ਮਿਸ਼ਨ ਕਲੀਨ ਪੰਜਾਬ: ਮੁੱਖ ਮੰਤਰੀ ਦੇ ਸਖ਼ਤ ਨਿਰਦੇਸ਼, ਹੁਣ ਸਵੇਰੇ 7 ਤੋਂ 8 ਵਜੇ ਤੱਕ ਫ਼ੀਲਡ ਵਿੱਚ ਰਹਿਣਗੇ ਅਧਿਕਾਰੀ
ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੋਮਵਾਰ ਨੂੰ ‘ਮਿਸ਼ਨ ਕਲੀਨ ਪੰਜਾਬ’ ਦੀ ਸ਼ੁਰੂਆਤ ਕੀਤੀ। ਤਕਨਾਲੋਜੀ-ਅਧਾਰਤ ਇਸ ਮੁਹਿੰਮ ਤਹਿਤ ਉੱਪਰ ਤੋਂ ਲੈ ਕੇ ਹੇਠਲੇ ਪੱਧਰ ਤੱਕ ਦੇ ਸਾਰੇ ਨਗਰ ਨਿਗਮ ਅਤੇ ਕੌਂਸਲ ਅਧਿਕਾਰੀ ਰੋਜ਼ਾਨਾ ਸਵੇਰੇ 7 ਵਜੇ ਤੋਂ 8 ਵਜੇ ਤੱਕ ਫ਼ੀਲਡ ਵਿਚ ਰਹਿਣਗੇ। ਬੈਂਸ ਨੇ ਫੀਲਡ ਅਧਿਕਾਰੀਆਂ ਨਾਲ ਵੀਡੀਓ ਕਾਲ ਰਾਹੀਂ ਮੁਹਿੰਮ ਦੇ ਪਹਿਲੇ ਦਿਨ ਦੀ ਸਮੀਖਿਆ ਕੀਤੀ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਲੈਸ ਮੋਬਾਈਲ ਐਪਲੀਕੇਸ਼ਨ, ਅਚਨਚੇਤ ਚੈਕਿੰਗ ਅਤੇ ਸਫ਼ਾਈ ਬਾਰੇ ਹਫ਼ਤਾਵਾਰੀ ਪ੍ਰਗਤੀ ਰਿਪੋਰਟਾਂ ਰਾਹੀਂ ਸਫਲ ਬਣਾਇਆ ਜਾਵੇਗਾ।
Publish Date: Tue, 09 Jun 2026 08:32 AM (IST)
Updated Date: Tue, 09 Jun 2026 08:34 AM (IST)
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ। ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੋਮਵਾਰ ਨੂੰ ‘ਮਿਸ਼ਨ ਕਲੀਨ ਪੰਜਾਬ’ ਦੀ ਸ਼ੁਰੂਆਤ ਕੀਤੀ। ਤਕਨਾਲੋਜੀ-ਅਧਾਰਤ ਇਸ ਮੁਹਿੰਮ ਤਹਿਤ ਉੱਪਰ ਤੋਂ ਲੈ ਕੇ ਹੇਠਲੇ ਪੱਧਰ ਤੱਕ ਦੇ ਸਾਰੇ ਨਗਰ ਨਿਗਮ ਅਤੇ ਕੌਂਸਲ ਅਧਿਕਾਰੀ ਰੋਜ਼ਾਨਾ ਸਵੇਰੇ 7 ਵਜੇ ਤੋਂ 8 ਵਜੇ ਤੱਕ ਫ਼ੀਲਡ ਵਿਚ ਰਹਿਣਗੇ। ਬੈਂਸ ਨੇ ਫੀਲਡ ਅਧਿਕਾਰੀਆਂ ਨਾਲ ਵੀਡੀਓ ਕਾਲ ਰਾਹੀਂ ਮੁਹਿੰਮ ਦੇ ਪਹਿਲੇ ਦਿਨ ਦੀ ਸਮੀਖਿਆ ਕੀਤੀ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਲੈਸ ਮੋਬਾਈਲ ਐਪਲੀਕੇਸ਼ਨ, ਅਚਨਚੇਤ ਚੈਕਿੰਗ ਅਤੇ ਸਫ਼ਾਈ ਬਾਰੇ ਹਫ਼ਤਾਵਾਰੀ ਪ੍ਰਗਤੀ ਰਿਪੋਰਟਾਂ ਰਾਹੀਂ ਸਫਲ ਬਣਾਇਆ ਜਾਵੇਗਾ।
ਮੰਤਰੀ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਹਰੇਕ ਸ਼ਹਿਰੀ ਸਥਾਨਕ ਸੰਸਥਾ ਨੂੰ 10 ਕਿਲੋਮੀਟਰ ਦੇ ਜ਼ੋਨਾਂ ਵਿਚ ਵੰਡਿਆ ਜਾਵੇਗਾ ਅਤੇ ਹਰੇਕ ਜ਼ੋਨ ਦੀ ਅਗਵਾਈ ਇੱਕ ਨਿਗਰਾਨ ਅਧਿਕਾਰੀ ਏ.ਡੀ.ਸੀ., ਐਮ.ਸੀ. ਕਮਿਸ਼ਨਰ, ਸੰਯੁਕਤ ਕਮਿਸ਼ਨਰ ਜਾਂ ਈ.ਓ. ਵੱਲੋਂ ਕੀਤੀ ਜਾਵੇਗੀ। ਸਾਰੇ ਅਧਿਕਾਰੀ ਰੋਜ਼ਾਨਾ ਸਵੇਰੇ 7 ਵਜੇ ਤੋਂ 8 ਵਜੇ ਤੱਕ ਲਾਜ਼ਮੀ ਤੌਰ 'ਤੇ ਫੀਲਡ ਦਾ ਦੌਰਾ ਕਰਨਗੇ।
ਸਥਾਨਕ ਸਰਕਾਰਾਂ ਮੰਤਰੀ ਖ਼ੁਦ ਵੀ ਪੂਰੇ ਪੰਜਾਬ ਵਿਚ ਅਚਨਚੇਤ ਚੈਕਿੰਗ ਕਰਨਗੇ। ਨਿਗਰਾਨ ਅਧਿਕਾਰੀ ਰੋਜ਼ਾਨਾ ਰਿਪੋਰਟਾਂ ਭੇਜਣਗੇ ਅਤੇ ਕਿਸੇ ਵੀ ਚੀਜ਼ ਨੂੰ ਰੱਬ ਆਸਰੇ ਨਹੀਂ ਛੱਡਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਕੋਈ ਇੱਕ ਵਾਰ ਕੀਤਾ ਜਾਣ ਵਾਲਾ ਵੱਡਾ ਸਮਾਗਮ ਨਹੀਂ ਹੈ। ਇਹ ਗੰਦਗੀ ਵਿਰੁੱਧ ਰੋਜ਼ਾਨਾ ਦੀ ਜੰਗ ਹੈ। ਅੱਜ ਸਵੇਰੇ 7 ਵਜੇ ਤੋਂ ਹਰ ਅਧਿਕਾਰੀ ਫੀਲਡ ਵਿਚ ਹੋਵੇਗਾ। ਸਾਰੇ ਅਧਿਕਾਰੀਆਂ ਕੋਲ ਚੱਲਦੇ ਕੈਮਰੇ ਅਤੇ ਇੰਟਰਨੈੱਟ ਕੁਨੈਕਟੀਵਿਟੀ ਵਾਲਾ ਸਮਾਰਟਫੋਨ ਹੋਣਾ ਲਾਜ਼ਮੀ ਹੈ।
ਬੈਂਸ ਨੇ ਕਿਹਾ ਕਿਸੇ ਵੀ ਅਧਿਕਾਰੀ ਨੂੰ ਮੁੱਖ ਮੰਤਰੀ ਜਾਂ ਮੇਰੇ ਵੱਲੋਂ ਕਿਸੇ ਵੀ ਸਮੇਂ ਫੋਨ ਕੀਤਾ ਜਾ ਸਕਦਾ ਹੈ। ਅੱਜ ਉਹ ਮੁੱਖ ਦਫ਼ਤਰ ਵਿਚ ਹਨ। ਭਲਕੇ ਮੋਹਾਲੀ, ਅੰਮ੍ਰਿਤਸਰ, ਬਠਿੰਡਾ, ਫਾਜ਼ਿਲਕਾ ਜਾਂ ਜੈਤੋ ਵਿੱਚ ਹੋ ਸਕਦੇ ਹਨ।
ਸਥਾਨਕ ਸਰਕਾਰਾਂ ਮੰਤਰੀ ਨੇ ਦੱਸਿਆ ਕਿ ਏ.ਆਈ. ਅਧਾਰਤ ਐਪ ਇਸ ਮੁਹਿੰਮ ਦੀ ਰੀਅਲ ਟਾਈਮ ਪ੍ਰਗਤੀ ਨੂੰ ਟਰੈਕ ਕਰੇਗੀ। ਅਧਿਕਾਰੀ ਵੀਡੀਓ ਕਾਲਾਂ ’ਤੇ ਉਪਲਬਧ ਰਹਿਣਗੇ ਅਤੇ ਬਿਨਾਂ ਕਿਸੇ ਅਗਾਊਂ ਸੂਚਨਾ ਦੇ ਕਿਤੇ ਵੀ ਅਚਨਚੇਤ ਚੈਕਿੰਗ ਕੀਤੀ ਜਾ ਸਕਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਮੁਹਿੰਮ ਦਾ ਉਦੇਸ਼ ਪ੍ਰਤੱਖ ਅਤੇ ਦਸਤਾਵੇਜ਼ੀ ਨਤੀਜੇ ਹਾਸਲ ਕਰਨਾ ਹੈ।