ਜੇਐੱਨਐੱਨ, ਵੇਰਕਾ : ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਨੇ ਸਾਫ਼ ਕਿਹਾ ਹੈ ਕਿ ਉਹ ਕਾਂਗਰਸ ਛੱਡ ਚੁੱਕੇ ਹਨ ਤੇ ਹੁਣ ਕਿਸੇ ਵੀ ਪਾਰਟੀ ਨਾਲ ਉਨ੍ਹਾਂ ਦਾ ਸਬੰਧ ਨਹੀਂ ਹੈ। ਉਹ ਸਿਰਫ਼ ਸਮਾਜ ਸੇਵੀ ਵਜੋਂ ਹਲਕੇ ਦਾ ਵਿਕਾਸ ਕਰਨਗੇ। ਨਵਜੋਤ ਕੌਰ ਸਿੱਧੂ ਮੰਗਲਵਾਰ ਨੂੰ ਵੇਰਕਾ 'ਚ ਟਿਊਬਵੈੱਲ ਦਾ ਉਦਘਾਟਨ ਕਰਨ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਹਲਕੇ ਤੋਂ ਸਿਵਾਏ ਉਨ੍ਹਾਂ ਦਾ ਕਿਸੇ ਵੀ ਪਾਰਟੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਹ ਕਿਸੇ ਵੀ ਪਾਰਟੀ ਨਾਲ ਕੋਈ ਸਬੰਧ ਨਹੀਂ ਰੱਖਦੇ। ਉਹ ਸਮਾਜ ਸੇਵੀ ਵਜੋਂ ਲੋਕਾਂ 'ਚ ਵਿਚਰਨਗੇ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਦਿਲ ਦੇ ਸਾਫ਼ ਇਨਸਾਨ ਹਨ। ਉਹ ਸੱਚ ਬੋਲਦੇ ਹਨ ਤੇ ਦਿਲ ਦੀ ਗੱਲ ਮੂੰਹ 'ਤੇ ਕਹਿ ਦਿੰਦੇ ਹਨ। ਉਨ੍ਹਾਂ ਨੂੰ ਚਲਾਕੀ ਨਹੀਂ ਆਉਂਦੀ। ਉਨ੍ਹਾਂ ਦੇ ਮਨ 'ਚ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਕਦੇ ਕੋਈ ਗੱਲ ਨਹੀਂ ਸੀ। ਉਹ ਉਨ੍ਹਾਂ ਨੂੰ ਪਿਤਾ ਦੇ ਬਰਾਬਰ ਮੰਨਦੇ ਸਨ।

ਉਨ੍ਹਾਂ ਕਿਹਾ ਕਿ ਪਤਾ ਨਹੀਂ ਕੈਪਟਨ ਨੇ ਕਿਸ ਦੀ ਗੱਲ ਸੁਣ ਕੇ ਇਹ ਸੋਚ ਲਿਆ ਕਿ ਸਿੱਧੂ ਉਨ੍ਹਾਂ ਦੇ ਖ਼ਿਲਾਫ਼ ਹਨ। ਨਵਜੋਤ ਕੌਰ ਨੇ ਕਿਹਾ ਕਿ ਜਦ ਕਿਸੇ ਇਨਸਾਨ ਦੀ ਗੱਲ ਨਾ ਸੁਣੀ ਜਾਵੇ ਤਾਂ ਉਸ ਦਾ ਵਿਸ਼ਵਾਸ ਡਗਮਗਾ ਜਾਂਦਾ ਹੈ। ਬਟਾਲਾ ਧਮਾਕੇ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਉਥੇ ਇਸ ਲਈ ਨਹੀਂ ਗਏ ਕਿਉਂਕਿ ਉਹ ਜਾਣਦੇ ਸਨ ਕਿ ਜੇ ਉਥੇ ਜਾ ਕੇ ਉਹ ਮੁੱਖ ਮੰਤਰੀ ਤੋਂ ਕੋਈ ਮੰਗ ਰੱਖਣਗੇ ਤਾਂ ਉਹ ਮਨਜ਼ੂਰ ਨਹੀਂ ਹੋਵੇਗੀ। ਨਵਜੋਤ ਕੌਰ ਨੇ ਕਿਹਾ ਕਿ ਹੁਣ ਉਨ੍ਹਾਂ ਦਾ ਫੋਕਸ ਆਪਣੇ ਹਲਕੇ ਦੇ ਵਿਕਾਸ 'ਤੇ ਹੈ। ਅੰਮ੍ਰਿਤਸਰ ਹਲਕੇ ਦੀ ਇਕ-ਇਕ ਸੜਕ ਬਣਾਈ ਜਾਵੇਗੀ। ਇਸ ਲਈ ਸਿੱਧੂ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਜੇਕਰ ਹਲਕੇ ਦੇ ਵਿਕਾਸ ਲਈ ਪੈਸਾ ਨਹੀਂ ਮਿਲਿਆ ਤਾਂ ਉਹ ਸਰਕਾਰ ਵਿਰੁੱਧ ਧਰਨਾ ਵੀ ਦੇਣਗੇ। ਉਨ੍ਹਾਂ ਕਿਹਾ ਕਿ ਸ਼ਹਿਰ 'ਚ ਕੌਂਸਲਰਾਂ ਨੂੰ ਵਿਕਾਸ ਕਾਰਜ ਕਰਵਾਉਣ 'ਚ ਦਿੱਕਤ ਪੇਸ਼ ਆ ਰਹੀ ਹੈ। ਲੋਕ ਕੌਂਸਲਰਾਂ ਦੇ ਘਰਾਂ ਦੇ ਦਰਵਾਜ਼ੇ ਖੜਕਾ ਰਹੇ ਹਨ। ਨਗਰ ਨਿਗਮ ਵੱਲੋਂ ਵਿਕਾਸ ਲਈ ਕੁਝ ਨਹੀਂ ਮਿਲ ਰਿਹਾ ਹੈ। ਨਵਜੋਤ ਸਿੰਘ ਸਿੱਧੂ ਨੇ ਕਈ ਪ੍ਰੋਜੈਕਟ ਪਾਸ ਕਰਵਾਏ ਪਰ ਜਦ ਉਨ੍ਹਾਂ ਨੇ ਮੰਤਰਾਲਾ ਛੱਡਿਆ ਤਾਂ ਇਹ ਪ੍ਰੋਜੈਕਟ ਪੂਰੇ ਨਹੀਂ ਹੋ ਸਕੇ। ਨਵਜੋਤ ਕੌਰ ਦੇ ਇਸ ਬਿਆਨ ਤੋਂ ਸਾਫ਼ ਹੈ ਕਿ ਉਹ ਤੇ ਨਵਜੋਤ ਸਿੰਘ ਸਿੱਧੂ ਕਾਂਗਰਸ ਤੋਂ ਕਿਨਾਰਾ ਕਰ ਚੁੱਕੇ ਹਨ। ਸਿਆਸੀ ਹਲਕਿਆਂ 'ਚ ਚਰਚਾ ਹੈ ਕਿ ਦੋਵੇਂ ਪਤੀ-ਪਤਨੀ ਕਾਂਗਰਸ ਨੂੰ ਅਲਵਿਦਾ ਕਹਿ ਸਕਦੇ ਹਨ।

Posted By: Jagjit Singh