ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਦੇਸ਼ ਦੇ ਮਹਾਨ ਅਥਲੀਟ 'ਉੱਡਣਾ ਸਿੱਖ' ਮਿਲਖਾ ਸਿੰਘ (Flying Sikh Milkha Singh) ਦੇ ਦੇਹਾਂਤ ਉੱਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮਿਲਖਾ ਸਿੰਘ ਜੋ 91 ਵਰ੍ਹਿਆਂ ਦੇ ਸਨ, ਬੀਤੀ ਅੱਧੀ ਰਾਤ ਪੀਜੀਆਈ, ਚੰਡੀਗੜ੍ਹ ਵਿਖੇ ਕੋਵਿਡ ਨਾਲ ਜੂਝਦਿਆਂ ਚੱਲ ਵਸੇ। ਉਹ ਆਪਣੇ ਪਿੱਛੇ ਇਕ ਪੁੱਤਰ ਤੇ ਤਿੰਨ ਬੇਟੀਆਂ ਛੱਡ ਗਏ। ਉਨ੍ਹਾਂ ਦਾ ਪੁੱਤਰ ਜੀਵ ਮਿਲਖਾ ਸਿੰਘ ਉੱਘਾ ਗੌਲਫਰ ਹੈ।

PM ਮੋਦੀ ਨੇ ਟਵੀਟ ਕਰਦੇ ਹੋਏ ਮਹਾਨ ਦੌੜਾਕ ਮਿਲਖਾ ਸਿੰਘ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮਿਲਖਾ ਸਿੰਘ ਦੇ ਦੇਹਾਂਤ ਨਾਲ ਅਸੀਂ ਇਕ ਮਹਾਨ ਖਿਡਾਰੀ ਗਵਾ ਦਿੱਤਾ। ਜਿਨ੍ਹਾਂ ਦੇਸ਼ ਦੀ ਕਲਪਨਾ 'ਤੇ ਕਬਜ਼ਾ ਕਰ ਲਿਆ, ਜੋ ਅਣਗਿਣਤ ਭਾਰਤੀਆਂ ਦੇ ਦਿਲਾਂ 'ਚ ਇਕ ਵਿਸ਼ੇਸ਼ ਸਥਾਨ ਰੱਖਦੇ ਸਨ। ਉਨ੍ਹਾਂ ਦੀ ਪ੍ਰੇਰਕ ਸ਼ਖਸੀਅਤ ਨੇ ਉਨ੍ਹਾਂ ਨੂੰ ਲੱਖਾਂ ਲੋਕਾਂ ਦਾ ਚਹੇਤਾ ਬਣਾ ਦਿੱਤਾ। ਉਨ੍ਹਾਂ ਦੇਹਾਂਤ ਨਾਲ ਦੁਖੀ ਹਾਂ।

ਆਪਣੇ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ (Captain Amarinder Singh) ਨੇ ਕਿਹਾ, 'ਦੇਸ਼ ਦੇ ਸਰਵੋਤਮ ਅਥਲੀਟ ਜਿਨ੍ਹਾਂ ਭਾਰਤ ਲਈ ਏਸ਼ਿਆਈ ਤੇ ਰਾਸ਼ਟਰਮੰਡਲ ਖੇਡਾਂ ਵਿੱਚ ਕਈ ਸੋਨ ਤਮਗੇ ਜਿੱਤ ਕੇ ਦੇਸ਼ ਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ, ਦੇ ਤੁਰ ਜਾਣ ਨਾਲ ਮੈਨੂੰ ਨਿੱਜੀ ਤੌਰ 'ਤੇ ਬਹੁਤ ਦੁੱਖ ਹੋਇਆ। ਪੰਜਾਬ ਨੂੰ ਆਪਣੇ ਇਸ ਮਹਾਨ ਅਥਲੀਟ ਉੱਤੇ ਹਮੇਸ਼ਾ ਮਾਣ ਰਹੇਗਾ।'

ਉਡਣਾ ਸਿੱਖ ਨਾਲ ਜਾਣੇ ਜਾਂਦੇ ਮਿਲਖਾ ਸਿੰਘ ਓਲੰਪਿਕ ਫਾਈਨਲ ਵਿੱਚ ਪੁੱਜਣ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਮਗਾ ਜਿੱਤਣ ਵਾਲੇ ਦੇਸ਼ ਦੇ ਪਹਿਲੇ ਅਥਲੀਟ ਸਨ। ਉਹ 100 ਕਰੋੜ ਤੋਂ ਵੱਧ ਆਬਾਦੀ ਵਾਲੇ ਦੇਸ਼, ਭਾਰਤ ਦੇ ਆਈਕੌਨ ਖਿਡਾਰੀ ਸਨ। ਉਨ੍ਹਾਂ 1960 ਦੀਆਂ ਰੋਮ ਓਲੰਪਿਕ ਖੇਡਾਂ ਦੀ 400 ਮੀਟਰ ਦੌੜ ਵਿੱਚ ਚੌਥਾ ਸਥਾਨ ਹਾਸਲ ਕੀਤਾ। ਉਨ੍ਹਾਂ 1958 ਦੀਆਂ ਕਾਰਡਿਫ ਰਾਸ਼ਟਰਮੰਡਲ ਖੇਡਾਂ 'ਚ ਸੋਨ ਤਮਗਾ ਜਿੱਤਣ ਤੋਂ ਇਲਾਵਾ 1958 ਦੀਆਂ ਟੋਕੀਓ ਏਸ਼ਿਆਈ ਖੇਡਾਂ ਤੇ 1962 ਦੀਆਂ ਜਕਾਰਤਾ ਏਸ਼ਿਆਈ ਖੇਡਾਂ ਵਿੱਚ ਦੋ-ਦੋ ਸੋਨ ਤਮਗੇ ਜਿੱਤੇ। ਮਿਲਖਾ ਸਿੰਘ ਨੇ ਭਾਰਤ ਵੱਲੋਂ ਤਿੰਨ ਓਲੰਪਿਕਸ (1956 ਮੈਲਬਰਨ, 1960 ਰੋਮ ਤੇ 1964 ਟੋਕੀਓ) ਵਿੱਚ ਹਿੱਸਾ ਲਿਆ।

ਮਿਲਖਾ ਸਿੰਘ ਨੂੰ ਭਾਰਤ ਸਰਕਾਰ ਨੇ ਖੇਡਾਂ ਵਿੱਚ ਪਾਏ ਯੋਗਦਾਨ ਸਦਕਾ ਦੇਸ਼ ਦੇ ਚੌਥੇ ਸਰਵਉੱਚ ਨਾਗਰਿਕ ਸਨਮਾਨ ਪਦਮਸ੍ਰੀ ਨਾਲ ਸਨਮਾਨਿਆ। ਮਿਲਖਾ ਸਿੰਘ ਦੇ ਪਰਿਵਾਰ, ਸਾਕ-ਸਨੇਹੀਆਂ, ਦੋਸਤਾਂ ਅਤੇ ਖੇਡ ਪ੍ਰਸੰਸਕਾਂ ਨਾਲ ਦੁੱਖ ਸਾਂਝਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਅਰਦਾਸ ਕੀਤੀ।

Posted By: Seema Anand