ਸੁਨੀਲ ਕੁਮਾਰ ਭੱਟੀ, ਡੇਰਾਬੱਸੀ,

ਨਗਰ ਕੌਂਸਲ ਦੇ ਪ੍ਰਧਾਨ ਰਣਜੀਤ ਸਿੰਘ ਰੈਡੀ ਵੱਲੋਂ ਲੰਘੇ ਦਿਨੀਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਚਰਚਾ ਅੱਜ ਸੱਚ ਸਾਬਤ ਹੋਈ। ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁਖ ਸੱਕਤਰ ਵਿਵੇਕ ਪ੍ਰਤਾਪ ਸਿੰਘ (ਆਈਏਐੱਸ) ਵੱਲੋਂ ਉਨਾਂ੍ਹ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ। ਇਸ ਮਗਰੋਂ ਹੁਣ ਡੇਰਾਬੱਸੀ ਕੌਂਸਲ ਪ੍ਰਧਾਨ ਦਾ ਅਹੁਦਾ ਖ਼ਾਲੀ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਲੰਘੇ ਦਿਨੀਂ ਲਾਲੜੂ ਕੌਂਸਲ ਪ੍ਰਧਾਨ ਬਿੰਦੂ ਰਾਣਾ ਪਤਨੀ ਮੁਕੇਸ਼ ਰਾਣਾ ਵੱਲੋਂ ਵੀ ਇਸੇ ਤਰਾਂ੍ਹ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ, ਜਿਨਾਂ੍ਹ ਦੇ ਅਸਤੀਫ਼ਾ ਵੀ ਮਨਜ਼ੂਰ ਹੋ ਗਿਆ ਹੈ ਜਿਥੇ ਹਾਲੇ ਨਵੇਂ ਪ੍ਰਧਾਨ ਦੀ ਚੋਣ ਨਹੀਂ ਹੋਈ।

ਕੌਂਸਲ 'ਚ ਕੁੱਲ 19 ਕੌਂਸਲਰ ਹਨ। ਇਨਾਂ੍ਹ 'ਚ 14 ਕਾਂਗਰਸ, ਇਕ ਆਜ਼ਾਦ, ਇਕ ਭਾਜਪਾ ਅਤੇ ਤਿੰਨ ਅਕਾਲੀ ਦਲ ਦੇ ਕੌਂਸਲਰ ਜੇਤੂ ਰਹੇ ਸੀ। ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਿਢੱਲੋਂ ਵੱਲੋਂ ਆਪਣੀ ਸਭ ਤੋਂ ਨੇੜਲੇ ਰਣਜੀਤ ਸਿੰਘ ਰੈਡੀ ਨੂੰ ਕੌਂਸਲ ਦਾ ਪ੍ਰਧਾਨ ਚੁਣਿਆ ਗਿਆ ਸੀ। ਪ੍ਰਧਾਨ ਬਣਨ ਮਗਰੋਂ ਹੀ ਬਹੁਗਿਣਤੀ ਕੌਂਸਲਰ ਸ੍ਰੀ ਰੈਡੀ ਦਾ ਵਿਰੋਧ ਕਰ ਰਹੇ ਸਨ। ਸੂਬੇ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਬਹੁਗਿਣਤੀ ਕੌਂਸਲਰ ਰੈਡੀ ਦਾ ਵਿਰੋਧ ਕਰ ਰਹੇ ਸੀ ਅਤੇ ਖੁੱਲ੍ਹੇਆਮ ਸ਼ਹਿਰ ਦੇ ਸਮਾਗਮਾਂ 'ਚ ਵਿਧਾਇਕ ਸ੍ਰੀ ਰੰਧਾਵਾ ਨਾਲ ਦਿਖਾਈ ਦੇ ਰਹੇ ਸੀ। ਲੰਘੇ ਦਿਨੀਂ ਇਕ ਸਫ਼ਾਈ ਸੇਵਕ ਨੂੰ ਜਾਤੀਸੂਚਕ ਸ਼ਬਦ ਬੋਲਣ ਦੇ ਮਾਮਲੇ 'ਚ ਪ੍ਰਧਾਨ ਸ੍ਰੀ ਰੈਡੀ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਸੀ। ਜਿਨਾਂ੍ਹ ਨੂੰ 21 ਦਿਨ ਨਿਆਂਇਕ ਹਿਰਾਸਤ 'ਚ ਰਹਿਣਾ ਪਿਆ ਸੀ। ਉਸ ਮਗਰੋਂ ਕੌਂਸਲਰਾਂ ਨੇ ਖੁੱਲ੍ਹੇਆਮ ਬਗਾਵਤ ਸ਼ੁਰੂ ਕਰ ਦਿੱਤੀ ਸੀ।

ਇਸ ਸਬੰਧੀ ਗੱਲ ਕਰਨ 'ਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਅਸ਼ੋਕ ਪਥਰੀਆ ਨੇ ਅਸਤੀਫ਼ਾ ਦੇਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸ੍ਰੀ ਰੈਡੀ ਵੱਲੋਂ ਆਪਣੇ ਅਸਤੀਫ਼ੇ 'ਚ ਘਰੇਲੂ ਅਤੇ ਕਾਰੋਬਾਰੀ ਮਜ਼ਬੂਰੀਆਂ ਦੱਸਦੇ ਹੋਏ 21 ਸਤੰਬਰ ਨੂੰ ਆਪਣਾ ਅਸਤੀਫ਼ਾ ਦਿੱਤਾ ਗਿਆ ਸੀ। ਉਸ ਮਨਜ਼ੂਰੀ ਲਈ ਸਥਾਨਕ ਸਰਕਾਰਾਂ ਵਿਭਾਗ ਕੋਲ ਭੇਜਿਆ ਗਿਆ ਸੀ ਜਿਸ ਨੂੰ ਅੱਜ ਮਨਜ਼ੂਰ ਮਿਲ ਗਈ ਹੈ। ਉਨਾਂ੍ਹ ਨੇ ਕਿਹਾ ਕਿ ਹੁਣ ਵਿਭਾਗ ਦੀ ਹਦਾਇਤ 'ਤੇ ਅਗਲੇ ਪ੍ਰਧਾਨ ਦੀ ਚੋਣ ਕਰਵਾਈ ਜਾਏਗੀ, ਜਿਸ ਦੌਰਾਨ ਕੌਂਸਲ ਦਾ ਸਾਰਾ ਕੰਮ ਪ੍ਰਬੰਧਕ ਦੇਖਣਗੇ।

ਗੱਲ ਕਰਨ 'ਤੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਪ੍ਰਧਾਨ ਸ੍ਰੀ ਰੈਡੀ ਦਾ ਅਸਤੀਫ਼ਾ ਮਨਜ਼ੂਰ ਹੋਣ ਮਗਰੋਂ ਹੁਣ ਸ਼ਹਿਰ ਦੇ ਵਿਕਾਸ ਨੂੰ ਮੁੱਖ ਰੱਖਦਿਆਂ ਨਵੀਂ ਚੁਣੀ ਜਾਣ ਵਾਲੀ ਟੀਮ ਨੂੰ ਪੂਰਾ ਸਹਿਯੋਗ ਦਿੱਤਾ ਜਾਏਗਾ।