ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਗੂਗਲ ਪਲੇ ਸਟੋਰ 'ਤੇ ਖ਼ਾਲਿਸਤਾਨ ਪੱਖੀ '2020 ਸਿੱਖ ਰੈਫਰੈਂਡਮ' ਐਪ ਲਾਂਚ ਕੀਤੇ ਜਾਣ 'ਤੇ ਡੂੰਘੀ ਚਿੰਤਾ ਜ਼ਾਹਿਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਉੱਚ ਅਧਿਕਾਰੀਆਂ ਨੂੰ ਜਿਥੇ ਗੂਗਲ ਨਾਲ ਬਿਨਾਂ ਦੇਰੀ ਸੰਪਰਕ ਕਰਨ ਦੇ ਨਿਰਦੇਸ਼ ਦਿੱਤੇ ਹਨ, ਉਥੇ ਕੇਂਦਰ ਸਰਕਾਰ ਨੂੰ ਕੰਪਨੀ ਨੂੰ ਤੁਰੰਤ ਇਹ ਵਿਵਾਦਿਤ ਐਪ ਹਟਾਉਣ ਲਈ ਨਿਰਦੇਸ਼ ਦੇਣ ਦੀ ਅਪੀਲ ਵੀ ਕੀਤੀ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਮੁਖੀ ਦਿਨਕਰ ਗੁਪਤਾ ਵੱਲੋਂ ਕਰਤਾਰਪੁਰ ਲਾਂਘੇ ਦੇ ਖੋਲ੍ਹੇ ਜਾਣ ਤੋਂ ਪਹਿਲਾਂ '2020 ਸਿੱਖ ਰੈਫਰੈਂਡਮ' ਐਪ ਦੇ ਲਾਂਚ ਹੋਣ ਨਾਲ ਪੈਦਾ ਹੋਏ ਖ਼ਤਰੇ ਨਾਲ ਨਿਪਟਣ ਲਈ ਕੇਂਦਰੀ ਸੁਰੱਖਿਆ ਏਜੰਸੀਆਂ ਨਾਲ ਰਾਬਤਾ ਕੀਤਾ ਜਾ ਰਿਹਾ ਹੈ। ਇਸ ਐਪ ਨੂੰ ਤੁਰੰਤ ਹਟਾਏ ਜਾਣ ਦੀ ਮੰਗ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਗੂਗਲ ਪਲੇ ਰਾਹੀਂ ਮੁੁਫ਼ਤ ਡਾਊਨਲੋਡ ਹੋਣ ਵਾਲੇ ਇਸ ਐਪ ਪਿਛੇ ਮੰਤਵ ਜ਼ਾਹਰਾ ਤੌਰ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਚੱਲ ਰਹੇ ਸਮਾਗਮਾਂ ਦਰਮਿਆਨ ਸਿੱਖ ਭਾਈਚਾਰੇ ਨੂੰ ਦੋਫਾੜ ਕਰਨ ਦਾ ਆਈਐੱਸਆਈ ਦਾ ਏਜੰਡਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਕ ਕੱਟੜ ਵੱਖਵਾਦੀ ਗਰੁੱਪ ਨੂੰ ਅਜਿਹਾ ਐਪ ਡਾਊਨਲੋਡ ਕਰਨ ਦੀ ਪ੍ਰਵਾਨਗੀ ਗੂਗਲ ਵੱਲੋਂ ਕਿਵੇਂ ਅਤੇ ਕਿੳਂੁ ਦਿੱਤੀ ਗਈ, ਇਹ ਸਵਾਲ ਸਭ ਤੋਂ ਪਹਿਲਾਂ ਉੱਠਦਾ ਹੈ। ਮੁੱਖ ਮੰਤਰੀ ਨੇ ਤਕਨੀਕੀ ਖੇਤਰ ਦੀ ਪ੍ਰਮੁੱਖ ਕੰਪਨੀ ਦੇ ਇਸ ਗ਼ੈਰ-ਜ਼ਿੰਮੇਵਾਰਾਨਾ ਰਵੱਈਏ 'ਤੇ ਹੈਰਾਨਕੁੰਨ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਜੇਕਰ ਗੂਗਲ ਅਜਿਹੇ ਕੱਟੜ ਗਰੁੱਪ ਦਾ ਸਮਰਥਨ ਕਰਨ ਵਾਲੀ ਕੰਪਨੀ ਵਾਲੀ ਸਾਖ ਤੋਂ ਬਚਣਾ ਚਾਹੁੰਦੀ ਹੈ ਤਾਂ ਇਸ ਕੰਪਨੀ ਨੂੰ ਬਿਨ੍ਹਾਂ ਦੇਰੀ ਕੀਤੇ ਇਸ ਐਪ ਨੂੰ ਪਲੇ ਸਟੋਰ ਤੋਂ ਹਟਾ ਦੇਣਾ ਚਾਹੀਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਅਜਿਹਾ ਵਾਪਰਣਾ ਪੂਰੇ ਦੇਸ਼ ਲਈ ਤੇ ਖ਼ਾਸ ਕਰਕੇ ਪੰਜਾਬ ਲਈ ਸੁਰੱਖਿਆ ਪੱਖੋਂ ਖ਼ਤਰੇ ਦਾ ਸਰੋਕਾਰ ਰੱਖਦਾ ਹੈ। ਉਨ੍ਹਾਂ ਕਿਹਾ ਕਿ ਇਸ ਐਪ ਨੂੰ ਲਾਂਚ ਕੀਤੇ ਜਾਣ ਲਈ ਸਮੇਂ ਦੀ ਚੋਣ ਸੰਕੇਤ ਦਿੰਦੀ ਹੈ ਕਿ ਕਰਤਾਰਪੁਰ ਲਾਂਘੇ ਦੇ ਖੁੱਲ੍ਹਣ ਮੌਕੇ ਆਈਐੱਸਆਈ ਭਾਰਤੀ ਸਿੱਖ ਭਾਈਚਾਰੇ ਨੂੰ ਦੋਫਾੜ ਕਰਨ ਦੇ ਆਪਣੇ ਨਾਪਾਕ ਏਜੰਡੇ ਨੂੰ ਲਾਗੂ ਕਰਨ ਲਈ ਮੌਕੇ ਦੇ ਰੂਪ ਵਿਚ ਵਰਤਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਸੰਸਥਾ ਦੀ ਖੁੱਲ੍ਹੇਆਮ ਹਿੰਸਕ ਗਤੀਵਿਧੀਆਂ ਵਿਚ ਸ਼ਮੂਲੀਅਤ ਕਰਕੇ ਹੀ ਅਜਿਹਾ ਸਖ਼ਤ ਕਦਮ ਚੁੱਕਿਆ ਗਿਆ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਦੁਹਰਾਇਆ ਕਿ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਮੌਕੇ ਭਾਰਤ ਨੂੰ ਪੂਰੀ ਤਰ੍ਹਾਂ ਚੌਕਸ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਰ ਸਿੱਖ ਗੁੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦਾ ਚਾਹਵਾਨ ਹੈ ਅਤੇ ਪਾਕਿਸਤਾਨ ਨੂੰ ਅਜਿਹਾ ਕੁਝ ਨਹੀਂ ਕਰਨਾ ਚਾਹੀਦਾ ਜਿਸ ਨਾਲ ਦੇਸ਼ ਦੀ ਸ਼ਾਂਤੀ ਤੇ ਅਖੰਡਤਾ ਲਈ ਖ਼ਤਰਾ ਪੈਦਾ ਹੋਵੇ।