ਪੰਜਾਬੀ ਜਾਗਰਣ ਬਿਊਰੋ, ਅੰਮ੍ਰਿਤਸਰ : ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਨੇ ਕਿਹਾ ਕਿ ਸਿੱਧੂ ਆਪਣੇ ਪਿਤਾ ਦੇ ਇਕਲੌਤੇ ਪੁੱਤਰ ਹਨ। ਹੁਣ ਕੋਈ ਭਾਵੇਂ ਕਿਤੋਂ ਰਿਸ਼ਤੇਦਾਰੀ ਦੇ ਦਾਅਵੇ ਕਰ ਲਵੇ, ਇਸ ਦਾ ਕੋਈ ਮਤਲਬ ਨਹੀਂ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਬਿਕਰਮ ਸਿੰਘ ਮਜੀਠੀਆ ਕਹਿ ਰਹੇ ਹਨ ਕਿ ਜਦੋਂ ਸਿੱਧੂ ਆਪਣੇ ਪਰਿਵਾਰ ਦੇ ਨਹੀਂ ਹੋਏ ਤਾਂ ਉਹ ਪੰਜਾਬ ਦੇ ਕੀ ਹੋਣਗੇ, ਤਾਂ ਡਾ. ਨਵਜੋਤ ਕੌਰ ਨੇ ਕਿਹਾ ਕਿ ਸਿੱਧੂ ਦੀ ਕੋਈ ਭੈਣ ਨਹੀਂ ਹੈ, ਭਾਵੇਂ ਸਾਰੇ ਸਰਟੀਫਿਕੇਟ ਚੈੱਕ ਕਰਵਾ ਲਵੋ।

ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਅਮਰੀਕਾ 'ਚ ਰਹਿ ਰਹੀ ਨਵਜੋਤ ਸਿੰਘ ਸਿੱਧੂ ਦੀ ਵੱਡੀ ਭੈਣ ਡਾਕਟਰ ਸੁਮਨ ਤੂਰ ਨੇ ਅੱਜ ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ ਕਰ ਕੇ ਉਨ੍ਹਾਂ 'ਤੇ ਗੰਭੀਰ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਪਿਤਾ ਭਗਵੰਤ ਸਿੱਧੂ ਦੀ ਮੌਤ ਤੋਂ ਬਾਅਦ ਭਰਾ ਸਿੱਧੂ ਨੇ ਮਾਂ ਨਿਰਮਲ ਭਗਵੰਤ ਅਤੇ ਭੈਣਾਂ ਨੂੰ ਘਰੋਂ ਕੱਢ ਦਿੱਤਾ ਸੀ। ਸਿੱਧੂ ਨੇ ਲੋਕਾਂ ਨੂੰ ਝੂਠ ਬੋਲਿਆ ਕਿ ਜਦੋਂ ਉਹ (ਸਿੱਧੂ) ਦੋ ਸਾਲ ਦਾ ਸੀ ਤਾਂ ਉਸਦੇ ਮਾਤਾ-ਪਿਤਾ ਵੱਖ ਹੋ ਗਏ ਸਨ। ਸੁਮਨ ਤੂਰ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਨੇ ਲਾਵਾਰਸ ਹਾਲਤ 'ਚ ਦਿੱਲੀ ਰੇਲਵੇ ਸਟੇਸ਼ਨ 'ਤੇ ਦਮ ਤੋੜਿਆ ਸੀ। ਸੁਮਨ ਤੂਰ ਨੇ ਕਿਹਾ ਕਿ ਉਹ ਨਵਜੋਤ ਸਿੱਧੂ ਨੂੰ ਉਨ੍ਹਾਂ ਦੇ ਅੰਮ੍ਰਿਤਸਰ ਸਥਿਤ ਘਰ ਮਿਲਣ ਗਏ ਸਨ ਪਰ ਉਨ੍ਹਾਂ ਗੇਟ ਨਹੀਂ ਖੋਲ੍ਹਿਆ। ਇੱਥੋਂ ਤਕ ਕਿ ਉਸ ਦਾ ਮੋਬਾਈਲ ਨੰਬਰ ਵੀ ਬੰਦ ਸੀ। ਸੁਮਨ ਤੂਰ ਨੇ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਆਪਣੀ ਮਾਂ ਤੇ ਪਿਤਾ ਦੇ ਵਿਛੋੜੇ ਬਾਰੇ ਝੂਠ ਬੋਲ ਰਹੇ ਹਨ। ਨਵਜੋਤ ਸਿੱਧੂ ਦੀ ਸੱਸ ਜਸਵੀਰ ਕੌਰ ਨੇ ਸਾਡਾ ਘਰ ਬਰਬਾਦ ਕਰ ਦਿੱਤਾ।

Posted By: Seema Anand