ਮਹਿਰਾ, ਖਰੜ : ਨਗਰ ਕੌਂਸਲ ਖਰੜ ਦੇ ਵਾਰਡ ਨੰਬਰ 24 ਦੀ ਵਸਨੀਕ ਮਾਇਆ ਦੇਵੀ ਉਮਰ 60 ਸਾਲ ਦਾ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਹੱਤਿਆ ਕਰ ਦੇਣ ਦੀ ਸੂਚਨਾ ਪ੍ਰਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਮਾਇਆ ਦੇਵੀ ਦੇ ਪੁੱਤਰ ਵਿਕਾਸ ਤੋਮਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਉਸ ਦੀ ਮਾਤਾ ਨੇ ਰਣਜੀਤ ਨਗਰ ਵਾਸੀ ਸ਼ਿਨਾ ਦੇਵੀ ਨਾਂ ਦੀ ਅੌਰਤ ਤੋਂ ਢਾਈ ਤਿੰਨ ਲੱਖ ਰੁਪਏ ਲੈਣੇ ਸਨ ਜੋ ਬੀਤੀ 10 ਜੂਨ ਨੂੰ ਇਸੇ ਸਬੰਧ 'ਚ ਉਹ ਰਕਮ ਲੈਣ ਉਕਤ ਅੌਰਤ ਦੇ ਘਰ ਗਈ ਪਰ ਦੇਰ ਸ਼ਾਮ ਤਕ ਵਾਪਸ ਨਹੀਂ ਪਰਤੀ। ਇਸ 'ਤੇ ਉਨ੍ਹਾਂ ਮਾਤਾ ਦੀ ਭਾਲ ਕੀਤੀ ਪਰ ਜਦੋਂ ਹੰਭ ਗਏ ਤਾਂ ਉਨ੍ਹਾਂ ਪੁਲਿਸ ਨੂੰ ਰਿਪੋਰਟ ਕੀਤੀ। ਪੁਲਿਸ ਵੱਲੋਂ ਸੀਸੀਟੀਵੀ ਰਾਹੀਂ ਪਤਾ ਲਗਾਇਆ ਕਿ ਉਸ ਦੀ ਮਾਤਾ ਨੂੰ ਸ਼ਿਨਾ ਦੇਵੀ, ਉਸ ਦਾ ਪੁੱਤਰ ਗੁਰਦਾਸ ਸਿੰਘ, ਰਾਜ ਰਾਣੀ ਤੇ ਦਿਨੇਸ਼ ਜੋ ਕਿ ਉਤਰ ਪ੍ਰਦੇਸ਼ ਹਾਲ ਵਾਸੀ ਸੰਤੇਮਾਜਰਾ ਆਪਣੀ ਕਾਰ 'ਚ ਬਿਠਾ ਕੇ ਕਿਤੇ ਲਿਜਾ ਰਹੇ ਸਨ। ਉਸ ਨੇ ਦੱਸਿਆ ਜਦੋਂ ਉਸ ਦੀ ਮਾਤਾ ਨੇ ਰੌਲਾ ਪਾਇਆ ਤਾਂ ਉਕਤ ਨੇ ਉਸ ਦੇ ਮੂੰਹ ਨੂੰ ਕੱਪੜੇ ਨਾਲ ਬੰਦ ਕਰ ਦਿੱਤਾ ਜਿਸ ਕਾਰਨ ਉਹ ਬੇਸੁੱਧ ਹੋ ਗਈ। ਇਸ ਉਪਰੰਤ ਕਣਕ ਦੀਆਂ ਗੋਲੀਆਂ ਉਸ ਦੇ ਮੂੰਹ 'ਚ ਪਾ ਦਿੱਤੀਆਂ ਤੇ ਮੋਰਿੰਡਾ ਦੇ ਨਜ਼ਦੀਕ ਕਾਇਨੌਰ ਦੇ ਕੋਲ ਪੈਂਦੇ ਸੀਵਰੇਜ ਦੇ ਮੇਨ ਹੌਲ 'ਚ ਸੁੱਟ ਦਿੱਤਾ। ਇਸ ਸਬੰਧੀ 'ਚ ਡੀਐੱਸਪੀ ਰੁਪਿੰਦਰ ਸੋਹੀ ਨੇ ਕਿਹਾ ਮੁਲਜ਼ਮਾਂ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕੀਤਾ ਜਾ ਰਿਹਾ ਹੈ।