ਸਟੇਟ ਬਿਊਰੋ, ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਇਕ-ਦੂਜੇ 'ਤੇ ਹਮਲਾ ਕਰਨ ਦਾ ਕੋਈ ਮੌਕਾ ਨਹੀਂ ਖੁੰਝਾ ਰਹੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੇਅਦਬੀ ਕਾਂਡ ਨੂੰ ਲੈ ਕੇ ਸਿੱਧੂ ਵੱਲੋਂ ਉਨ੍ਹਾਂ 'ਤੇ ਜੋ ਦੂਸ਼ਣਬਾਜ਼ੀ ਕੀਤੀ ਜਾ ਰਹੀ ਹੈ, ਉਸ ਦਾ ਜੋ ਜਵਾਬ ਦਿੱਤਾ ਸੀ, ਸਿੱਧੂ ਨੇ ਉਸੇ ਵੀਡੀਓ ਨੂੰ ਆਧਾਰ ਬਣਾ ਕੇ ਉਸ ਦੇ ਨਾਲ 2016 ਦਾ ਇਕ ਵੀਡੀਓ ਆਪਣੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕਰ ਦਿੱਤਾ ਹੈ।

ਇਸ ਵੀਡੀਓ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਬੇਅਦਬੀ ਕਾਂਡ ਨੂੰ ਲੈ ਕੇ ਪਰਸਪਰ ਵਿਰੋਧੀ ਬਿਆਨ ਸੁਣਾਈ ਦੇ ਰਹੇ ਹਨ। 2016 'ਚ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ੍ਰੀ ਗੁਰੂ ਗ੍ੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਅਕਾਲੀ ਦਲ ਨੂੰ ਜ਼ਿੰਮੇਵਾਰ ਠਹਿਰਾਉਂਦੇ ਦਿਖਾਈ ਦੇ ਰਹੇ ਹਨ। ਉਹ ਕਹਿ ਰਹੇ ਹਨ, ''ਜਦੋਂ ਉਹ ਸੱਤਾ ਵਿਚ ਆਉਣਗੇ ਤਾਂ ਇਸ ਕੇਸ ਦੀ ਜਾਂਚ ਕਰਵਾਉਣਗੇ ਤੇ ਤੁਸੀਂ ਦੇਖੋਗੇ ਕਿ ਬਾਦਲ ਇਸ ਵਿਚ ਦੋਸ਼ੀ ਨਿਕਲਣਗੇ। ਉਸ ਨੇ ਬਰਗਾੜੀ 'ਚ ਗੋਲੀ ਚਲਵਾਈ ਸੀ, ਮੈਂ ਜਾ ਕੇ ਆਇਆ ਸੀ ਉੱਥੇ। ਦੋ ਬੰਦੇ ਮਰ ਗਏ ਅਤੇ ਦੋ ਦੀ ਰੀੜ੍ਹ ਦੀ ਹੱਡੀ 'ਚੋਂ ਗੋਲੀ ਨਿਕਲ ਗਈ। ਇਕ ਦਾ ਹੱਥ ਉੱਡ ਗਿਆ। ਇਕ ਗੋਲੀ ਮੱਥੇ ਨੂੰ ਚੀਰਦੀ ਹੋਈ ਨਿਕਲ ਗਈ। ਇਸ ਦਾ ਹੁਕਮ ਕਿਸ ਨੇ ਦਿੱਤਾ ਸੀ। ਐੱਸਪੀ ਨੇ ਦਿੱਤਾ ਸੀ। ਐੱਸਪੀ ਨੂੰ ਕਿਸ ਨੇ ਹੁਕਮ ਦਿੱਤਾ ਸੀ, ਮੁੱਖ ਮੰਤਰੀ ਨੇ।'

ਦੂਸਰੇ ਵੀਡੀਓ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਵੱਲੋਂ ਬਾਦਲਾਂ ਨੂੰ ਅੰਦਰ ਕਰਨ ਦੀ ਮੰਗ 'ਤੇ ਬੋਲ ਰਹੇ ਹਨ, ''ਹੁਣ ਇਹ ਕਹਿ ਰਹੇ ਹਨ ਕਿ ਇਨ੍ਹਾਂ ਨੂੰ ਅੰਦਰ ਕਰ ਦਿਓ। ਅਜਿਹਾ ਕਿਵੇਂ ਮੈਂ ਇਨ੍ਹਾਂ ਨੂੰ ਅੰਦਰ ਕਰ ਸਕਦਾ ਹਾਂ। ਇਹ ਤਾਂ ਜੱਟਸ਼ਾਹੀ ਸੋਚ ਹੈ। ਮੈਂ ਕੇਵਲ ਐੱਸਆਈਟੀ ਗਠਿਤ ਕਰ ਸਕਦਾ ਹਾਂ। ਉਸ ਵਿਚ ਦਖਲ ਨਹੀਂ ਦੇ ਸਕਦਾ। ਉਹ ਕੀ ਰੁਖ ਲਵੇਗੀ, ਮੈਂ ਕਹਿ ਨਹੀਂ ਸਕਦਾ। ਐੱਸਆਈਟੀ ਨੂੰ ਇਹ ਕਹੋ, ਇਹ ਨਾ ਕਹੋ। ਅਜਿਹਾ ਨਾ ਮੈਂ ਕਹਿ ਸਕਦਾ ਹਾਂ ਅਤੇ ਨਾ ਹੀ ਡੀਜੀਪੀ ਜਾਂ ਏਜੀ ਕਹਿ ਸਕਦਾ ਹੈ। ਉਹ ਪੂਰਨ ਤੌਰ 'ਤੇ ਨਿਰਪੱਖ ਹੈ।''