ਰਣਬੀਰ ਸਿੰਘ ਪੜ੍ਹੀ, ਡੇਰਾਬੱਸੀ : ਆਮ ਆਦਮੀ ਪਾਰਟੀ ਨੇ ਡੇਰਾਬੱਸੀ ਵਿਖੇ ਬਿਜਲੀ ਦੀ ਮਾੜੀ ਸਪਲਾਈ ਦੇ ਸਬੰਧ 'ਚ ਇਕ ਮੀਟਿੰਗ ਕੀਤੀ, ਜਿਸ 'ਚ ਆਪ ਆਗੂ ਸੁਭਾਸ਼ ਸ਼ਰਮਾ ਨੇ ਕਿਹਾ ਹੈ ਕਿ ਡੇਰਾਬੱਸੀ ਬੇਸ਼ੱਕ ਸਨਅਤੀ ਖੇਤਰ ਹੈ ਤੇ ਇਸ ਨੂੰ ਉਪ ਮੰਡਲ ਦਾ ਦਰਜਾ ਮਿਲਿਆ ਹੋਇਆ ਹੈ। ਇਸ ਦੇ ਬਾਵਜੂਦ ਇਥੇ ਬਿਜਲੀ ਕੱਟ ਪੇਂਡੂ ਖੇਤਰਾਂ ਤੋਂ ਵੀ ਜ਼ਿਆਦਾ ਲੱਗਦੇ ਹਨ।

ਸੁਭਾਸ਼ ਸ਼ਰਮਾ ਆਮ ਆਦਮੀ ਪਾਰਟੀ ਹਾਈਕਮਾਂਡ ਦੇ ਨਿਰਦੇਸ਼ਾਂ 'ਤੇ ਡੇਰਾਬੱਸੀ ਦੇ ਵਾਰਡ ਨੰਬਰ 15 'ਚ ਬਿਜਲੀ ਪੰਚਾਇਤ ਦਾ ਆਯੋਜਨ ਕਰਨ ਤੋਂ ਬਾਅਦ ਸ਼ਹਿਰ ਵਾਸੀਆਂ ਨਾਲ ਰੂਬਰੂ ਹੋਣ ਆਏ ਸਨ।

ਵਾਰਡ ਵਾਸੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਸ਼ਹਿਰ 'ਚ ਕਈ-ਕਈ ਘੰਟਿਆਂ ਤਕ ਲਗਾਤਾਰ ਬਿਜਲੀ ਦੇ ਕੱਟ ਲਗਦੇ ਰਹਿੰਦੇ ਹਨ। ਸ਼ਹਿਰ ਦੇ ਕਈ ਖੇਤਰ ਤਾਂ ਇਹੋ ਜਿਹੇ ਹਨ ਜਿੱਥੇ ਰਾਤ ਦੇ ਸਮੇਂ ਬਿਜਲੀ ਚਲੇ ਜਾਣ ਤੇ ਕਈ ਘੰਟੇ ਤਕ ਬਿਜਲੀ ਵਿਭਾਗ ਦੇ ਕਰਮਚਾਰੀ ਠੀਕ ਕਰਨ ਦੇ ਲਈ ਨਹੀਂ ਆਉਂਦੇ ਹਨ। ਸ਼ਹਿਰ ਵਾਸੀਆਂ ਨੇ ਦੱਸਿਆ ਕਿ ਇਥੇ ਕਈ ਖੇਤਰਾਂ 'ਚ ਅੌਸਤ ਦੇ ਆਧਾਰ 'ਤੇ ਬਿਲ ਭੇਜ ਕੇ ਖਪਤਕਾਰਾਂ ਨੂੰ ਪੇ੍ਸ਼ਾਨ ਕੀਤਾ ਜਾ ਰਿਹਾ ਹੈ।

ਸੁਭਾਸ਼ ਸ਼ਰਮਾ ਨੇ ਖੇਤਰ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਪ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ 'ਚ ਬਿਜਲੀ ਦੀ ਸਮੱਸਿਆ ਨੂੰ ਦੇਖਦੇ ਹੋਏ ਹੀ ਪਹਿਲੀ ਗਰੰਟੀ ਬਿਜਲੀ ਦੇ ਖੇਤਰ 'ਚ ਸੁਧਾਰ ਕਰਨ, ਬੁਨਿਆਦੀ ਢਾਂਚਾ ਮਜ਼ਬੂਤ ਕਰਨ ਅਤੇ ਮੁਫ਼ਤ ਬਿਜਲੀ ਦਾ ਐਲਾਨ ਕਰ ਦਿੱਤਾ ਹੈ। ਇਸ ਮੌਕੇ 'ਤੇ ਆਪ ਨੇਤਾ ਸਵੀਟੀ ਸ਼ਰਮਾ, ਸਤਵੰਤ ਸਿੰਘ, ਅਮਰੀਕ ਸਿੰਘ, ਨਰਿੰਦਰ ਧੀਮਾਨ, ਐਡਵੋਕੇਟ ਸੁਰੇਸ਼ ਸ਼ਰਮਾ ਅਤੇ ਆਸ਼ਾ ਰਾਣੀ ਸਮੇਤ ਕਈ ਆਗੂ ਮੌਜੂਦ ਸਨ।