ਜੇ ਐੱਸ ਕਲੇਰ, ਜ਼ੀਰਕਪੁਰ : ਨਗਰ ਕੌਂਸਲ ਜ਼ੀਰਕਪੁਰ ਦੇ ਕਾਰਜਸਾਧਕ ਅਫ਼ਸਰ ਮਨਵੀਰ ਸਿੰਘ ਗਿੱਲ ਵੱਲੋਂ ਅੱਠ ਨਾਮੀ ਅਧੂਰੇ ਪ੍ਰਾਜੈਕਟਾਂ ਦੇ ਬਿਲਡਰਾਂ ਨੂੰ ਕਥਿਤ ਤੌਰ ’ਤੇ ਫਾਇਦਾ ਪਹੁੰਚਾਉਣ ਲਈ ਦਿੱਤਾ ਕੰਪਲੀਸ਼ਨ ਪ੍ਰਮਾਣ ਪੱਤਰ ਮਾਮਲੇ 'ਚ ਅੱਜ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੀ ਥਾਂ ਸੰਦੀਪ ਤਿਵਾੜੀ ਨੂੰ ਨਵੇਂ ਕਾਰਜਸਾਧਕ ਅਫ਼ਸਰ ਦੇ ਤੌਰ 'ਤੇ ਲਗਾਇਆ ਗਿਆ ਹੈ।

ਸਥਾਨਕ ਸਰਕਾਰਾਂ ਵਿਭਾਗ ਨੇ ਅੱਜ ਵੱਡੀ ਕਾਰਵਾਈ ਕਰਦਿਆਂ ਜ਼ੀਰਕਪੁਰ ਨਗਰ ਕੌਂਸਲ ਦੇ ਮੌਜੂਦਾ ਕਾਰਜਸਾਧਕ ਅਫ਼ਸਰ ਮਨਵੀਰ ਸਿੰਘ ਗਿੱਲ ਨੂੰ ਮੁਅੱਤਲ ਕਰ ਦਿੱਤਾ ਹੈ।

ਇਸ ਤੋਂ ਪਹਿਲਾਂ ਜਨਵਰੀ ਮਹੀਨੇ ਜ਼ੀਰਕਪੁਰ 'ਚ ਤਾਇਨਾਤੀ ਦੌਰਾਨ ਢਕੌਲੀ ਖੇਤਰ 'ਚ ਪੁਰਾਣੀ ਅੰਬਾਲਾ ਕਾਲਕਾ ਰੋਡ ’ਤੇ ਬਿਲਡਰ ਵੈਟਰਨ ਬਿਲਡਰਜ਼ ਐਂਡ ਪ੍ਰੋਮੋਟਰ ਦੇ ਪ੍ਰਾਜੈਕਟ ਨੂੰ ਪਾਸ ਕਰਦੇ ਹੋਏ ਨਿਯਮਾਂ ਨੂੰ ਅਣਗੌਲਿਆ ਕਰਨ ਦੇ ਦੋਸ਼ 'ਚ ਸੁਖਜਿੰਦਰ ਸਿੰਘ ਸਿੱਧੂ ਅਤੇ ਸਾਬਕਾ ਕਾਰਜਸਾਧਕ ਅਫਸਰ ਗਿਰੀਸ਼ ਵਰਮਾ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਤਾਜ਼ਾ ਮਾਮਲੇ 'ਚ ਸਥਾਨਕ ਸਰਕਾਰਾਂ ਵਿਭਾਗ ਦੀ ਚੌਕਸੀ ਵਿਭਾਗ ਦੀ ਟੀਮ ਨੇ ਬੀਤੇ ਦਿਨੀ ਨਗਰ ਕੌਂਸਲ ਜ਼ੀਰਕਪੁਰ 'ਚ ਛਾਪਾ ਮਾਰ ਕੇ ਰਿਕਾਰਡ ਖੰਗਾਲੇ ਸਨ ਅਤੇ ਟੀਮ ਦੇ ਅਧਿਕਾਰੀ ਨੇ ਲੋੜੀਂਦਾ ਰਿਕਾਰਡ ਆਪਣੇ ਕਬਜ਼ੇ ’ਚ ਲੈ ਲਿਆ ਹੈ। ਜ਼ਿਕਰਯੋਗ ਹੈ ਕਿ ਕੌਂਸਲ ਅਧਿਕਾਰੀਆਂ ਨੇ ਫਰਵਰੀ ਤੇ ਮਾਰਚ ਮਹੀਨੇ ਸ਼ਹਿਰ ਦੇ ਨਾਮੀ ਅੱਠ ਕਮਰਸ਼ੀਅਲ ਤੇ ਹਾਊਸਿੰਗ ਪ੍ਰਾਜੈਕਟਾਂ ਨੂੰ ਕੰਮ ਮੁਕੰਮਲ ਹੋਣ ਦਾ ਪ੍ਰਮਾਣ ਪੱਤਰ ਜਾਰੀ ਕਰ ਦਿੱਤਾ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਬਿਲਡਰਾਂ ਵੱਲੋਂ ਆਪਣੇ ਨਿਵੇਸ਼ਕਾਂ ਨੂੰ ਪ੍ਰਾਜੈਕਟ ਪੂਰਾ ਹੋਣ ਤੱਕ ਇਕ ਫ਼ੀਸਦ ਹਰੇਕ ਮਹੀਨੇ ਵਿਆਜ ਦਾ ਲਾਲਚ ਦੇ ਕੇ ਪ੍ਰਾਜੈਕਟ ਵੇਚਿਆ ਸੀ, ਪਰ ਕੰਮ ਵਿਚ ਦੇਰੀ ਹੋਣ ਕਾਰਨ ਬਿਲਡਰਾਂ ਨੇ ਵਿਆਜ ਦੇ ਰੂਪ 'ਚ ਦਿੱਤੀ ਜਾਣ ਵਾਲੀ ਰਾਸ਼ੀ ਬਚਾਉਣ ਲਈ ਮਿਲੀਭੁਗਤ ਨਾਲ ਪ੍ਰਾਜੈਕਟਾਂ ਦਾ ਕੰਪਲੀਸ਼ਨ ਪ੍ਰਮਾਣ ਪੱਤਰ ਹਾਸਲ ਕਰ ਲਿਆ ਤੇ ਇਸ ਆਧਾਰ ’ਤੇ ਨਿਵੇਸ਼ਕਾਂ ਨੂੰ ਚਿੱਠੀਆਂ ਭੇਜ ਕੇ ਵਿਆਜ ਬੰਦ ਕਰ ਦਿੱਤਾ। ਮੌਕਾ ਜਾਂਚਣ ’ਤੇ ਨਿਵੇਸ਼ਕਾਂ ਨੂੰ ਪ੍ਰਾਜੈਕਟ ਅਧੂਰੇ ਮਿਲੇ। ਉਨ੍ਹਾਂ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਸਮੇਤ ਹੋਰਨਾਂ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ, ਜਿਸ ਮਗਰੋਂ ਜਾਂਚ ਦੇ ਹੁਕਮ ਦਿੱਤੇ ਗਏ ਸਨ।

Posted By: Seema Anand