- ਡੇਅਰੀ ਕਿਸਾਨਾਂ ਦੀ ਵਿੱਤੀ ਹਾਲਤ ਮਜ਼ਬੂਤ ਕਰਨ ਲਈ ਢਾਈ ਮਹੀਨੇ 'ਚ ਪੰਜਵੀਂ ਵਾਰ ਵਧਾਇਆ ਗਿਆ ਭਾਅ

- ਦੁੱਧ ਉਤਪਾਦਕਾਂ ਦੀ ਮੰਗ 'ਤੇ ਅਤੇ ਵਿੱਤੀ ਸਹਾਇਤਾ ਲਈ ਵਧਾਈ ਦੁੱਧ ਦੀ ਖ਼ਰੀਦ ਕੀਮਤ : ਸਹਿਕਾਰਤਾ ਮੰਤਰੀ

- ਆਮ ਲੋਕਾਂ ਲਈ ਦੁੱਧ ਦੀ ਖ਼ਰੀਦ ਕੀਮਤ 'ਤੇ ਨਹੀਂ ਪਵੇਗਾ ਕੋਈ ਅਸਰ

---

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਫੀਡ ਦੇ ਭਾਅ 'ਚ ਹੋਏ ਵਾਧੇ ਕਾਰਨ ਪੰਜਾਬ ਦੇ ਡੇਅਰੀ ਧੰਦੇ ਨਾਲ ਜੁੜੇ ਦੁੱਧ ਉਤਪਾਦਕਾਂ ਦੀ ਮਾੜੀ ਵਿੱਤੀ ਹਾਲਤ ਨੂੰ ਧਿਆਨ 'ਚ ਰੱਖਦੇ ਹੋਏ ਸਹਿਕਾਰਤਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੁੱਧ ਦੇ ਖ਼ਰੀਦ ਭਾਅ 'ਚ 35 ਰੁਪਏ ਪ੍ਰਤੀ ਕਿੱਲੋ ਫੈਟ ਦੇ ਹਿਸਾਬ ਨਾਲ ਹੋਰ ਵਾਧਾ ਕਰ ਦਿੱਤਾ ਹੈ। ਇਸ ਤੋਂ ਪਹਿਲਾਂ 21 ਮਈ ਨੂੰ ਵੀ ਇਹ ਭਾਅ 20 ਰੁਪਏ ਵਧਾਇਆ ਗਿਆ ਸੀ। ਇਸ ਤਰ੍ਹਾਂ ਡੇਅਰੀ ਕਿਸਾਨਾਂ ਦੇ ਦੁੱਧ ਦੇ ਖ਼ਰੀਦ ਭਾਅ 'ਚ 21 ਮਈ ਤੋਂ 55 ਰੁਪਏ ਪ੍ਰਤੀ ਕਿੱਲੋ ਫੈਟ ਦੇ ਹਿਸਾਬ ਨਾਲ ਵਾਧਾ ਕਰ ਦਿੱਤਾ ਗਿਆ ਹੈ। ਹਾਲਾਂਕਿ ਡੇਅਰੀ ਕਿਸਾਨਾਂ ਨੂੰ ਇਸ ਦਾ ਵੱਡਾ ਲਾਭ ਮਿਲੇਗਾ ਪਰ ਇਸ ਦਾ ਭਾਰ ਆਮ ਲੋਕਾਂ 'ਤੇ ਬਿਲਕੁਲ ਨਹੀਂ ਪਵੇਗਾ ਤੇ ਉਹਨਾਂ ਨੂੰ ਦੁੱਧ ਪੁਰਾਣੇ ਭਾਅ 'ਤੇ ਹੀ ਮਿਲੇਗਾ।

ਇਸ ਫ਼ੈਸਲੇ ਨਾਲ ਗਾਂ ਦੇ ਦੁੱਧ 'ਤੇ ਕਰੀਬ 2.60 ਰੁਪਏ ਪ੍ਰਤੀ ਕਿੱਲੋ ਅਤੇ ਮੱਝ ਦੇ ਦੁੱਧ 'ਤੇ 3.85 ਰੁਪਏ ਪ੍ਰਤੀ ਕਿੱਲੋ ਦਾ ਵਾਧਾ ਹੋਵੇਗਾ।

ਮੰਗਲਵਾਰ ਇੱਥੇ ਸਕੱਤਰੇਤ 'ਚ ਡੇਅਰੀ ਕਿਸਾਨਾਂ ਦੇ ਵਫ਼ਦ ਵੱਲੋਂ ਸਹਿਕਾਰਤਾ ਮੰਤਰੀ ਹਰਪਾਲ ਸਿੰਘ ਚੀਮਾ ਤੇ ਡੇਅਰੀ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਮੀਟਿੰਗ ਦੌਰਾਨ ਲਗਾਤਾਰ ਵੱਧ ਰਹੀਆਂ ਪਸ਼ੂ ਖੁਰਾਕ ਦੀਆਂ ਕੀਮਤਾਂ ਤੇ ਹੋਰ ਲਾਗਤਾਂ 'ਚ ਹੋ ਰਹੇ ਵਾਧੇ ਨਾਲ ਨਜਿੱਠਣ ਲਈ ਵਿੱਤੀ ਸਹਾਇਤਾ ਦੇਣ ਦੀ ਮੰਗ ਕੀਤੀ ਸੀ। ਮੀਟਿੰਗ 'ਚ ਵਿਸ਼ੇਸ਼ ਮੁੱਖ ਸਕੱਤਰ (ਕੋਆਪਰੇਸ਼ਨ) ਰਵਨੀਤ ਕੌਰ, ਵਧੀਕ ਮੁੱਖ ਸਕੱਤਰ ਵਿੱਤ ਕੇਏਪੀ ਸਿਨਹਾ ਤੇ ਮਿਲਕਫੈੱਡ ਦੇ ਐੱਮਡੀ ਕਮਲਦੀਪ ਸਿੰਘ ਸੰਘਾ ਵੀ ਹਾਜ਼ਰ ਸਨ।

ਸਹਿਕਾਰਤਾ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਜਿਹੀ ਵਿੱਤੀ ਸਹਾਇਤਾ ਪਹਿਲੀ ਵਾਰ ਦਿੱਤੀ ਗਈ ਹੈ ਜਿਸ ਕਰ ਕੇ ਇਹ ਫ਼ੈਸਲਾ ਇਤਿਹਾਸਕ ਹੈ। ਆਉਣ ਵਾਲੇ ਸਮੇਂ 'ਚ ਵੀ ਦੁੱਧ ਉਤਪਾਦਕਾਂ ਤੇ ਖਪਤਕਾਰਾਂ ਦੇ ਹਿੱਤਾਂ ਲਈ ਹੋਰ ਠੋਸ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਮਿਲਕਫੈੱਡ ਵੱਲੋਂ ਦੁੱਧ ਉਤਪਾਦਕਾਂ ਨੂੰ ਹਮੇਸ਼ਾ ਦੁੱਧ ਦੀਆਂ ਉੱਚੀਆਂ ਖ਼ਰੀਦ ਕੀਮਤਾਂ ਦਿੱਤੀਆਂ ਜਾਂਦੀਆਂ ਰਹੀਆਂ ਹਨ, ਖ਼ਾਸ ਕਰਕੇ ਕੋਵਿਡ ਮਹਾਮਾਰੀ ਦੌਰਾਨ ਜਦੋਂ ਪ੍ਰਰਾਈਵੇਟ ਖ਼ਰੀਦਦਾਰਾਂ ਨੇ ਦੁੱਧ ਖ਼ਰੀਦਣਾ ਬੰਦ ਕਰ ਦਿੱਤਾ ਸੀ ਤੇ ਦੁੱਧ ਦੇ ਭਾਅ ਘਟਾ ਦਿੱਤੇ ਸਨ ਤਾਂ ਮਿਲਕਫੈੱਡ ਨੇ ਆਪਣੇ ਸੀਮਤ ਸਾਧਨਾਂ ਦੇ ਬਾਵਜੂਦ ਵੀ ਦੁੱਧ ਉਤਪਾਦਕਾਂ ਨੂੰ ਉਚਿਤ ਦੁੱਧ ਦੇ ਖ਼ਰੀਦ ਭਾਅ ਦਿੱਤੇ।

ਮਿਲਕਫੈੱਡ ਦੇ ਮੈਨੇਜਿੰਗ ਡਾਇਰੈਕਟਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਮਿਲਕਫੈੱਡ ਪੰਜਾਬ ਵੱਲੋਂ ਪਹਿਲਾਂ ਵੀ 1 ਮਾਰਚ ਨੂੰ 20 ਰੁਪਏ ਪ੍ਰਤੀ ਕਿੱਲੋ ਫੈਟ, 1 ਅਪ੍ਰਰੈਲ ਨੂੰ 20 ਰੁਪਏ ਪ੍ਰਤੀ ਕਿੱਲੋ ਫੈਟ ਅਤੇ 21 ਅਪ੍ਰਰੈਲ ਨੂੰ ਦੁੱਧ ਦੀਆਂ ਖ਼ਰੀਦ ਕੀਮਤਾਂ 'ਚ 10 ਰੁਪਏ ਪ੍ਰਤੀ ਕਿੱਲੋ ਫੈਟ ਦਾ ਵਾਧਾ ਕੀਤਾ ਸੀ। ਹੁਣ ਵਧਾਏ ਗਏ 55 ਰੁਪਏ ਦੇ ਖ਼ਰੀਦ ਭਾਅ ਪਿੱਛੋਂ ਕਰੀਬ ਢਾਈ ਮਹੀਨੇ 'ਚ ਹੀ ਕੁੱਲ 105 ਰੁਪਏ ਪ੍ਰਤੀ ਕਿੱਲੋ ਫੈਟ ਦਾ ਵਾਧਾ ਕੀਤਾ ਜਾ ਚੁੱਕਾ ਹੈ।