-ਸਾਰੇ ਕਲੀਨਿਕ ਤਿਆਰ, ਵਰਕਰਾਂ ਤੇ ਅਧਿਕਾਰੀਆਂ ਨਾਲ ਕੀਤਾ ਨਿਰੀਖਣ

ਸੁਰਜੀਤ ਸਿੰਘ ਕੋਹਾੜ, ਲਾਲੜੂ : ਸੂਬੇ 'ਚ ਹਰੇਕ ਨੂੰ 600 ਯੂਨਿਟਾਂ ਬਿਜਲੀ ਮੁਫ਼ਤ ਦੇਣ ਸਬੰਧੀ ਗਾਰੰਟੀ ਪੂਰੀ ਕਰਨ ਤੋਂ ਬਾਅਦ ਹੁਣ ਦੇਸ਼ ਦੇ ਆਜ਼ਾਦੀ ਦਿਹਾੜੇ ਮੌਕੇ ਡੇਰਾਬੱਸੀ ਖੇਤਰ ਦੇ ਅੱਠ ਤਜਵੀਜ਼ਤ ਮੁਹੱਲਾ ਕਲੀਨਿਕ ਆਮ ਪਬਲਿਕ ਦੇ ਸਪੁਰਦ ਕਰ ਦਿੱਤੇ ਜਾਣਗੇ। ਇਨ੍ਹਾਂ ਕਲੀਨਿਕਾਂ 'ਚ ਨਾ ਸਿਰਫ਼ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮਿਲਣਗੀਆਂ, ਸਗੋਂ ਇਹ ਸਹੂਲਤਾਂ ਆਮ ਲੋਕਾਂ ਦੇ ਘਰਾਂ ਨੇੜੇ ਪਹੁੰਚ ਵੀ ਹੋਣਗੀਆਂ। ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਲਾਲੜੂ ਖੇਤਰ 'ਚ ਬਣ ਰਹੇ ਪੰਜ ਮੁਹੱਲਾ ਕਲੀਨਿਕਾਂ ਦੀ ਤਿਆਰੀ ਦਾ ਨਿਰੀਖਣ ਕਰਨ ਉਪਰੰਤ ਕੀਤਾ। ਰੰਧਾਵਾ ਨੇ ਮੁਹੱਲਾ ਕਲੀਨਿਕਾਂ ਦੀ ਤਿਆਰੀ ਉਤੇ ਸੰਤੁਸ਼ਟੀ ਪ੍ਰਗਟਾਉਂਦਿਆਂ ਕਿਹਾ ਕਿ ਇਨ੍ਹਾਂ ਕਲੀਨਿਕਾਂ 'ਚ ਇਕ ਐੱਮਬੀਬੀਐੱਸ ਡਾਕਟਰ, ਇਕ ਫਾਰਮਾਸਿਸਟ, ਇਕ ਏਐੱਨਐੱਮ ਤੇ ਇਕ ਚੌਥਾ ਦਰਜਾ ਮੁਲਾਜ਼ਮ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਮੰਤਵ ਸਿਹਤ ਤੇ ਸਿੱਖਿਆ ਹੈ ਤੇ ਉਹ ਇਨ੍ਹਾਂ ਦੋਵੇਂ ਖੇਤਰਾਂ 'ਚ ਸੁਧਾਰ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਸ ਦਿਸ਼ਾ 'ਚ ਤੇਜ਼ੀ ਨਾਲ ਕੰਮ ਵੀ ਕੀਤਾ ਜਾ ਰਿਹਾ ਹੈ ਜਦਕਿ ਵਿਰੋਧੀ ਧਿਰ ਵਾਲੇ ਗ਼ੈਰ ਜ਼ਰੂਰੀ ਸਿਆਸਤ ਕਰ ਕੇ ਸਰਕਾਰ ਨੂੰ ਬਦਨਾਮ ਕਰਨ ਦੇ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਨੇ ਖੁਦ ਤਾਂ ਸਿੱਖਿਆ ਤੇ ਸਿਹਤ ਦੇ ਖੇਤਰ 'ਚ ਕੁੱਝ ਕੀਤਾ ਨਹੀਂ ਤੇ ਹੁਣ ਉਹ ਇਨ੍ਹਾਂ ਖੇਤਰਾਂ 'ਚ ਆਮ ਆਦਮੀ ਪਾਰਟੀ ਦੇ ਕੰਮ ਨੂੰ ਵੇਖ ਕੇ ਬੁਖਲਾ ਗਏ ਹਨ।

ਇਸ ਮੌਕੇ ਉਨ੍ਹਾਂ ਨਾਲ ਐੱਸਐੱਮਓ ਨਵੀਨ ਕੋਸ਼ਿਕ, ਈਓ ਰਾਜੇਸ਼ ਸ਼ਰਮਾ, ਸਥਾਨਕ ਐੱਸਐੱਚਓ ਦੇ ਨਾਲ-ਨਾਲ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਜੀਵਨ ਰਾਣਾ, ਸੰਦੀਪ ਰਾਣਾ, ਕੌਂਸਲਰ ਸਤੀਸ਼ ਰਾਣਾ ਲਾਲੜੂ, ਸੁਧੀਰ ਰਾਣਾ, ਮਨੋਜ ਰਾਣਾ, ਲੱਕੀ ਸਾਧਾਂਪੁਰ, ਬਲਵਿੰਦਰ ਸਰਪੰਚ ਤੇ ਜਸਤਾਰ ਘੋਲੂਮਾਜਰਾ ਆਦਿ ਹਾਜ਼ਰ ਸਨ।