ਕਸੌਲੀ (ਸੋਲਨ)/ਚੰਡੀਗੜ੍ਹ, ਮਨਮੋਹਨ ਵਸ਼ਿਸ਼ਠ : Milkha Singh Passed Away : ਹੱਥਾਂ ਦੀਆਂ ਲਕੀਰਾਂ ਨਾਲ ਜ਼ਿੰਦਗੀ ਨਹੀਂ ਬਣਦੀ, ਕੁਝ ਹਿੱਸਾ ਸਾਡਾ ਵੀ ਹੈ ਜ਼ਿੰਦਗੀ ਬਣਾਉਣ 'ਚ। ਇਹ ਲਾਈਨ ਮਹਾਨ ਦੌੜਾਕ ਉੱਡਣਾ ਸਿੱਖ ਮਿਲਖਾ ਸਿੰਘ ਅਕਸਰ ਕਹਿੰਦੇ ਸਨ। ਕਿਉਂਕਿ ਬਚਪਨ ਵਿਚ ਹੀ ਮਾਤਾ-ਪਿਤਾ ਤੇ ਹੋਰ ਪਰਿਵਾਰਕ ਮੈਂਬਰਾਂ ਦੇ ਵੰਡ ਦੀ ਤ੍ਰਾਸਦੀ ਦੌਰਾਨ ਪਾਕਿਸਤਾਨ 'ਚ ਕਤਲ ਹੋਣ ਕਾਰਨ ਅਨਾਥਾਂ ਵਰਗੀ ਜ਼ਿੰਦਗੀ ਬਤੀਤ ਕਰਨ ਵਾਲੇ ਮਿਲਖਾ ਸਿੰਘ ਨੇ ਆਪਣੀ ਮਿਹਨਤ ਦੇ ਬਲਬੂਤੇ ਹੀ ਵਿਸ਼ਵ 'ਚ ਆਪਣਾ ਨਾਂ ਚਮਕਾਇਆ ਸੀ। ਸ਼ੁੱਕਰਵਾਰ ਦੇਰ ਰਾਤ ਉਹ ਕੋਰੋਨਾ ਨਾਲ ਜੰਗ ਲੜਦੇ ਹੋਏ ਦੁਨੀਆ ਤੋਂ ਰੁਖ਼ਸਤ ਹੋ ਗਏ, ਪਰ ਉਨ੍ਹਾਂ ਦਾ ਨਾਂ ਕਈ ਪੀੜ੍ਹੀਆਂ ਤਕ ਜ਼ਿੰਦਾ ਰਹੇਗਾ। ਮਿਲਖਾ ਸਿੰਘ ਦਾ ਹਿਮਾਚਲ ਨਾਲ ਵੀ ਗਹਿਰਾ ਨਾਤਾ ਸੀ, ਇਸ ਲਈ ਮਿਲਖਾ ਸਿੰਘ ਦੇ ਦੇਹਾਂਤ ਤੋਂ ਹਿਮਾਚਲਵਾਸੀ ਵੀ ਗ਼ਮਗੀਨ ਹਨ।

ਉਨ੍ਹਾਂ ਦਾ ਕਸੌਲੀ 'ਚ ਆਪਣਾ ਬੰਗਲਾ ਹੈ ਜਿੱਥੇ ਉਹ ਅਕਸਰ ਆਉਂਦੇ-ਜਾਂਦੇ ਸਨ। ਇੱਥੋਂ ਦੇ ਇਤਿਹਾਸਕ ਕਸੌਲੀ ਕਲੱਬ ਦੇ ਉਹ ਮੈਂਬਰ ਵੀ ਸਨ। ਗਰਮੀਆਂ 'ਚ ਖਾਸਕਰ ਅੱਜਕਲ੍ਹ ਕਸੌਲੀ ਕਲੱਬ 'ਚ ਹੋਣ ਵਾਲੀ ਕਸੌਲੀ ਵੀਕ 'ਚ ਹਿੱਸਾ ਲੈਣ ਆਉਂਦੇ ਸਨ। ਕੋਰੋਨਾ ਤੋਂ ਬਾਅਦ ਉਹ ਇੱਥੇ ਨਹੀਂ ਆ ਸਕੇ। ਮਿਲਖਾ ਸਿੰਘ ਤੇ ਉਨ੍ਹਾਂ ਦੀ ਪਤਨੀ ਨਿਰਮਲ ਮਿਲਖਾ ਸਿੰਘ ਦੋਵੇਂ ਹੀ ਕਸੌਲੀ 'ਚ ਮਿਲਣਸਾਰ ਸੁਭਾਅ ਲਈ ਜਾਣੇ ਜਾਂਦੇ ਸਨ। ਅੱਜ ਦੋਵਾਂ ਦੇ ਹੀ ਦੁਨੀਆਂ ਤੋਂ ਰੁਖ਼ਸਤ ਹੋ ਜਾਣ ਨਾਲ ਉਨ੍ਹਾਂ ਦਾ ਕਸੌਲੀ ਸਥਿਤ ਘਰ ਵੀ ਵੀਰਾਨ ਹੋ ਗਿਆ ਹੈ, ਜਿੱਥੇ ਉਨ੍ਹਾਂ ਨੂੰ ਅਕਸਰ ਦੇਖਿਆ ਜਾਂਦਾ ਸੀ।

ਕਿਵੇਂ ਮਿਲਿਖਾ Flying Sikh ਦਾ ਖ਼ਿਤਾਬ

ਖੇਡਾਂ ਦੇ ਮਹਾਕੁੰਭ ਓਲੰਪਿਕ ਦਾ ਉਹ ਦੌਰ ਜਦੋਂ ਭਾਰਤੀ ਖਿਡਾਰੀ ਉਸ ਵਿਚ ਪ੍ਰਵੇਸ਼ ਕਰਨ ਲਈ ਵੀ ਜੂਝਦੇ ਸਨ, ਉਸ ਵੇਲੇ ਦੇਸ਼ ਦੇ ਇਕ ਮਤਵਾਲੇ ਨੇ ਤਿਰੰਗੇ ਦੀ ਅਜਿਹੀ ਸ਼ਾਨ ਵਧਾਈ ਕਿ ਪੂਰੀ ਦੁਨੀਆ ਦੇਖਦੀ ਰਹਿ ਗਈ। ਉਸ ਵੇਲੇ ਬੇਸ਼ਕ ਮਿਲਖਾ ਸਿੰਘ ਦੇ ਹੱਥੋਂ ਗੋਲਡ ਮੈਡਲ ਖੁੰਝ ਗਿਆ ਹੋਵੇ, ਪਰ ਉਨ੍ਹਾਂ ਦੀ ਸ਼ਿੱਦਤ ਨੇ ਦੇਸ਼ਵਾਸੀਆਂ ਨੂੰ ਜਿਹੜੀ ਉਮੀਦ ਦਿੱਤੀ, ਉਸ ਨੂੰ ਅੱਜ ਦੇ ਖਿਡਾਰੀ ਪੂਰਾ ਕਰ ਰਹੇ ਸਨ। ਆਮ ਸਿੱਖ ਨੇ ਕਿਵੇਂ ਨੰਗੇ ਪੈਰ ਪੱਥਰਾਂ ਭਰੇ ਰਸਤਿਆਂ 'ਤੇ ਦੌੜਦੇ ਹੋਏ ਅਥਲੈਟਿਕਸ ਟ੍ਰੈਕ ਤਕ ਦੀ ਸਫਲ ਉਡਾਣ ਭਰੀ ਕਿ ਉਹ 'ਉੱਡਣਾ ਸਿੱਖ' ਦੇ ਨਾਂ ਨਾਲ ਮਸ਼ਹੂਰ ਹੋ ਗਿਆ। ਉਨ੍ਹਾਂ ਵਿਸ਼ਵ ਭਰ ਦੇ ਦੇਸ਼ਾਂ ਵਿਚ 80 ਰੇਸਾਂ ਦੌੜੀਆਂ ਤੇ 77 ਜਿੱਤੀਆਂ। ਏਸ਼ੀਆ ਦਾ ਤੂਫ਼ਾਨ ਅਖਵਾਉਂਦੇ ਪਾਕਿਸਤਾਨ ਦੇ ਰੇਸਰ ਅਬਦੁੱਲ ਖਾਲਿਕ ਨੂੰ ਉਸੇ ਦੇ ਹੀ ਦੇਸ਼ ਵਿਚ ਆਸਾਨੀ ਨਾਲ ਹਰਾ ਦਿੱਤਾ ਸੀ। ਇਸ 'ਤੇ ਪਾਕਿਸਤਾਨ ਦੇ ਤੱਤਕਾਲੀ ਰਾਸ਼ਟਰਪਤੀ ਜਨਰਲ ਆਯੂਬ ਖ਼ਾਨ ਨੇ ਮਿਲਖਾ ਸਿੰਘ ਨੂੰ 'Flying Sikh' ਦਾ ਖਿਤਾਬ ਦਿੱਤਾ ਸੀ। ਕਸੌਲੀ 'ਚ ਜਦੋਂ ਵੀ ਉਹ ਆਉਂਦੇ, ਸਵੇਰੇ-ਸ਼ਾਮ ਮੰਕੀ ਪੁਆਇੰਟ ਵੱਲ ਜਾਂਦੀ ਸੜਕ 'ਤੇ ਉਨ੍ਹਾਂ ਨੂੰ ਸੈਰ ਕਰਦੇ ਦੇਖਿਆ ਜਾਂਦਾ ਸੀ। ਉਨ੍ਹਾਂ ਦਾ ਹਰ ਸਮੇਂ ਇਹੀ ਕਹਿਣਾ ਹੁੰਦਾ ਸੀ ਕਿ ਜੋ ਗੋਲਡ ਮੈਡਲ ਰੋਮ ਓਲੰਪਿਕ 'ਚ ਉਨ੍ਹਾਂ ਨੂੰ ਛੁੱਟ ਗਿਆ ਸੀ, ਉਸ ਨੂੰ ਉਹ ਆਪਣੇ ਜ਼ਿੰਦਾ ਰਹਿੰਦੇ ਦੇਸ਼ ਵਿਚ ਦੇਖਣਾ ਚਾਹੁੰਦੇ ਹਨ, ਪਰ ਉਨ੍ਹਾਂ ਦਾ ਇਹ ਸੁਪਨਾ ਵੀ ਅਧੂਰਾ ਹੀ ਰਹਿ ਗਿਆ।

ਖੁਸ਼ਵੰਤ ਸਿੰਘ ਲਿਟਫੈਸਟ 'ਚ ਵੀ ਬਤੌਰ ਬੁਲਾਰੇ ਆਏ ਸਨ ਮਿਲਖਾ

ਮਿਲਖਾ ਸਿੰਘ ਦੇ ਜੀਵਨ 'ਤੇ ਬਣੀ ਫਿਲਮ 'ਭਾਗ ਮਿਲਖਾ ਭਾਗ' (Bhag Milkha Bhag) ਦੇ ਰਿਲੀਜ਼ ਹੋਣ ਤੋਂ ਬਾਅਦ ਅਕਤੂਬਰ 2013 'ਚ ਕਸੌਲੀ 'ਚ ਕਰਵਾਏ ਖੁਸ਼ਵੰਤ ਸਿੰਘ ਲਿਟਫੈਸਟ 'ਚ ਮਿਲਖਾ ਸਿੰਘ ਤੇ ਫਿਲਮ ਡਾਇਰੈਕਟਰ ਰਾਕੇਸ਼ ਓਮਪ੍ਰਕਾਸ਼ ਮਹਿਰਾ ਨੇ ਫਿਲਮ ਤੇ ਮਿਲਖਾ ਸਿੰਘ ਦੇ ਜੀਵਨ 'ਤੇ ਚਰਚਾ ਕੀਤੀ ਸੀ। ਉਸ ਵੇਲੇ ਦਰਸ਼ਕ ਉਨ੍ਹਾਂ ਦੀ ਜੀਵਨੀ ਦੀ ਕਹਾਣੀ ਸੁਣ ਕੇ ਭਾਵੁਕ ਹੋ ਗਏ ਸਨ। ਮਿਲਖਾ ਸਿੰਘ 10 ਸਤੰਬਰ 2018 ਨੂੰ ਸ਼ੂਲਿਨੀ ਯੂਨੀਵਰਸਿਟੀ 'ਚ ਕਰਵਾਏ ਇਕ ਪ੍ਰੋਗਰਾਮ 'ਚ ਬਤੌਰ ਮੁੱਖ ਮਹਿਮਾਨ ਆਏ ਸਨ। ਮਿਲਖਾ ਸਿੰਘ ਨੇ ਇਕ ਇਨਡੋਰ ਸਪੋਰਟਸ ਕੰਪਲੈਕਸ ਦਾ ਉਦਘਾਟਨ ਕੀਤਾ, ਜਿਸ ਦਾ ਨਾਂ ਮਿਲਖਾ ਸਿੰਘ ਸਪੋਰਟਸ ਕੰਪਲੈਕਸ ਰੱਖਿਆ ਗਿਆ। ਉਨ੍ਹਾਂ ਯੂਨੀਵਰਸਿਟੀ ਕੰਪਲੈਕਸ 'ਚ ਇਕ ਬੂਟਾ ਵੀ ਲਗਾਇਆ ਸੀ। ਉਸ ਵੇਲੇ ਵੀ ਉਨ੍ਹਾਂ ਦਾ ਕਹਿਣਾ ਸੀ ਕਿ 60 ਸਾਲਾਂ ਬਾਅਦ ਵੀ ਦੂਸਰਾ ਮਿਲਖਾ ਸਿੰਘ ਪੈਦਾ ਨਹੀਂ ਕਰ ਸਕਿਆ ਦੇਸ਼।

Posted By: Seema Anand