-ਵਿਧਾਨ ਸਭਾ ਦੀ ਸਥਾਨਕ ਸਰਕਾਰਾਂ ਕਮੇਟੀ ਦੀ ਮੀਟਿੰਗ 'ਚ ਪਹੁੰਚੇ

-ਦਿਵਿਆਂਗ ਵਿਧਾਇਕ ਗੁਰਪ੍ਰਰੀਤ ਗੋਗੀ ਨੂੰ ਸਹਾਰਾ ਲੈ ਚੜ੍ਹਨਾ ਪਿਆ ਪੌੜੀਆਂ

ਜੇ ਐੱਸ ਕਲੇਰ, ਜ਼ੀਰਕਪੁਰ : ਅਕਸਰ ਸੁਰਖੀਆਂ 'ਚ ਰਹਿਣ ਵਾਲੀ ਜ਼ੀਰਕਪੁਰ ਨਗਰ ਕੌਂਸਲ ਇਕ ਵਾਰ ਫੇਰ ਤੋਂ ਸੁਰਖੀਆਂ 'ਚ ਹੈ। ਮੰਗਲਵਾਰ ਨੂੰ ਜ਼ੀਰਕਪੁਰ ਨਗਰ ਕੌਂਸਲ ਦਫ਼ਤਰ 'ਚ ਵਿਧਾਨ ਸਭਾ ਦੀ ਸਥਾਨਕ ਸਰਕਾਰਾਂ ਬਾਰੇ ਕਮੇਟੀ ਦੀ ਮੀਟਿੰਗ ਕੀਤੀ ਗਈ ਸੀ। ਜਿਸ ਲਈ ਨਗਰ ਕੌਂਸਲ ਵੱਲੋਂ ਸ਼ਾਨਦਾਰ ਤਿਆਰੀਆਂ ਕੀਤੀਆਂ ਗਈਆਂ ਸਨ। ਜਿਸ 'ਚ 13 ਵਿਧਾਇਕਾਂ ਵੱਲੋਂ ਨਗਰ ਕੌਂਸਲ ਦਫ਼ਤਰ ਪਹੁੰਚ ਨਗਰ ਕੌਂਸਲ ਜ਼ੀਰਕਪੁਰ ਵੱਲੋਂ ਕੀਤੇ ਗਏ ਅਤੇ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਤਾਜ਼ਾ ਸਥਿਤੀ ਬਾਰੇ ਅਧਿਕਾਰੀਆਂ ਨਾਲ ਚਰਚਾ ਕੀਤੀ ਜਾਣੀ ਸੀ। ਇਸ ਮੀਟਿੰਗ ਲਈ ਕੌਂਸਲ ਅਧਿਕਾਰੀਆਂ ਵੱਲੋਂ ਵਿਧਾਇਕਾਂ ਦੇ ਸਵਾਗਤ ਲਈ ਲਾਲ ਕਾਨੀਲ ਵਛਾ ਸਵਾਗਤ ਦੀ ਤਿਆਰੀ ਕੀਤੀ ਗਈ ਸੀ। ਪਰ ਅਧਿਕਾਰੀ ਦੀਆਂ ਤਿਆਰੀਆਂ ਦੀ ਪੋਲ ਉਸ ਵੇਲੇ ਖੁੱਲ੍ਹ ਗਈ ਜਦੋਂ ਅਧਿਕਾਰੀ ਨਗਰ ਕੌਂਸਲ ਦਫ਼ਤਰ 'ਚ ਬੀਤੇ ਲੰਬੇ ਸਮੇਂ ਤੋਂ ਬੰਦ ਪਈ ਲਿਫ਼ਟ ਨੂੰ ਚਾਲੂ ਕਰਵਾਉਣਾ ਹੀ ਭੁੱਲ ਗਏ। ਬੀਤੇ ਲੰਬੇ ਸਮੇਂ ਤੋਂ ਲਿਫ਼ਟ ਬੰਦ ਹੋਣ ਕਾਰਨ ਇਥੇ ਆਪਣੇ ਕੰਮ ਲਈ ਆਉਣ ਵਾਲੇ ਬਜ਼ੁਰਗ ਪਰੇਸ਼ਾਨ ਹੁੰਦੇ, ਉਨ੍ਹਾਂ ਨੂੰ ਪੌੜੀਆਂ ਚੜ੍ਹਨਾ ਅਤੇ ਉਤਰਨਾ ਪੈਂਦਾ ਹੈ।

ਉਧਰ ਲੁਧਿਆਣਾ ਪੱਛਮੀ ਤੋਂ ਅੰਗਹੀਣ ਵਿਧਾਇਕ ਗੁਰਪ੍ਰਰੀਤ ਗੋਗੀ ਜੋ ਇਸ ਮੀਟਿੰਗ 'ਚ ਹਿੱਸਾ ਲੈਣ ਪੁੱਜੇ ਸਨ, ਨੂੰ ਵੀ ਲਿਫ਼ਟ ਬੰਦ ਹੋਣ ਕਾਰਨ ਆਪਣੇ ਸਹਾਇਕਾਂ ਦੀ ਮਦਦ ਨਾਲ ਪੌੜੀਆਂ ਚੜ੍ਹ ਕੇ ਪਹਿਲੀ ਮੰਜ਼ਿਲ 'ਤੇ ਪਹੁੰਚਣਾ ਪਿਆ। ਪੰਜਾਬ ਦੀ ਸਭ ਤੋਂ ਵੱਧ ਮਾਲਿਆ ਦੇਣ ਵਾਲੀ ਏ ਕਲਾਸ ਨਗਰ ਕੌਂਸਲ ਜ਼ੀਰਕਪੁਰ ਦੇ ਦਫ਼ਤਰ 'ਚ ਪਿਛਲੇ ਲੰਮੇ ਸਮੇਂ ਤੋਂ ਲਿਫਟ ਬੰਦ ਪਈ ਹੈ। ਇਹ ਲਿਫ਼ਟ ਘੱਟ ਹੀ ਵਰਤੀ ਜਾਂਦੀ ਹੈ। ਹਾਲਾਂਕਿ ਲਿਫ਼ਟ ਖ਼ਰਾਬ ਵੀ ਨਹੀਂ ਹੈ। ਪਰ ਇਸਨੂੰ ਚਲਾਇਆ ਨਹੀਂ ਜਾ ਰਿਹਾ।

ਨਗਰ ਕੌਂਸਲ ਦਫ਼ਤਰ 'ਚ ਲਿਫ਼ਟ ਬੰਦ ਹੋਣ ਕਾਰਨ ਸਭ ਤੋਂ ਵੱਧ ਪੇ੍ਸ਼ਾਨੀ ਉਨ੍ਹਾਂ ਬਜ਼ੁਰਗਾਂ ਨੂੰ ਹੁੰਦੀ ਹੈ ਜੋ ਪਲਾਂਟ ਰੈਗੂਲਰ ਕਰਵਾਉਣ ਅਤੇ ਪ੍ਰਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਆਉਂਦੇ ਹਨ। ਪੌੜੀਆਂ ਚੜ੍ਹਦਿਆਂ ਬਜ਼ੁਰਗ ਥੱਕ ਜਾਂਦੇ ਹਨ ਅਤੇ ਉਨ੍ਹਾਂ ਨੂੰ ਵਾਰ-ਵਾਰ ਬੈਠਣਾ ਪੈਂਦਾ ਹੈ। ਲਿਫ਼ਟ ਬੰਦ ਹੋਣ ਦੀ ਪੇ੍ਸ਼ਾਨੀ ਤੋਂ ਤੰਗ ਬਜ਼ੁਰਗਾਂ ਦਾ ਕਹਿਣਾ ਹੈ ਕਿ ਜਿਨ੍ਹਦੇ ਨਗਰ ਕੌਂਸਲ ਅਧਿਕਾਰੀ ਆਪਣੇ ਦਫ਼ਤਰ ਦੀ ਲਿਫ਼ਟ ਵੀ ਨਹੀਂ ਚਲਾ ਸਕਦੇ, ਉਹ ਸ਼ਹਿਰ ਦਾ ਕੀ ਕੰਮ ਕਰਨਗੇ।

ਇਸ ਸਬੰਧੀ ਗੱਲ ਕਰਨ 'ਤੇ ਵਿਧਾਇਕ ਗੁਰਪ੍ਰਰੀਤ ਗੋਗੀ ਨੇ ਕਿਹਾ ਕਿ ਉਹ ਵਿਧਾਨਸਭਾ ਦੀ ਸਥਾਨਕ ਸੰਸਥਾਵਾਂ ਕਮੇਟੀ ਦੀ ਮੀਟਿੰਗ 'ਚ ਹਿੱਸਾ ਲੈਣ ਲਈ ਆਏ ਸਨ, ਪੰਜਾਬ ਦੀਆਂ ਅਮੀਰ ਨਗਰ ਕੌਸਲਾਂ 'ਚ ਸ਼ੁਮਾਰ ਨਗਰ ਕੌਂਸਲ ਜ਼ੀਰਕਪੁਰ 'ਚ ਲਿਫ਼ਟ ਨਾ ਚਲਾਏ ਜਾਣ ਤੇ ਉਹ ਹੈਰਾਨ ਵੀ ਹਨ ਅਤੇ ਉਨ੍ਹਾਂ ਨੇ ਰੋਜ਼ਾਨਾਂ ਦੇ ਆਧਾਰ 'ਤੇ ਬਜ਼ੁਰਗਾਂ ਨੂੰ ਦਰਪੇਸ਼ ਆਉਂਦੀ ਪਰੇਸ਼ਾਨੀ ਨੂੰ ਵੀ ਮਹਿਸੂਸ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਜ਼ੀਰਕਪੁਰ ਨਗਰ ਕੌਂਸਲ ਦੇ ਕੰਮਕਾਜ ਦਾ ਜਾਇਜ਼ਾ ਲੈਣ ਲਈ ਸੀ, ਜਿਸ ਸਬੰਧੀ ਉਹ ਜਾਂਚ ਕਰਕੇ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਨਗੇ।

--------------

ਪਹਿਲਾਂ ਨਗਰ ਕੌਂਸਲ ਦੀ ਲਿਫ਼ਟ ਖ਼ਰਾਬ ਹੋ ਗਈ ਸੀ, ਜਿਸ ਨੂੰ ਮੁਰੰਮਤ ਕਰਕੇ ਠੀਕ ਕਰਵਾ ਦਿੱਤਾ ਗਿਆ ਸੀ ਉਸਤੋਂ ਬਾਅਦ ਇਸ ਨੂੰ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਬੰਦ ਕਰ ਦਿੱਤਾ ਗਿਆ ਹੈ।

ਰਵਨੀਤ ਸਿੰਘ, ਕਾਰਜਸਾਧਕ ਅਫ਼ਸਰ, ਨਗਰ ਕੌਂਸਲ ਜ਼ੀਰਕਪੁਰ