ਕਿਹਾ, ਪਿੰਡ ਪੱਧਰ ਤੱਕ ਪੁਲਿਸ ਦੀ ਚੌਕਸੀ ਵਧਾ ਕੇ ਨਸ਼ਾ ਵੇਚਣ ਵਾਲਿਆਂ ਨੂੰ ਕੀਤਾ ਜਾਵੇ ਕਾਬੂ

ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਜ਼ਿਲ੍ਹੇ 'ਚੋਂ ਨਸ਼ਿਆ ਦੇ ਮੁਕੰਮਲ ਸਫ਼ਾਏ ਤੇ ਕਾਨੂੰਨ ਤੇ ਵਿਵਸਥਾ ਦੇ ਬਾਕੀ ਮੁੱਦਿਆ ਦੇ ਵਿਸ਼ੇ 'ਤੇ ਅਨਮੋਲ ਗਗਨ ਮਾਨ, ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ, ਨਿਵੇਸ਼ ਪੋ੍ਤਸਾਹਨ, ਲੇਬਰ ਤੇ ਸ਼ਿਕਾਇਤ ਨਿਵਾਰਨ ਮੰਤਰੀ ਵੱਲੋਂ ਐੱਸਐੱਸਪੀ ਦਫ਼ਤਰ ਵਿਖੇ ਜ਼ਿਲ੍ਹੇ ਦੇ ਸਮੂਹ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਜਿਸ 'ਚ ਐੱਸਐੱਸਪੀ ਡਾ.ਸੰਦੀਪ ਗਰਗ ਤੋਂ ਇਲਾਵਾ ਐੱਸਪੀ, ਡੀਐੱਸਪੀ ਅਤੇ ਐੱਸਐੱਚਓ ਪੱਧਰ ਦੇ ਅਧਿਕਾਰੀ ਵੀ ਸ਼ਾਮਲ ਸਨ । ਇਹ ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਅਨਮੋਲ ਗਗਨ ਮਾਨ ਨੇ ਜ਼ਿਲ੍ਹੇ ਦੇ ਕਈ ਪਿੰਡਾਂ 'ਚ ਨਸ਼ੇ ਦੇ ਛੋਟੇ ਵਪਾਰੀਆਂ ਵੱਲੋਂ ਪਿੰਡਾਂ ਦੇ ਮਾਸੂਮ ਨੌਜਵਾਨਾਂ ਨੂੰ ਨਸ਼ਾ ਵੇਚ ਕੇ ਉਨ੍ਹਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰਨ ਦੀਆਂ ਖ਼ਬਰਾਂ ਦਾ ਜ਼ਿਕਰ ਕਰਦਿਆਂ ਪੁਲਿਸ ਅਧਿਕਾਰੀਆਂ ਨੂੰ ਇਹ ਹਦਾਇਤ ਕੀਤੀ ਕਿ ਭਾਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਨਸ਼ੇ ਦੇ ਸੌਦਾਗਰਾਂ ਨੂੰ ਵੱਡੇ ਪੱਧਰ 'ਤੇ ਜੇਲ੍ਹਾਂ ਅੰਦਰ ਡੱਕਿਆ ਗਿਆ ਹੈ। ਪਰ ਅਜੇ ਵੀ ਪਿੰਡਾਂ 'ਚ ਕਈ ਛੋਟੇ-ਛੋਟੇ ਨਸ਼ੇ ਦੇ ਸੌਦਾਗਰ ਨੌਜਵਾਨਾਂ ਨੂੰ ਨਸ਼ਾ ਵੇਚ ਰਹੇ ਹਨ ।

ਉਨ੍ਹਾਂÎ ਕਿਹਾ ਕਿ ਪੁਲਿਸ ਵੱਲੋਂ ਪਿੰਡ ਪੱਧਰ ਤੱਕ ਆਪਣਾ ਨੈਟਵਰਕ ਹੋਰ ਮਜ਼ਬੂਤ ਕੀਤਾ ਜਾਵੇ ਤੇ ਚੌਕਸੀ ਵਧਾ ਕਿ ਇਨ੍ਹਾਂ ਨਸ਼ੇ ਦੇ ਸੌਦਾਗਰਾਂ ਨੂੰ ਵੀ ਛੇਤੀ ਫੜਿਆ ਜਾਵੇ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਥਾਣਿਆ 'ਚ ਆਪਣੀਆਂ ਦਰਖ਼ਾਸਤਾਂ ਲੈ ਕੇ ਪਹੁੰਚਣ ਵਾਲੇ ਲੋਕਾਂ ਨਾਲ ਹਲੀਮੀ ਨਾਲ ਪੇਸ਼ ਆਉਣਾ ਚਾਹੀਦਾ ਹੈ ਤਾਂ ਜੋ ਪ੍ਰਸ਼ਾਸਨ ਦਾ ਜਨਤਾ ਨਾਲ ਵਧੀਆ ਤਾਲਮੇਲ ਬਣਿਆ ਰਹੇ।

ਕੈਬਨਿਟ ਮੰਤਰੀ ਵੱਲੋਂ ਜ਼ਿਲ੍ਹੇ ਪੁਲਿਸ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ। ਜਿਨ੍ਹਾਂ ਪਿਛਲੇ ਕੁੱਝ ਸਮੇਂ 'ਚ ਵੱਡੇ ਗੈਗਸਟਰਾਂ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਿਲ ਕੀਤੀ ਹੈ। ਇਸ ਮੌਕੇ ਡਾ. ਸੰਦੀਪ ਗਰਗ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਕੈਬਨਿਟ ਮੰਤਰੀ ਨੂੰ ਭਰੋਸਾ ਦਿੱਤਾ ਗਿਆ ਕਿ ਅੱਗੇ ਵੀ ਜ਼ਿਲ੍ਹਾ ਪੁਲਿਸ ਫੋਰਸ ਪੂਰੀ ਚੌਕਸੀ ਨਾਲ ਕੰਮ ਕਰਦੀ ਰਹੇਗੀ। ਇਸ ਮੌਕੇ ਐੱਸਪੀ(ਆਰ) ਨਵਰੀਤ ਸਿੰਘ ਵਿਰਕ, ਡੀਐੱਸਪੀ ਖਰੜ-2 ਧਰਮਵੀਰ ਸਿੰਘ, ਡੀਐੱਸਪੀ ਖਰੜ-1 ਰੁਪਿੰਦਰ ਕੌਰ ਸੋਹੀ ਤੋਂ ਇਲਾਵਾ ਹੋਰ ਥਾਣਿਆਂ ਦੇ ਮੁੱਖ ਅਫ਼ਸਰ ਮੌਜੂਦ ਸਨ।