ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਸਵਾਂ (ਮੁੱਲਾਂਪੁਰ) ਨਜ਼ਦੀਕ ਫਾਰਮ ਹਾਊਸ ਦੀ ਕੰਧ ਤੋਂ ਕਰੀਬ 5 ਮੀਟਰ ਦੂਰ ਖਾਲੀ ਜਗ੍ਹਾ ’ਤੇ 40 ਸਾਲਾ ਵਿਅਕਤੀ ਦਾ ਕਤਲ ਹੋਣ ਦੀ ਖ਼ਬਰ ਮਿਲੀ ਹੈ। ਕਤਲ ਮਗਰੋਂ ਉਸ ਦਾ ਸਿਰ ਕੱਟ ਕੇ ਧੜ ਨੂੰ ਉਥੇ ਹੀ ਜ਼ਮੀਨ ਵਿਚ ਦੱਬ ਦਿੱਤਾ ਗਿਆ। ਕੱਟਿਆ ਹੋਇਆ ਸਿਰ ਹਾਲੇ ਬਰਾਮਦ ਨਹੀਂ ਹੋਇਆ ਹੈ। ਮ੍ਰਿਤਕ ਦੀ ਪਛਾਣ ਸੁੱਚਾ ਸਿੰਘ ਵਾਸੀ ਪਿੰਡ ਛੋਟੀ-ਵੱਡੀ ਨੱਗਲ (ਮੁੱਲਾਂਪੁਰ) ਵਜੋਂ ਹੋਈ ਹੈ।

ਦਰਅਸਲ, ਮਰਹੂਮ ਸੁੱਚਾ ਸਿੰਘ 12 ਜੂਨ ਤੋਂ ਲਾਪਤਾ ਸੀ ਅਤੇ ਪਰਿਵਾਰਕ ਮੈਂਬਰਾਂ ਨੇ 14 ਜੂਨ ਨੂੰ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਪੁਲਿਸ ਸਟੇਸ਼ਨ ਮੁੱਲਾਂਪੁਰ ਗ਼ਰੀਬਦਾਸ ਵਿਚ ਦਰਜ ਕਰਵਾਈ ਸੀ। ਪੁਲਿਸ ਨੇ ਇਸ ਮਾਮਲੇ ਵਿਚ ਤਿੰਨ ਅਨਸਰਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 302, 201 ਤਹਿਤ ਮਾਮਲਾ ਦਰਜ ਕੀਤਾ ਸੀ। ਮੁਲਜ਼ਮਾਂ ਦੀ ਪਛਾਣ ਜਗੀਰ ਸਿੰਘ ਜੋਲਾ ਤੇ ਸਤਨਾਮ ਸਿੰਘ ਸੱਤੀ (ਦੋਵੇਂ ਵਾਸੀ ਪਿੰਡ ਪਰੌਲ) ਅਤੇ ਦੇਸ ਰਾਜ ਨਿਵਾਸੀ ਨੱਗਲ ਵਜੋਂ ਹੋਈ। ਐੱਸਐੱਚਓ ਸਤਿੰਦਰ ਸਿੰਘ ਨੇ ਦੱਸਿਆ ਕਿ ਸਤਨਾਮ ਸੱਤੀ ਤੇ ਦੇਸ ਰਾਜ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਜਗੀਰ ਸਿੰਘ ਜੋਲਾ ਹਾਲੇ ਫ਼ਰਾਰ ਹੈ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਸੋਮਵਾਰ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।

ਸ਼ਰਾਬ ਪੀ ਕੇ ਹੋਈ ਸੀ ਬਹਿਸ

ਐੱਸਪੀ ਦਿਹਾਤੀ ਰਵਜੋਤ ਕੌਰ ਗਰੇਵਾਲ ਮੁਤਾਬਕ ਪੁੱਛਗਿਛ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਜਗੀਰ ਸਿੰਘ ਜੋਲਾ, ਸਤਨਾਮ ਸੱਤੀ, ਦੇਸ ਰਾਜ ਅਤੇ ਸੁੱਚਾ ਸਿੰਘ 12 ਜੂਨ ਦੀ ਸ਼ਾਮ ਨੂੰ ਮੁੱਖ ਮੰਤਰੀ ਦੇ ਫਾਰਮ ਲਾਗੇ ਜੋਲੇ ਦੇ ਫਾਰਮ ਹਾਊਸ ਵਿਚ ਸ਼ਰਾਬ ਪੀ ਰਹੇ ਸਨ। ਸ਼ਰਾਬ ਪੀਣ ਵੇਲੇ ਉਨ੍ਹਾਂ ਦੀ ਸੁੱਚਾ ਸਿੰਘ ਨਾਲ ਬਹਿਸ ਹੋ ਗਈ ਤੇ ਉਹ ਇਕ ਦੂਜੇ ਨੂੰ ਗਾਲ੍ਹਾਂ ਕੱਢਣੇ ਲੱਗੇ। ਇਸ ਦੌਰਾਨ ਸੁੱਚਾ ਸਿੰਘ, ਜੋਲੇ ਨੂੰ ਪੈਸੇ ਵਾਪਸ ਕਰਨ ਵਾਲਾ ਸੀ ਕਿ ਤਿੰਨਾਂ ਨੇ ਤੇਜ਼ਧਾਰ ਹਥਿਆਰ ਨਾਲ ਉਸ ਦਾ ਸਿਰ ਕੱਟ ਦਿੱਤਾ ਤੇ ਲਾਸ਼ ਨੂੰ ਖੱਡੇ ’ਚ ਦਬਾ ਕੇ ਫ਼ਰਾਰ ਹੋ ਗਏ। ਖੱਡੇ ਵਿੱਚੋਂ ਦੱਬਿਆ ਹੋਇਆ ਸਿਰ ਮਿਲਣ ਮਗਰੋਂ ਤਿੰਨਾਂ ਮੁਲਜ਼ਮਾਂ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਗਿਆ।

Posted By: Jagjit Singh