ਮੁਹਾਲੀ ਨੂੰ ਅੱਜ ਮਿਲੇਗਾ ਨਵਾਂ ਮੇਅਰ, MLA ਦੇ ਬੇਟੇ ਦਾ ਮੇਅਰ ਬਣਨਾ ਲਗਪਗ ਤੈਅ, ਅੱਜ ਬਾਅਦ ਦੁਪਹਿਰ 3 ਵਜੇ ਹੋਵੇਗੀ ਚੋਣ
ਮੁਹਾਲੀ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਸਬੰਧੀ ਸ਼ਹਿਰ ਵਾਸੀਆਂ ਦੀ ਉਡੀਕ ਹੁਣ ਖ਼ਤਮ ਹੋ ਗਈ ਹੈ। ਮੇਅਰ ਸਮੇਤ ਬਾਕੀ ਅਹੁਦੇਦਾਰਾਂ ਦੀ ਚੋਣ ਅੱਜ ਬਾਅਦ ਦੁਪਹਿਰ 3 ਵਜੇ ਕਰਵਾਈ ਜਾਵੇਗੀ। ਇਸ ਤੋਂ ਪਹਿਲਾਂ ਸਾਰੇ ਨਵੇਂ ਚੁਣੇ ਗਏ ਕੌਂਸਲਰਾਂ ਨੂੰ ਹਾਊਸ ਵਿਚ ਸਹੁੰ ਚੁਕਾਈ ਜਾਵੇਗੀ।
Publish Date: Tue, 09 Jun 2026 09:06 AM (IST)
Updated Date: Tue, 09 Jun 2026 10:26 AM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ। ਮੁਹਾਲੀ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਸਬੰਧੀ ਸ਼ਹਿਰ ਵਾਸੀਆਂ ਦੀ ਉਡੀਕ ਹੁਣ ਖ਼ਤਮ ਹੋ ਗਈ ਹੈ। ਮੇਅਰ ਸਮੇਤ ਬਾਕੀ ਅਹੁਦੇਦਾਰਾਂ ਦੀ ਚੋਣ ਅੱਜ ਬਾਅਦ ਦੁਪਹਿਰ 3 ਵਜੇ ਕਰਵਾਈ ਜਾਵੇਗੀ। ਇਸ ਤੋਂ ਪਹਿਲਾਂ ਸਾਰੇ ਨਵੇਂ ਚੁਣੇ ਗਏ ਕੌਂਸਲਰਾਂ ਨੂੰ ਹਾਊਸ ਵਿਚ ਸਹੁੰ ਚੁਕਾਈ ਜਾਵੇਗੀ।
ਇਸ ਸਬੰਧੀ ਸਥਾਨਕ ਸਰਕਾਰ ਵਿਭਾਗ ਦੇ ਡਿਪਟੀ ਡਾਇਰੈਕਟਰ ਵੱਲੋਂ ਬੀਤੀ 6 ਜੂਨ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ।
ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਸਿੰਘ ਨੇ ਦੱਸਿਆ ਕਿ ਮੇਅਰ ਅਤੇ ਬਾਕੀ ਅਹੁਦੇਦਾਰਾਂ ਦੀ ਚੋਣ ਅਤੇ ਸਹੁੰ ਚੁੱਕ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਅਤੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਸਪੁੱਤਰ ਸਰਬਜੀਤ ਸਿੰਘ ਸਮਾਣਾ ਅਤੇ ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾਕਟਰ ਸੰਨੀ ਅਹਲੂਵਾਲੀਆ ਦੋ ਪ੍ਰਮੁੱਖ ਦਾਅਵੇਦਾਰ ਹਨ।
ਸਮਾਣਾ ਤੀਜੀ ਵਾਰ ਕੌਂਸਲਰ ਚੁਣੇ ਗਏ ਹਨ ਜਦੋਂਕਿ ਡਾਕਟਰ ਆਹਲੂਵਾਲੀਆ ਪਹਿਲੀ ਵਾਰ ਕੌਂਸਲਰ ਬਣੇ ਹਨ। ਇਕ ਹੋਰ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਵੀ ਮੇਅਰ ਬਣਨ ਦੇ ਚਾਹਵਾਨ ਹਨ।
ਪਾਰਟੀ ਸੂਤਰ ਦੱਸਦੇ ਹਨ ਕਿ ਵਿਧਾਇਕ ਕੁਲਵੰਤ ਸਿੰਘ ਦੇ ਬੇਟੇ ਸਰਬਜੀਤ ਸਿੰਘ ਸਮਾਣਾ ਦਾ ਮੇਅਰ ਬਣਨਾ ਲਗਪਗ ਤੈਅ ਹੈ। ਇਸ ਸਬੰਧੀ ਸੋਸ਼ਲ ਮੀਡੀਆ ’ਤੇ ਵੀ ਇਹ ਗੱਲ ਬੜੇ ਦਾਅਵੇ ਨਾਲ ਪ੍ਰਚਾਰੀ ਜਾ ਰਹੀ ਹੈ ਅਤੇ ਇਨਸਾਫ਼ ਪਸੰਦ ਵਿਅਕਤੀਆਂ ਅਤੇ ‘ਆਪ’ ਵਲੰਟੀਅਰਾਂ ਸਮਾਣਾ ਦੇ ਮੇਅਰ ਬਣਨ ਦੀਆਂ ਪੋਸਟਾਂ ਅਪਲੋਡ ਕਰਕੇ ਸੋਸ਼ਲ ਮੀਡੀਆ ’ਤੇ ਵਧਾਈਆਂ ਦੇਣ ਵਾਲਿਆਂ ਦਾ ਹੜ੍ਹ ਜਿਹਾ ਆਇਆ ਹੋਇਆ ਹੈ। ਤਿੰਨ ਵਜੇ ਤੋਂ ਬਾਅਦ ਮੁਹਾਲੀ ਨੂੰ ਨਵਾਂ ਮੇਅਰ ਮਿਲ ਜਾਵੇਗਾ।