ਸਟੇਟ ਬਿਊਰੋ, ਚੰਡੀਗੜ੍ਹ : ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀਐੱਸਜੀਪੀਸੀ) ਨੇ ਨਵਜੋਤ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਨ ’ਤੇ ਮੁਬਾਰਕਬਾਦ ਦਿੱਤੀ ਹੈ। ਪੀਐੱਸਜੀਪੀਸੀ ਨੇ ਟਵੀਟ ਜ਼ਰੀਏ ਸਿੱਧੂ ਨੂੰ ਵਧਾਈ ਦਿੰਦਿਆਂ ਇਹ ਅਪੀਲ ਵੀ ਕੀਤੀ ਕਿ ਸਿੱਧੂ ਕਰਤਾਰਪੁਰ ਲਾਂਘੇ ਨੂੰ ਮੁੜ ਖੁੱਲ੍ਹਾਉਣ ਵਿਚ ਅਹਿਮ ਭੂਮਿਕਾ ਅਦਾ ਕਰਨ।

ਇਸ ਟਵੀਟ ਨੂੰ ਲੈ ਕੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ, ‘‘ਇਹ ਸਕ੍ਰਿਪਟ ਸਿੱਧੂ ਨੇ ਖ਼ੁਦ ਲਿਖੀ ਹੈ। ਲਾਂਘਾ, ਕੇਂਦਰ ਸਰਕਾਰ ਦੇ ਦਖ਼ਲ ਸਦਕਾ ਬਣਿਆ ਸੀ ਤੇ ਕੇਂਦਰ ਦੇ ਫ਼ੈਸਲੇ ਮਗਰੋਂ ਹੀ ਖੁੱਲ੍ਹ ਸਕੇਗਾ। ਸਿੱਧੂ ਭਾਵੇਂ ਪਾਕਿਸਤਾਨ ਦੇ ਫ਼ੌਜ ਮੁਖੀ ਕਮਰ ਜਾਵੇਦ ਬਾਜਵਾ ਨੂੰ ਜੱਫੀ ਪਾਉਂਦੇ ਹੋਣ ਪਰ ਇਸ ਗੱਲ ਦਾ ਧਿਆਨ ਰੱਖਣ ਕਿ ਇਹ ਦੋ ਮੁਲਕਾਂ ਦਾ ਮਾਮਲਾ ਹੈ, ਸਿੱਧੂ ਦੀ ਕੋਈ ਭੂਮਿਕਾ ਨਹੀਂ’’।

ਓਧਰ, ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ, ‘‘ਵਧਾਈ ਤਾਂ ਕੋਈ ਵੀ ਕਿਸੇ ਨੂੰ ਦੇ ਸਕਦਾ ਹੈ ਪਰ ਪੀਐੱਸਜੀਪੀਸੀ ਨੂੰ ਇਹ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਇਹ ਦੋ ਮੁਲਕਾਂ ਦਾ ਮਾਮਲਾ ਹੈ ਕਿਸੇ ਖ਼ਾਸ ਵਿਅਕਤੀ ਦਾ ਨਹੀਂ। ਅਕਾਲੀ ਦਲ ਕੇਂਦਰ ਸਰਕਾਰ ਤੋਂ ਮੰਗ ਕਰਦਾ ਹੈ ਕਿ ਲਾਂਘਾ ਖੋਲ੍ਹਿਆ ਜਾਵੇ’’।

ਖ਼ਾਸ ਗੱਲ ਇਹ ਹੈ ਕਿ 23 ਜੁਲਾਈ ਨੂੰ ਨਵਜੋਤ ਸਿੱਧੂ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਨੂੰ ਲੈ ਕੇ ਹੋਏ ਸਮਾਗਮ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਨੂੰ ਖ਼ਤਰਾ ਦੱਸਿਆ ਸੀ। ਕੈਪਟਨ ਨੇ ਆਖਿਆ ਸੀ ਕਿ ਪਾਕਿਸਤਾਨ ਦੀ 600 ਕਿਲੋਮੀਟਰ ਦੀ ਹੱਦ ਪੰਜਾਬ ਨਾਲ ਲੱਗਦੀ ਹੈ ਤੇ ਅਸੀਂ ਦੇਸ਼ ਦੀ ਸੁਰੱਖਿਆ ਦਾ ਖ਼ਿਆਲ ਰੱਖਣਾ ਹੈ। ਕਦੇ ਪਾਕਿਸਤਾਨ ਡਰੋਨ ਜ਼ਰੀਏ ਹਥਿਆਰ ਭੇਜਦਾ ਹੈ ਤੇ ਕਦੇ ਨਸ਼ੇ।

ਯਾਦ ਰਹੇ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ’ਤੇ ਸਿੱਧੂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸੱਦੇ ’ਤੇ ਪਾਕਿਸਤਾਨ ਗਏ ਸਨ ਤੇ ਪਾਕਿਸਤਾਨ ਦੇ ਫ਼ੌਜ ਮੁਖੀ ਬਾਜਵਾ ਨੂੰ ਜੱਫੀ ਪਾ ਲਈ ਸੀ। ਇਸ ਮਗਰੋਂ ਭਾਰਤ ਵਿਚ ਸਿੱਧੂ ਦੀ ਵਿਰੋਧਤਾ ਹੋਈ ਸੀ।

Posted By: Jagjit Singh