-ਭੂਤਰੇ ਸਾਨ੍ਹ ਨੇ ਲੋਕਾਂ ਨੂੰ ਪਾਇਆ ਵਖ਼ਤ

ਸੁਰਜੀਤ ਸਿੰਘ ਕੋਹਾੜ, ਲਾਲੜੂ : ਆਵਾਰਾ ਪਸ਼ੂਆਂ ਨੂੰ ਸਾਂਭਣ ਦੇ ਮਾਮਲੇ 'ਚ ਨਗਰ ਕੌਂਸਲ ਲਾਲੜੂ ਪੂਰੀ ਤਰ੍ਹਾਂ ਫੇਲ੍ਹ ਸਾਬਿਤ ਹੋ ਰਹੀ ਹੈ, ਜਿੱਥੇ ਆਵਾਰਾ ਘੁੰਮ ਰਹੇ ਪਸ਼ੂ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਕਰ ਰਹੇ ਹਨ, ਉੱਥੇ ਹੀ ਮਰੇ ਹੋਏ ਪਸ਼ੂਆਂ ਨੂੰ ਦਫ਼ਨਾਉਣ ਲਈ ਨਗਰ ਕੌਂਸਲ ਕੋਲ ਕੋਈ ਪ੍ਰਬੰਧ ਨਹੀਂ ਹੈ। ਦੱਸਣਯੋਗ ਹੈ ਕਿ ਲਾਲੜੂ ਮੰਡੀ 'ਚ ਆਵਾਰਾ ਘੁੰਮ ਰਹੇ ਪਸ਼ੂਆਂ 'ਚੋਂ ਇਕ ਸਾਨ੍ਹ ਨੇ ਭੂਤਰ ਕੇ ਕਈਂ ਦਰਜਨ ਰਾਹਗੀਰਾਂ ਸਮੇਤ ਸਥਾਨਕ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਵਾਰਡ ਨੰਬਰ 8, 7 ਤੇ 4 ਦੇ ਵਸਨੀਕ ਹਰਕਿਰਤ ਸਿੰਘ, ਮਲਕੀਤ ਸਿੰਘ ਮੀਤਾ, ਕੁਲਵੀਰ ਕੌਰ, ਬਿਮਲਾ ਦੇਵੀ, ਸੁਰਿੰਦਰ ਕੌਰ, ਹਰਪ੍ਰਰੀਤ ਸਿੰਘ ਤੇ ਕਾਲਾ ਹਾਰਡਵੇਅਰ ਨੇ ਦੱਸਿਆ ਕਿ ਇਕ ਸਿੰਗ ਤੋਂ ਸੱਖਣਾ ਇਕ ਸਾਨ੍ਹ ਬਾਅਦ ਦੁਪਹਿਰ ਐਨਾ ਭਤਰ ਗਿਆ ਕਿ ਸੜਕ 'ਤੇ ਆਉਂਦੇ ਜਾਂਦੇ ਰਾਹਗੀਰਾਂ ਨੂੰ ਆਪਣਾ ਨਿਸ਼ਾਨਾ ਬਣਾਉਣ ਲੱਗਾ, ਜਿਸ ਦੇ ਚਲਦਿਆਂ ਨਾ ਸਿਰਫ਼ ਦਰਜਨਾਂ ਲੋਕ ਜ਼ਖ਼ਮੀ ਹੋ ਗਏ। ਸਗੋਂ ਉਨ੍ਹਾਂ ਨੂੰ ਆਪਣੇ ਵਾਹਨ ਛੱਡ ਕੇ ਭੱਜਣਾ ਪਿਆ। ਇਹ ਸਾਨ੍ਹ ਵਾਹਨਾਂ ਨੂੰ ਕਾਫ਼ੀ ਜ਼ਿਆਦਾ ਨੁਕਸਾਨ ਪਹੁੰਚਾਦਾ ਰਿਹਾ। ਉਨ੍ਹਾਂ ਨਗਰ ਕੌਂਸਲ ਨੂੰ ਵੀ ਇਸ ਸਬੰਧੀ ਸੂਚਿਤ ਕੀਤਾ ਪਰ ਉਨ੍ਹਾਂ ਵੱਲੋਂ ਦੇਰ ਸ਼ਾਮ ਤਕ ਉਸ ਨੂੰ ਕਾਬੂ ਕਰਨ ਦਾ ਕੋਈ ਪ੍ਰਬੰਧ ਨਾ ਕੀਤਾ ਗਿਆ। ਭੂਤਰੇ ਸਾਨ੍ਹ ਨੂੰ ਲੈ ਕੇ ਲੋਕਾਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ।

------------

ਬਾਕਸ

ਸੰਪਰਕ ਕਰਨ 'ਤੇ ਨਗਰ ਕੌਂਸਲ ਲਾਲੜੂ ਦੇ ਸੈਨੇਟਰੀ ਇਸਪੈਕਟਰ ਗੁਲਸ਼ਨ ਕੁਮਾਰ ਨੇ ਕਿਹਾ ਕਿ ਨਗਰ ਕੌਂਸਲ ਲਾਲੜੂ ਕੋਲ ਅਵਾਰਾ ਤੇ ਭੂਤਰੇ ਪਸ਼ੂ ਕਾਬੂ ਕਰਨ ਦਾ ਕੋਈ ਪ੍ਰਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਗਊਸ਼ਾਲਾ ਲਾਲੜੂ ਮੰਡੀ ਵਿਖੇ ਗੱਲ ਕੀਤੀ ਹੈ ਕਿ ਉੱਥੋਂ ਵੈਟਰਨਰੀ ਡਾਕਟਰ ਦਾ ਪ੍ਰਬੰਧ ਕਰਕੇ ਉਸ ਨੂੰ ਇੰਜੈਕਸ਼ਨ ਦਿੱਤਾ ਜਾਵੇਗਾ ਤੇ ਉਸ ਤੋਂ ਬਾਅਦ ਹੀ ਉਸ ਨੂੰ ਕਾਬੂ ਕੀਤਾ ਜਾਵੇਗਾ।

ਗੁਲਸ਼ਨ ਕੁਮਾਰ, ਸੈਨੇਟਰੀ ਇੰਸਪੈਕਟਰ ਨਗਰ ਕੌਂਸਲ ਲਾਲੜੂ।