ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਨੌਜਵਾਨ ਭਾਰਤ ਸਭਾ ਵੱਲੋਂ ਆਹਲੂਵਾਲੀਆ ਕਮੇਟੀ ਦੀਆਂ ਸ਼ਿਫਾਰਸ਼ਾਂ ਤੇ ਬਿਜਲੀ ਬੋਰਡ 'ਚੋਂ 40,000 ਅਸਾਮੀਆਂ ਖਤਮ ਕਰਨ ਦੀ ਸਖ਼ਤ ਨਿਖੇਧੀ ਕਰਦਿਆਂ 16 ਤੇ 17 ਅਗਸਤ ਨੂੰ ਪੰਜਾਬ ਭਰ 'ਚ ਵਿਰੋਧ ਪ੍ਰਦਰਸ਼ਨ ਕਰ ਕੇ ਅਰਥੀਆਂ ਸਾੜਨ ਦਾ ਐਲਾਨ ਕੀਤਾ ਗਿਆ ਹੈ।

ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਨੌਜਵਾਨ ਭਾਰਤ ਸਭਾ ਦੇ ਸੂਬਾ ਪ੍ਰਧਾਨ ਰੁਪਿੰਦਰ ਚੌਂਦਾ ਅਤੇ ਜਨਰਲ ਸਕੱਤਰ ਮੰਗਾ ਆਜ਼ਾਦ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਸੂਬੇ ਦੀ ਆਰਥੀਕ ਹਾਲਤ ਸੁਧਾਰਨ ਖਾਤਰ ਕੇਂਦਰ 'ਚ ਕਾਗਰਸ ਦੀ ਯੂਪੀਏ ਸਰਕਾਰ ਮੌਕੇ ਯੋਜਨਾ ਕਮਿਸ਼ਨ 'ਚ ਸਾਬਕਾ ਡਿਪਟੀ ਚੇਅਰਮੈਨ ਰਹਿ ਚੁੱਕੇ ਮੋਂਟੇਕ ਸਿੰਘ ਆਹਲੂਵਾਲੀਆਂ ਦੀ ਅਗਵਾਈ 'ਚ ਬਣੀ ਕਮੇਟੀ ਨੇ ਪੰਜਾਬ ਦੀ ਆਰਥਿਕ ਸਥਿਤੀ ਸੁਧਾਰਨ ਲਈ ਨਿੱਜੀਕਰਨ ਦੀ ਨੀਤੀ ਨੂੰ ਹੋਰ ਤੇਜ਼ ਕਰਨ ਦੀਆਂ ਸ਼ਿਫਾਰਸ਼ਾਂ ਕੀਤੀਆਂ ਹਨ। ਇਨ੍ਹਾਂ ਸ਼ਿਫਾਰਸ਼ਾਂ ਤਹਿਤ ਕੋਈ ਵੀ ਨਵੀ ਭਰਤੀ ਨਾ ਕਰਨ, ਸਰਕਾਰੀ ਜਾਇਦਾਦਾਂ ਵੇਚਣ, ਪ੍ਰੋਫੈਸ਼ਨਲ ਟੇੈਕਸ 2500 ਸਾਲਾਨਾ ਤੋਂ ਵਧਾ ਕੇ 20 ਹਜ਼ਾਰ ਕਰਨ, ਕਿਸਾਨਾਂ-ਮਜ਼ਦੂਰਾ ਨੂੰ ਮਿਲਦੀ ਬਿਜਲੀ ਸਬਸਿਡੀ ਬੰਦ ਕਰਨ, ਸਰਕਾਰੀ ਥਰਮਲ ਬੰਦ ਕਰਨ, ਮੁਲਾਜ਼ਮਾਂ ਦੀ ਤਨਖ਼ਾਹ ਕੇਂਦਰ ਦੇ ਪੇ-ਸਕੇਲ ਮੁਤਾਬਕ ਘੱਟ ਕਰਨ, ਡੀਏ ਦੀਆਂ ਕਿਸ਼ਤਾਂ ਨਾ ਦੇਣ ਆਦਿ ਸ਼ਿਫਾਰਸ਼ਾਂ ਕੀਤੀਆਂ ਹਨ ਅਤੇ ਅਗਲੀ ਰਿਪੋਰਟ ਦਸੰਬਰ 'ਚ ਸੌਂਪਣੀ ਹੈ।

ਆਗੂਆਂ ਨੇ ਕਿਹਾ ਕਿ ਨਿੱਜੀਕਰਨ ਦੀ ਨੀਤੀ ਤਹਿਤ ਪਹਿਲਾਂ ਹੀ ਸਰਕਾਰੀ ਅਦਾਰੇ ਕੌਡੀਆਂ ਦੇ ਭਾਅ ਵੇਚੇ ਜਾ ਰਹੇ ਨੇ ਤੇ ਟੇੈਕਸਾਂ ਦਾ ਵਾਧੂ ਬੋਝ ਆਮ ਲੋਕਾਂ 'ਤੇ ਪਾ ਕੇ ਲੋਕਾਂ ਦਾ ਕਚੂੰਮਰ ਕੱਢਿਆ ਹੋਇਆ ਹੈ। ਦੂਜੇ ਪਾਸੇ ਕਾਰਪੋਰੇਟ ਘਰਾਣਿਆਂ, ਸ਼ਰਾਬ ਸਨਅਤਾਂ ਨੂੰ ਵੱਡੇ ਵਪਾਰੀਆਂ ਨੂੰ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕੀ ਨਿੱਜੀਕਰਨ 'ਤੇ ਟਿਕਿਆ ਇਹ ਅਖੌਤੀ ਵਿਕਾਸ ਮਾਡਲ ਅਸਲ 'ਚ ਰੁਜ਼ਗਾਰ ਰਹਿਤ ਵਿਕਾਸ ਮਾਡਲ ਹੈ। ਪਹਿਲਾਂ ਦੀ ਬੇਰੁਜ਼ਗਾਰੀ ਅਤੇ ਬਦਹਾਲੀ ਝੱਲ ਰਹੇ ਦੇਸ਼ ਦੇ ਮਿਹਨਤਕਸ਼ ਲੋਕਾਂ ਉੱਪਰ ਇਹਨਾਂ ਸ਼ਿਫਾਰਸ਼ਾ ਦਾ ਭਿਆਨਕ ਸਿੱਟਾ ਨਿਕਲੇਗਾ।

ਆਗੂਆਂ ਨੇ ਪਾਵਰਕਾਮ 'ਚੋਂ 40,000 ਅਸਾਮੀਆ ਨੂੰ ਖਤਮ ਕਰਨ ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਦੱਸਿਆ ਕੀ ਨਿੱਜੀਕਰਨ ਤੇ ਰੁਜ਼ਗਾਰ ਖਤਮ ਕਰਨ ਦੀਆਂ ਨੀਤੀਆਂ ਦੇ ਖਿਲਾਫ ਸੰਘਰਸ਼ ਦਾ ਬਿਗਲ ਵਜਾਉਂਦਿਆਂ ਨੌਜਵਾਨ ਭਾਰਤ ਸਭਾ ਵੱਲੋਂ 17-18 ਅਗਸਤ ਨੂੰ ਸੂਬੇ ਭਰ 'ਚ ਸਰਕਾਰ ਦੀਆਂ ਅਰਥੀਆ ਸਾੜੀਆ ਜਾਣਗੀਆ।

Posted By: Seema Anand