ਸੀਨੀਅਰ ਰਿਪੋਰਟਰ, ਐੱਸਏਐੱਸ ਨਗਰ : ਪੰਜਾਬ ਦੇ ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਦੇ ਨਵੇਂ ਦਾਖ਼ਲਿਆਂ 'ਚ 10.38 ਫ਼ੀਸਦੀ ਦੇ ਵਾਧੇ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਸਿੱਖਿਆ ਖੇਤਰ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਕਿ ਨਵੇਂ ਦਾਖ਼ਲੇ 10 ਫ਼ੀਸਦੀ ਤੋਂ ਪਾਰ ਹੋ ਗਏ। ਪਿਛਲੇ ਵਰ੍ਹੇ ਦੌਰਾਨ ਜੋ ਵਿਦਿਆਰਥੀਆਂ ਦੀ ਗਿਣਤੀ 23,52,112 ਸੀ, ਹੁਣ ਵਧ ਕੇ 25,96,281 ਹੋ ਗਈ ਹੈ, ਨਾਲ ਚੰਗੀ ਖ਼ਬਰ ਇਹ ਵੀ ਹੈ ਕਿ ਨਵੇਂ ਦਾਖ਼ਲ ਹੋਏ 2,44,169 ਵਿਦਿਆਰਥੀਆਂ 'ਚੋਂ 1,14,773 ਵਿਦਿਆਰਥੀ ਪ੍ਰਰਾਈਵੇਟ ਸਕੂਲਾਂ 'ਚੋਂ ਆਏ ਹਨ।

ਮਿਲੀ ਜਾਣਕਾਰੀ ਅਨੁਸਾਰ 34.30 ਫ਼ੀਸਦੀ ਸਭ ਤੋਂ ਵੱਧ ਨਵੇਂ ਦਾਖ਼ਲਿਆਂ ਦਾ ਰਿਕਾਰਡ ਵਾਧਾ ਪ੍ਰਰੀ ਪ੍ਰਰਾਇਮਰੀ 'ਚ ਹੋਇਆ ਹੈ, ਜੋ ਸਿੱਖਿਆ ਵਿਭਾਗ ਵੱਲੋਂ 14 ਨਵੰਬਰ 2017 ਨੂੰ ਸ਼ੁਰੂ ਕੀਤੀਆਂ ਪ੍ਰਰੀ ਪ੍ਰਰਾਇਮਰੀ ਕਲਾਸਾਂ ਦੇ ਸਫ਼ਲ ਤਜਰਬੇ ਨੂੰ ਦਰਸਾਉਂਦਾ ਹੈ। ਪਿਛਲੇ ਸਾਲ ਪ੍ਰਰੀ ਪ੍ਰਰਾਇਮਰੀ 'ਚ 2,25,565 ਬੱਚੇ ਸਨ, ਜਿਨ੍ਹਾਂ ਦੀ ਗਿਣਤੀ ਹੁਣ ਵਧ ਕੇ 3,02,937 ਹੋ ਗਈ ਹੈ। ਹਾਇਰ ਸੈਕੰਡਰੀ ਪੱਧਰ 'ਤੇ 20.12 ਫ਼ੀਸਦੀ ਦਾ ਵੱਡਾ ਵਾਧਾ ਹੋਇਆ ਹੈ, ਪਿਛਲੇ ਵਰ੍ਹੇ ਜੋ ਵਿਦਿਆਰਥੀਆਂ ਦੀ ਗਿਣਤੀ 3,12,534 ਸੀ, ਹੁਣ 3,75,431 ਹੋ ਗਈ।

ਪ੍ਰਾਇਮਰੀ ਪੱਧਰ 'ਤੇ ਪਹਿਲੀ ਕਲਾਸ ਤੋਂ ਲੈ ਕੇ ਪੰਜਵੀਂ ਤਕ 5.79 ਫ਼ੀਸਦੀ ਦਾ ਵਾਧਾ ਹੋਇਆ ਹੈ। ਪਿਛਲੇ ਵਰ੍ਹੇ 8,48,619 ਬੱਚੇ ਸਨ, ਹੁਣ ਇਹ ਗਿਣਤੀ 8,97,754 ਹੋ ਗਈ। ਅੱਪਰ ਪ੍ਰਾਇਮਰੀ ਤਹਿਤ 6ਵੀਂ ਤੋਂ 8ਵੀਂ ਤਕ 4.97 ਫ਼ੀਸਦੀ ਦਾ ਵਾਧਾ ਹੋਇਆ ਹੈ। ਪਿਛਲੇ ਸਾਲ 5,74,234 ਵਿਦਿਆਰਥੀ ਸਨ, ਹੁਣ ਇਹ ਗਿਣਤੀ 6,02,787 ਤਕ ਪਹੁੰਚ ਗਈ। ਨੌਵੀਂ, ਦਸਵੀਂ ਕਲਾਸਾਂ ਦੇ ਨਵੇਂ ਦਾਖ਼ਲਿਆਂ 'ਚ 6.70 ਫ਼ੀਸਦੀ ਦਾ ਵਾਧਾ ਹੋਇਆ ਹੈ। ਪਿਛਲੇ ਸਾਲ 3,91,160 ਵਿਦਿਆਰਥੀ ਸਨ, ਇਸ ਸਾਲ ਹੁਣ ਤਕ 4,17,372 ਵਿਦਿਆਰਥੀ ਦਾਖ਼ਲਾ ਲੈ ਚੁੱਕੇ ਹਨ।

ਜੇਕਰ ਵੱਖ-ਵੱਖ ਜ਼ਿਲਿ੍ਆਂ ਦੀ ਗੱਲ ਕੀਤੀ ਜਾਵੇ ਤਾਂ ਸੱਤ ਜ਼ਿਲਿ੍ਆਂ ਐੱਸਏਐੱਸ ਨਗਰ, ਫ਼ਤਹਿਗੜ੍ਹ ਸਾਹਿਬ, ਲੁਧਿਆਣਾ, ਐੱਸਬੀਐੱਸ ਨਗਰ, ਬਠਿੰਡਾ, ਫਿਰੋਜ਼ਪੁਰ, ਤਰਨਤਾਰਨ ਨੇ ਸਟੇਟ ਦੀ ਨਵੇਂ ਦਾਖ਼ਲਿਆਂ ਦੀ 10.38 ਫ਼ੀਸਦੀ ਵਾਧਾ ਦਰ ਨੂੰ ਪਾਰ ਕੀਤਾ ਹੈ। ਐੱਸਏਐੱਸ ਨਗਰ (ਮੋਹਾਲੀ) 22.14 ਫ਼ੀਸਦੀ ਵਾਧੇ ਨਾਲ ਸਿਖ਼ਰ 'ਤੇ ਹੈ, ਫ਼ਤਹਿਗੜ੍ਹ ਸਾਹਿਬ 15.78 ਫ਼ੀਸਦੀ ਦੇ ਵਾਧੇ ਨਾਲ ਦੂਸਰੇ ਸਥਾਨ 'ਤੇ ਹੈ, ਲੁਧਿਆਣਾ 15.28 ਫ਼ੀਸਦੀ ਵਾਧੇ ਨਾਲ ਤੀਸਰੇ ਸਥਾਨ 'ਤੇ ਹੈ।

ਇਸ ਦਾਖ਼ਲਾ ਦਰ 'ਚ ਐੱਸਬੀਐੱਸ ਨਗਰ 13.02 ਫ਼ੀਸਦੀ ਨਾਲ ਚੌਥੇ, ਬਠਿੰਡਾ 11.50 ਫ਼ੀਸਦੀ ਨਾਲ ਪੰਜਵੇਂ, ਫਿਰੋਜ਼ਪੁਰ 10.87 ਫ਼ੀਸਦੀ ਨਾਲ ਛੇਵੇਂ, ਤਰਨਤਾਰਨ 10.47 ਫ਼ੀਸਦੀ ਨਾਲ ਸੱਤਵੇਂ ਸਥਾਨ 'ਤੇ ਹੈ। ਬਾਕੀ ਜ਼ਿਲਿ੍ਆਂ 'ਚ ਵੀ ਨਵੇਂ ਦਾਖ਼ਲਿਆਂ ਦੀ ਵਾਧਾ ਦਰ 'ਚ ਰਿਕਾਰਡ ਵਾਧਾ ਹੋਇਆ ਹੈ ਅਤੇ ਇਨ੍ਹਾਂ ਸਾਰਿਆਂ ਜ਼ਿਲਿ੍ਆਂ ਨੇ ਪੌਣੇ ਅੱਠ ਫ਼ੀਸਦੀ ਦੀ ਵਾਧਾ ਦਰ ਪਾਰ ਕੀਤੀ ਹੈ ਅਤੇ ਹਰ ਜ਼ਿਲ੍ਹੇ 'ਚ ਵੱਡੀ ਗਿਣਤੀ 'ਚ ਬੱਚੇ ਪ੍ਰਰਾਈਵੇਟ ਸਕੂਲਾਂ 'ਚੋਂ ਆਏ ਹਨ।

ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦਾ ਇਹ ਵੀ ਦਾਅਵਾ ਹੈ ਕਿ ਸੀਬੀਐੱਸਈ ਨਾਲ ਸਬੰਧਤ ਦਸਵੀਂ ਕਲਾਸ ਦਾ ਨਤੀਜੇ ਅਜੇ ਆਉਣਾ ਹੈ, ਜਿਸ ਕਾਰਨ ਹੋਰ ਵੀ ਵੱਡੀ ਗਿਣਤੀ 'ਚ ਦਾਖ਼ਲਾ ਵਧਣ ਦੇ ਆਸਾਰ ਹਨ। ਨਵੇਂ ਦਾਖ਼ਲਿਆਂ ਦੀ ਸੂਚੀ 'ਚ ਨੰਬਰ ਇਕ 'ਤੇ ਰਹਿਣ ਵਾਲੇ ਐੱਸਏਐੱਸ ਨਗਰ (ਮੋਹਾਲੀ) ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਹਿੰਮਤ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਵਿਦਿਆਰਥੀਆਂ ਦੀ ਗਿਣਤੀ 84,771 ਸੀ, ਜੋ ਹੁਣ 103540 ਤਕ ਪਹੁੰਚ ਚੁੱਕੀ ਹੈ ਅਤੇ ਇਹ ਗਿਣਤੀ ਹੋਰ ਵਧਣ ਦੇ ਆਸਾਰ ਹਨ। ਉਨ੍ਹਾਂ ਦੱਸਿਆ ਕਿ ਦਾਖ਼ਲੇ ਵਧਣ ਦੇ ਰੁਝਾਨ ਪਿਛੇ ਸਿੱਖਿਆ ਵਿਭਾਗ ਦੀ ਵਿਉਂਤਬੰਦੀ ਤੇ ਅਧਿਆਪਕਾਂ ਦੀ ਮਿਹਨਤ ਸੀ, ਜਿਨ੍ਹਾਂ ਨੇ ਕੋਰੋਨਾ ਵਾਇਰਸ ਦੇ ਔਖੇ ਦੌਰ ਦੌਰਾਨ ਵੀ ਬੱਚਿਆਂ ਦੀ ਆਨਲਾਈਨ ਪੜ੍ਹਾਈ ਲਈ ਹਰ ਯਤਨ ਕੀਤੇ, ਦੂਸਰਾ ਸਮਾਰਟ ਸਿੱਖਿਆ ਨੀਤੀ ਕਾਰਨ ਸਕੂਲਾਂ 'ਚ ਵਧੇ ਪੜ੍ਹਾਈ ਦੇ ਮਿਆਰ ਨੇ ਵੀ ਸਰਕਾਰੀ ਸਕੂਲਾਂ ਪ੍ਰਤੀ ਮਾਪਿਆਂ ਦਾ ਵਿਸ਼ਵਾਸ ਜਿੱਤਿਆ ਹੈ।

ਸਿੱਖਿਆ ਵਿਭਾਗ ਦਾ ਵੀ ਮੰਨਣਾ ਹੈ ਕਿ ਨਵੇਂ ਦਾਖ਼ਲਿਆਂ ਦੀ ਰਿਕਾਰਡ ਵਾਧਾ ਦਰ ਲਈ ਪੰਜਾਬ ਸਰਕਾਰ ਵੱਲੋਂ ਲਗਪਗ ਤਿੰਨ ਸਾਲ ਦੇ ਕਾਰਜਕਾਲ ਦੌਰਾਨ ਸਰਕਾਰੀ ਸਕੂਲਾਂ 'ਚ ਸਮਾਰਟ ਸਿੱਖਿਆ ਨੀਤੀ ਤਹਿਤ ਹਰ ਸਕੂਲ 'ਚ ਲੋੜੀਂਦੇ ਸਮਾਰਟ ਪ੍ਰਾਜੈਕਟਰ, ਪੜ੍ਹਾਈ ਲਈ ਈ-ਕੰਟੈਂਟ ਦੀ ਵਰਤੋਂ ਲਈ ਵਧੀਆ ਕਲਾਸ ਰੂਮ, ਰੰਗਦਾਰ ਫਰਨੀਚਰ, ਮਿਸ਼ਨ ਸ਼ਤ ਪ੍ਰਤੀਸ਼ਤ, ਈਚ ਵਨ ਬਰਿੰਗ ਵਨ, ਦਸਵੀਂ, ਬਾਰਵੀਂ ਦੇ ਸਾਲਾਨਾ ਨਤੀਜੇ ਚੰਗੇ ਆਉਣਾ, ਆਨਲਾਈਨ ਪੜ੍ਹਾਈ, ਸਿੱਧੀ ਭਰਤੀ, ਤਰੱਕੀਆਂ ਅਤੇ ਕੋਰੋਨਾ ਵਾਇਰਸ ਦੀ ਔਖੀ ਘੜੀ ਦੌਰਾਨ ਜਦੋਂ ਦੁਨੀਆਂ ਠਹਿਰ ਗਈ ਸੀ, ਉਸ ਚਣੌਤੀਆਂ ਭਰੇ ਦੌਰ ਦੌਰਾਨ ਨਵੇਂ ਸੈਸ਼ਨ ਦੇ ਪਹਿਲੇ ਦਿਨ ਤੋਂ ਬੱਚਿਆਂ ਲਈ ਘਰ ਬੈਠੇ ਸਿੱਖਿਆ ਦਾ ਪ੍ਰਬੰਧ ਕਰਨਾ, ਜ਼ੂਮ ਐਪ, ਮੋਬਾਈਲ, ਵ੍ਹਟਸਐਪ, ਯੂ-ਟਿਊਬ, ਫੇਸਬੁੱਕ, ਗੂਗਲ ਕਲਾਸ ਰੂਮ, ਪੰਜਾਬ ਐਜੂਕੇਅਰ ਐਪ, ਰੇਡੀਓ, ਦੂਰਦਰਸ਼ਨ, ਸਵਯਮ ਟੀਵੀ ਚੈਨਲਾਂ 'ਤੇ ਸਿੱਖਿਆ ਦਾ ਪ੍ਰਬੰਧ ਕਰਨਾ ਅਤੇ ਵਿਭਾਗ ਵੱਲੋਂ ਦਿਨ ਰਾਤ ਕੀਤੀ ਯੋਜਨਬੰਦੀ ਅਤੇ ਅਧਿਆਪਕਾਂ ਦੀ ਸਖ਼ਤ ਮਿਹਨਤ ਨੇ ਸਰਕਾਰੀ ਸਕੂਲਾਂ ਦੇ ਮਿਆਰ ਨੂੰ ਸਿਖ਼ਰਾਂ 'ਤੇ ਲੈ ਆਂਦਾ।