵਿਧਾ ਹੋ ਜਾਵੇਗੀ। ਦੱਸ ਦੇਈਏ ਕਿ ਕੈਪਟਨ ਨੇ ਕਿਹਾ ਹੈ ਕਿ ਸਿੱਧੂ ਦੇ ਬਿਨਾਂ ਮਾਫੀ ਮੰਗੇ ਉਹ ਉਸ ਨਾਲ ਨਹੀਂ ਮਿਲਣਗੇ।

ਕਾਂਗਰਸ ਦੇ ਸੂਤਰਾਂ ਨੇ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਦੇ ਇਸ ਸਮਾਰੋਹ ਵਿਚ ਪ੍ਰਿਅੰਕਾ ਗਾਂਧੀ ਪੁੱਜਦੇ ਹਨ ਤਾਂ ਮੁੱਖ ਮੰਤਰੀ ਤੇ ਹੋਰ ਕੈਬਨਿਟ ਮੰਤਰੀਆਂ ਦਾ ਆਉਣਾ ਮਜਬੂਰੀ ਬਣ ਸਕਦੀ ਹੈ।

ਕੈਪਟਨ ਤੇ ਸਿੱਧੂ ਦੇ ਦਿਲ ਮਿਲਾਉਣ ਲਈ ਲਾਲ ਸਿੰਘ ਬਣਨਗੇ ਸੂਤਰਧਾਰ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵ ਨਿਯੁਕਤ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵਿਚਕਾਰ ਪੈਦਾ ਹੋਈ ਖਟਾਸ ਨੂੰ ਖ਼ਤਮ ਕਰਨ ਅਤੇ ਦੋਵਾਂ ਆਗੂਆਂ ਦੇ ਦਿਲ ਮਿਲਾਉਣ ਲਈ ਸੀਨੀਅਰ ਨੇਤਾ ਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਅਹਿਮ ਭੂਮਿਕਾ ਨਿਭਾ ਸਕਦੇ ਹਨ। ਦੱਸਿਆ ਜਾਂਦਾ ਹੈ ਕਿ ਪਾਰਟੀ ਦੇ ਕਈ ਸੀਨੀਅਰ ਆਗੂਆਂ ਤੇ ਕਈ ਕੈਬਨਿਟ ਮੰਤਰੀਆਂ ਨੇ ਲਾਲ ਸਿੰਘ ਨਾਲ ਮੁਲਾਕਾਤ ਕਰਕੇ ਅਪੀਲ ਕੀਤੀ ਹੈ ਕਿ ਉਹ ਸੀਨੀਅਰ ਆਗੂ ਹੋਣ ਦੇ ਨਾਤੇ ਦੋਵਾਂ ਆਗੂਆਂ (ਕੈਪਟਨ ਤੇ ਸਿੱਧੂ) ਨੂੰ ਨੇਡ਼ੇ ਲਿਆਉਣ ਦੀ ਅਹਿਮ ਭੂਮਿਕਾ ਨਿਭਾਉਣ ਤਾਂ ਜੋ ਪਾਰਟੀ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ ਕਿਉਂ ਕਿ ਸਿੱਧੂ ਨੂੰ ਪ੍ਰਧਾਨ ਬਣਾਉਣ ਦਾ ਫ਼ੈਸਲਾ ਕਾਂਗਰਸ ਹਾਈ ਕਮਾਨ ਨੇ ਲਿਆ ਹੈ। ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਵੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਹਾਈ ਕਮਾਨ ਦਾ ਸੁਨੇਹਾ ਦਿੱਤਾ ਸੀ। ਹਰੀਸ਼ ਚੌਧਰੀ ਨੇ ਦੋਵੇਂ ਆਗੁੂਆਂ ਵਿਚਕਾਰ ਪਹਿਲਾਂ ‘ਲੰਚ ਡਿਪਲੋਮੈਸੀ’ ਤਹਿਤ ਦੋਵਾਂ ਨੂੰ ਨੇਡ਼ੇ ਲਿਆਉਣ ਦੇ ਕਈ ਯਤਨ ਕੀਤੇ ਸਨ।

ਨਾਗਰਾ ਦੀ ਅਗਵਾਈ ’ਚ ਵਫ਼ਦ ਕੈਪਟਨ ਨੂੰ ਦੇਵੇਗਾ ਤਾਜਪੋਸ਼ੀ ਸਮਗਮ ਲਈ ਸੱਦਾ

ਸੂਤਰ ਦੱਸਦੇ ਹਨ ਕਿ 23 ਜੁਲਾਈ ਨੂੰ ਨਵਜੋਤ ਸਿੰਘ ਸਿੱਧੂ ਤੇ ਕਾਰਜਕਾਰੀ ਪ੍ਰਧਾਨਾਂ ਦੇ ਤਾਜਪੋਸ਼ੀ ਸਮਾਗਮ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੱਦਾ ਦੇਣ ਲਈ ਇਕ ਵਫ਼ਦ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਹੇਠ ਮੁੱਖ ਮੰਤਰੀ ਨੂੰ ਮਿਲੇਗਾ। ਦੱਸਿਆ ਜਾਂਦਾ ਹੈ ਕਿ ਬੁੱਧਵਾਰ ਨੂੰ ਅੰਮ੍ਰਿਤਸਰ ਪੁੱਜੇ ਵਿਧਾਇਕਾਂ ਨੇ ਦਸਤਖ਼ਤ ਕਰਕੇ ਇਕ ਫ਼ੈਸਲਾ ਕੀਤਾ ਹੈ ਕਿ ਮੁੱਖ ਮੰਤਰੀ ਨੂੰ ਤਾਜਪੋਸ਼ੀ ਸਮਾਰੋਹ ਸਬੰਧੀ ਸੱਦਾ ਪੱਤਰ ਕਾਂਗਰਸ ਕਮੇਟੀ ਦੇ ਰੂਪ ਵਿਚ ਦਿੱਤਾ ਜਾਵੇ। ਇਸ ਤਰ੍ਹਾਂ ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਹੇਠ ਇਕ ਵਫ਼ਦ ਵੀਰਵਾਰ ਨੂੰ ਮੁੱਖ ਮੰਤਰੀ ਨੂੰ ਮਿਲਕੇ ਸੱਦਾ ਪੱਤਰ ਦੇਵੇਗਾ। ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਮੁੱਖ ਮੰਤਰੀ ਸਿੱਧੂ ਦੇ ਤਾਜਪੋਸ਼ੀ ਸਮਾਰੋਹ ਵਿਚ ਹਿੱਸਾ ਲੈਣਗੇ ਜਾਂ ਨਹੀਂ।

ਕੈਪਟਨ ਨੇ ਵਿਧਾਇਕਾਂ ਨਾਲ ਰਾਬਤਾ ਵਧਾਇਆ

ਇੱਛਾ ਦੇ ਉਲਟ ਕਾਂਗਰਸ ਹਾਈ ਕਮਾਨ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਸੂਬੇ ਵਿਚ ਸੱਤਾ ਦੇ ਬਦਲ ਰਹੇ ਸਮੀਕਰਨ ਨੂੰ ਦੇਖਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਇਕਾਂ ਨਾਲ ਰਾਬਤਾ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਬੁੱਧਵਾਰ ਨੂੰ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ, ਜੋ ਕਿ ਮੰਤਰੀ ਦਾ ਅਹੁਦਾ ਗੁਆਉਣ ਪਿੱਛੋਂ ਮੁੱਖ ਮੰਤਰੀ ਨਾਲ ਖਫ਼ਾ ਚੱਲ ਰਹੇ ਸਨ, ਨੇ ਮੁੱਖ ਮੰਤਰੀ ਨਾਲ ਲੰਬੀ ਮੀਟਿੰਗ ਕੀਤੀ ਹੈ। ਇਸ ਮੌਕੇ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਵੀ ਹਾਜ਼ਰ ਸਨ। ਸੂਤਰ ਦੱਸਦੇ ਹਨ ਕਿ ਰਾਣਾ ਗੁਰਜੀਤ ਸਿੰਘ ਨੇ ਮੁੱਖ ਮੰਤਰੀ ਨੂੰ ਇਸ ਔਖੇ ਸਮੇਂ ਉਨ੍ਹਾਂ ਨਾਲ ਖਡ਼੍ਹੇ ਹੋਣ ਦਾ ਭਰੋਸਾ ਦਿੱਤਾ ਹੈ। ਦੱਸਿਆ ਜਾਂਦਾ ਹੈ ਕਿ ਰਾਣਾ ਗੁਰਜੀਤ ਸਿੰਘ ਨੇ ਮੁੱਖ ਮੰਤਰੀ ਨੂੰ ਸਪਸ਼ਟ ਕਹਿ ਦਿੱਤਾ ਕਿ ਅਤੀਤ ਵਿਚ ਔਖੇ ਸਮੇਂ ਭਾਵੇਂ ਉਨ੍ਹਾਂ (ਮੁੱਖ ਮੰਤਰੀ) ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ, ਪਰ ਇਸ ਸੰਕਟ ਸਮੇਂ ਉਹ ਉਨ੍ਹਾਂ ਨਾਲ ਖਡ਼੍ਹਨਗੇ। ਕਾਂਗਰਸ ਦੇ ਕਾਟੋ-ਕਲੇਸ਼ ਨੂੰ ਖ਼ਤਮ ਕਰਨ ਲਈ ਕਾਂਗਰਸ ਹਾਈ ਕਮਾਨ ਵੱਲੋਂ ਗਠਿਤ ਕੀਤੀ ਤਿੰਨ ਮੈਂਬਰੀ ਖਡ਼ਗੇ ਕਮੇਟੀ ਕੋਲ ਵੀ ਰਾਣਾ ਗੁਰਜੀਤ ਸਿੰਘ ਕੈਪਟਨ ਦੇ ਹੱਕ ਵਿਚ ਭੁਗਤੇ ਸਨ। ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਵੱਲੋਂ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਕਾਂਗਰਸ ਵਿਚ ਸ਼ਾਮਲ ਕਰਨ ਨਾਲ ਰਾਣਾ ਗੁਰਜੀਤ ਸਿੰਘ ਹੋਰ ਵੀ ਖਫ਼ਾ ਹੋ ਗਏ ਸਨ ਕਿਉਂਕਿ ਖਹਿਰਾ ਅਤੇ ਰਾਣਾ ਗੁਰਜੀਤ ਸਿੰਘ ਵਿਚਕਾਰ ਛੱਤੀ ਦਾ ਅੰਕਡ਼ਾ ਚੱਲ ਰਿਹਾ ਹੈ।

Posted By: Tejinder Thind