ਪੱਤਰ ਪੇ੍ਰਕ, ਜ਼ੀਰਕਪੁਰ : ਪੀਏ ਵੱਲੋਂ 1 ਲੱਖ ਰੁਪਏ ਮੰਗਣ ਦੇ ਮਾਮਲੇ ਵਿਚ ਵਿਰੋਧੀਆਂ ਦੇ ਨਿਸ਼ਾਨੇ ’ਤੇ ਆਏ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਵੀਡੀਓ ਜਾਰੀ ਕਰ ਕੇ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਕਿਹਾ, ‘‘ਨਿਤਿਨ ਨਾਂ ਦਾ ਉਨ੍ਹਾਂ ਦਾ ਕੋਈ ਪੀਏ ਨਹੀਂ ਹੈ ਤੇ ਬਿਨਾਂ ਕਾਰਨ ਉਨ੍ਹਾਂ ਦਾ ਨਾਂ ਮਾਮਲੇ ਵਿਚ ਘੜੀਸਿਆ ਜਾ ਰਿਹਾ ਹੈ। ਉਹ ਕਹਿਣਾ ਚਾਹੁੰਦੇ ਹਨ ਕਿ ਨਿਤਿਨ ਦਾ ਮਾਨਸਿਕ ਤਵਾਜ਼ਨ ਠੀਕ ਨਹੀਂ ਹੈ। ਓਧਰ, ਬਲਟਾਣਾ ਚੌਕੀ ਤੋਂ ਬਦਲ ਕੇ ਸੋਹਾਣਾ ਥਾਣੇ ਵਿਚ ਤਾਇਨਾਤ ਥਾਣੇਦਾਰ ਬਰਮਾ ਸਿੰਘ ਨੇ ਲਿਖਤੀ ਰੂਪ ਵਿਚ ਕਿਹਾ ਹੈ ਕਿ ਉਸ ਤੋਂ ਕਿਸੇ ਨੇ ਰਿਸ਼ਵਤ ਨਹੀਂ ਮੰਗੀ’’।

ਵਿਧਾਇਕ ਰੰਧਾਵਾ ਨੇ ਕਿਹਾ, ‘‘ਥਾਣੇਦਾਰ ਬਰਮਾ ਸਿੰਘ ਨੇ ਬਿਆਨ ਦਿੱਤਾ ਹੈ ਕਿ ਉਸ ਤੋਂ ਕੋਈ ਪੈਸੇ ਨਹੀਂ ਮੰਗੇ ਗਏ। ਨਾ ਹੀ ਉਸ ਨੂੰ ਉਨ੍ਹਾਂ (ਵਿਧਾਇਕ) ਨੇ ਕੋਈ ਫੋਨ ਕੀਤਾ ਹੈ। ਪਾਰਟੀ ’ਚ ਨਿਤਿਨ ਨਾਂ ਦੇ 5-7 ਜਣੇ ਹਨ। ਕੋਈ ਵੀ ਪੰਜਾਬ ਵਿਧਾਨ ਸਭਾ ਦਾ ਰਿਕਾਰਡ ਚੈੱਕ ਕਰ ਸੱਕਦਾ ਹੈ ਕਿ ਨਿਤਿਨ ਨਾਂ ਦਾ ਕੋਈ ਪੀਏ ਉਨ੍ਹਾਂ ਨੇ ਨਹੀਂ ਰੱਖਿਆ ਹੈ।’’

ਵਿਧਾਇਕ ਰੰਧਾਵਾ ਨੇ ਦੱਸਿਆ ਕਿ ਉਨ੍ਹਾਂ ਦਾ ਧਿਆਨ ਹਲ਼ਕੇ ਦੇ ਵਿਕਾਸ ਵੱਲ ਹੈ, ਪੁਲਿਸ ਮੁਲਾਜ਼ਮਾਂ ਦੀਆਂ ਬਦਲੀਆਂ ਕਰਨਾ ਵਿਭਾਗ ਦਾ ਕੰਮ ਹੈ। ਬੀਤੇ ਦਿਨੀਂ ਪ੍ਰਸ਼ਾਸਨ ਨੇ ਕਈ ਅਧਿਕਾਰੀਆਂ ਦੀ ਬਦਲੀਆਂ ਕੀਤੀਆਂ ਸਨ ਤੇ ਥਾਣੇਦਾਰ ਬਰਮਾ ਸਿੰਘ ਦਾ ਤਬਾਦਲਾ ਕਰ ਉਨ੍ਹਾਂ ਨੂੰ ਸੋਹਾਣਾ ਤਾਇਨਾਤ ਕਰ ਦਿੱਤਾ ਗਿਆ ਹੈ। ਜੇ ਉਨ੍ਹਾਂ ਦੀ ਕੋਈ ਦੁਸ਼ਮਣੀ ਹੁੰਦੀ ਤਾਂ ਉਸ ਦਾ ਤਬਾਦਲਾ ਜ਼ਿਲ੍ਹੇ ਤੋਂ ਬਾਹਰ ਕਰਵਾ ਦੇਣਾ ਸੀ। ਪੁਲਿਸ ਮੁਲਾਜ਼ਮ ਸੋਹਾਣਾ ਥਾਣੇ ਵਿਚ ਤਾਇਨਾਤੀ ਲਈ ਸਿਫ਼ਾਰਸ਼ਾਂ ਕਰਦੇ। ਉਨ੍ਹਾਂ ਕਿਹਾ ਕਿ 35 ਸਾਲਾਂ ਦਾ ਸਿਆਸੀ ਕਰੀਅਰ ਹੈ, ਜੇਕਰ ਮੈਂ ਕਿਸੇ ਤੋਂ ਇਕ ਰੁਪਿਆ ਵੀ ਲਿਆ ਹੋਵੇ ਤਾਂ ਮੈਂ ਰਾਜਨੀਤੀ ਛੱਡ ਦੇਵਾਂਗਾ।

ਇਹ ਹੈ ਮਾਮਲਾ

ਕਾਬਿਲੇ ਜ਼ਿਕਰ ਹੈ ਕਿ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਵਪਾਰ ਮੰਡਲ ਦੇ ਜਾਇੰਟ ਸਕੱਤਰ ਵਿਕਰਮ ਧਵਨ ਨੇ ਆਡੀਓ ਵਾਇਰਲ ਕਰ ਕੇ ਦੋਸ਼ ਲਾਇਆ ਸੀ ਕਿ ਵਿਧਾਇਕ ਦੇ ਕਥਿਤ ਪੀਏ ਨਿਤਿਨ ਲੂਥਰਾ ਨੇ ਚੌਕੀ ਇੰਚਾਰਜ ਤੋਂ ਤਾਇਨਾਤੀ ਲਈ ਪੈਸੇ ਮੰਗੇ ਸਨ। ਜਿਸ ਦੀ ਸ਼ਿਕਾਇਤ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਰੀ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ’ਤੇ ਕੀਤੀ ਸੀ। ਉਸ ਸਬੰਧ ਵਿਚ ਵਿਧਾਇਕ ਨੇ ਇਹ ਪ੍ਰਤੀਕਰਮ ਦਿੱਤਾ ਹੈ।

Posted By: Shubham Kumar